ਸਥਾਨਕ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਦੋ ਪੁਲਿਸ ਅਧਿਕਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਹੈ। ਬੈਂਸ ਨੇ ਪੂਰੇ ਮਾਮਲੇ ਦਾ ਵੀਡੀਓ ਫੇਸਬੁੱਕ ‘ਤੇ ਲਾਈਵ ਕੀਤਾ ਸੀ, ਜੋ ਵਾਇਰਲ ਹੋ ਚੁੱਕਾ ਹੈ।

ਲੁਧਿਆਣਾ ਵਿੱਚ ਬਿਜਲੀ ਦੀ ਚੋਰੀ ਮਾਮਲਿਆਂ ਦੇ ਹੱਲ ਲਈ ਪੁਲਿਸ ਵੱਲੋਂ ਵਿਸ਼ੇਸ਼ ਥਾਣਾ ਪਾਵਰ ਥੈਫਟ ਗਠਿਤ ਕੀਤਾ ਗਿਆ ਹੈ। ਇਸੇ ਥਾਣੇ ਨਾਲ ਸਬੰਧਤ ਸਬ-ਇੰਸਪੈਕਟਰ ਤੇ ਸਹਾਇਕ ਸਬ-ਇੰਸਪੈਕਟਰ ਵੱਲੋਂ ਇੱਕ ਦੁਕਾਨਦਾਰ ਤੋਂ ਬਿਜਲੀ ਚੋਰੀ ਦੇ ਕੇਸ ਨੂੰ ਰਫਾ ਦਫਾ ਕਰਨ ਲਈ 5 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ।

ਦੁਕਾਨਦਾਰ ਨੇ ਪੁਲਿਸ ਨੂੰ ਦਿੱਤੇ ਨੋਟਾਂ ਦੇ ਲੜੀ ਨੰਬਰ ਪਹਿਲਾਂ ਹੀ ਨੋਟ ਕਰ ਲਏ ਸਨ ਤੇ ਵਿਧਾਇਕ ਦੇ ਸਾਹਮਣੇ ਇਹ ਪੁਲਿਸ ਵਾਲਿਆਂ ਦੀ ਕਾਰ ਵਿੱਚੋਂ ਬਰਾਮਦ ਕਰਵਾਏ। ਪੀੜਤ ਦੁਕਾਨਦਾਰ ਨੇ ਇਸ ਬਾਰੇ ਵਿਧਾਇਕ ਸਿਮਰਨਜੀਤ ਬੈਂਸ ਨੂੰ ਦੱਸਿਆ ਤੇ ਉਨ੍ਹਾਂ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦੁਕਾਨਦਾਰ ਦੇ ਪੈਸੇ ਵਾਪਸ ਕਰਵਾਏ। ਕੁਝ ਘੰਟੇ ਪਹਿਲਾਂ ਵਾਪਰੀ ਇਸ ਘਟਨਾ ਦਾ ਵੀਡੀਓ ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਗਿਆ ਹੈ।
ਦੁਕਾਨਦਾਰ ਨੇ ਦੱਸਿਆ ਕਿ ਜਿਸ ਦੁਕਾਨ ਤੋਂ ਬਿਜਲੀ ਚੋਰੀ ਦਾ ਕੇਸ ਦਰਜ ਕੀਤਾ ਹੋਇਆ ਸੀ, ਉਸ ਨੂੰ ਉਸ ਨੇ 10 ਮਹੀਨੇ ਪਹਿਲਾਂ ਹੀ ਛੱਡ ਦਿੱਤਾ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਬਿਜਲੀ ਮਹਿਕਮੇ ਤੇ ਦੁਕਾਨ ਦੇ ਮਾਲਕ ਵੱਲੋਂ ਇਸ ਕੇਸ ਬਾਰੇ ਕੋਈ ਵੀ ਸੂਚਨਾ ਨਹੀਂ ਮਿਲੀ ਹੈ। ਸਿਰਫ ਉਕਤ ਪੁਲਿਸ ਮੁਲਾਜ਼ਮਾਂ ਨੇ ਹੀ ਉਸ ਨੂੰ ਕੇਸ ਦਰਜ ਹੋਣ ਤੇ 42 ਹਜ਼ਾਰ ਰੁਪਏ ਜੁਰਮਾਨਾ ਹੋਣ ਦੀ ਗੱਲ ਕਹੀ ਤੇ ਸੈਟਲਮੈਂਟ ਕਰਨ ਲਈ ਕਿਹਾ।
ਅਜਿਹੇ ਮਾਮੇਲ ਤੋਂ ਬਾਅਦ ਲੁਧਿਆਣਾ ਪੁਲਿਸ ‘ਤੇ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਲੁਧਿਆਣਾ ਦੇ ਪੁਲਿਸ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਸੀ।
Sikh Website Dedicated Website For Sikh In World