ਸਿੱਖ ਕੌਮ ਉਸ ਫੌਲਾਦ ਦੀ ਉਪਜ ਹੈ, ਜਿਸ ਨੂੰ ਸੈਂਕੜੇ ਵਰ੍ਹੇ ਕੁਠਾਲੀ ਵਿਚ ਪਾ ਕੇ ਅਤੇ ਮਘਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਫਿਰ ਸਮੇਂ-ਸਮੇਂ ਸਿਰ ਇਸ ਦੀ ਸ਼ਕਤੀ ਤੇ ਸ਼ੁੱਧਤਾ ਨੂੰ ਪਰਖਿਆ ਗਿਆ ਹੈ- ਮੌਤ ਦਾ ਉਹ ਕਿਹੜਾ ਢੰਗ ਹੋਵੇਗਾ, ਜੋ ਸਮੇਂ ਦੇ ਜਾਬਰ ਹੁਕਮਰਾਨਾਂ ਵੱਲੋਂ ਸਿੱਖਾਂ ’ਤੇ ਨਾ ਅਜ਼ਮਾਇਆ ਗਿਆ ਹੋਵੇ। ਇਸ ਤਰ੍ਹਾਂ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦੀਆਂ ਉਪਰੋਥਲੀ ਵਾਪਰੀਆਂ ਘਟਨਾਵਾਂ ਨੇ ਭਾਰਤੀ ਕੌਮ ਰੂਪੀ ਜੰਗਾਲ ਲੱਗੇ ਲੋਹੇ ਨੂੰ ਫੌਲਾਦ ਵਿਚ ਬਦਲ ਕੇ ਬੇਹੱਦ ਸ਼ਕਤੀਸ਼ਾਲੀ ਬਣਾ ਦਿੱਤਾ। ਜਾਂ ਇਉਂ ਕਹਿ ਲਵੋ ਕਿ ਤੱਤੀਆਂ ਤਵੀਆਂ ਨੇ, ਉੱਬਲਦੀਆਂ ਦੇਗਾਂ ਨੇ, ਆਰਿਆਂ ਦਿਆਂ ਦੰਦਿਆਂ ਨੇ, ਚਰਖੜੀਆਂ ਦਿੰਦਿਆਂ ਹੁਲਾਰਿਆਂ ਨੇ, ਰੰਬੀਆਂ ਦੀਆਂ ਧਾਰਾਂ ਨੇ, ਸਰਹਿੰਦ ਦੀਆਂ ਨੀਹਾਂ ਨੇ, ਚਮਕੌਰ ਵਰਗੀਆਂ ਬੇਜੋੜ ਜੰਗਾਂ ਨੇ, ਭਖਦੇ ਹੋਏ ਲਾਲ ਗਰਮ ਜੰਬੂਰਾਂ ਨੇ ਅਤੇ ਕੱਟੜਵਾਦੀਆਂ ਵੱਲੋਂ ਸਮੇਂ-ਸਮੇਂ ਸਿਰ ਖੇਡੀ ਖੂਨ ਦੀ ਹੋਲੀ ਨੇ ਸਿੱਖਾਂ ਵਿਚ ਸਵੈਮਾਨਤਾ, ਬੀਰ ਰਸ, ਚੜ੍ਹਦੀ ਕਲਾ ਅਤੇ ਸੱਚ ਤੇ ਹੱਕ ਦਾ ਜਜ਼ਬਾ ਪੈਦਾ ਕੀਤਾ ਅਤੇ ਉਨ੍ਹਾਂ ਵਿਚ ਨਵੀਂ ਚੇਤਨਾ ਭਰ ਕੇ ਨਵ-ਜੀਵਨ ਬਖਸ਼ਿਆ, ਸਹੀ ਜੀਵਨ-ਜਾਚ ਦੱਸੀ ਅਤੇ ਅਣਖ ਨਾਲ ਜਿਊਣਾ ਤੇ ਮਰਨਾ ਸਿਖਾਇਆ। ਇਸ ਤਰ੍ਹਾਂ ਪਿਛਲੇ ਤਿੰਨ ਸੌ ਸਾਲਾਂ ਦਾ ਸਿੱਖ ਇਤਿਹਾਸ ਲਹੂ ਨਾਲ ਲਥਪਥ ਹੈ, ਜਾਂ ਕਹਿ ਲਵੋ ਕਿ ਸਿੱਖਾਂ ਨੇ ਇਤਿਹਾਸ ਦੇ ਹਰ ਅੰਗ ਨੂੰ ਆਪਣੇ ਲਹੂ ਨਾਲ ਸ਼ਿੰਗਾਰਿਆ ਹੈ। ਸਾਕਾ ਸਰਹਿੰਦ ਇਸ ਸ਼ਿੰਗਾਰ ਲੜੀ ਦਾ ਸਭ ਤੋਂ ਵੱਧ ਕੀਮਤੀ ਮਣਕਾ ਹੈ।
ਜਿਸ ਕਿਸੇ ਨੇ ਵੀ ਸਿੱਖ ਇਤਿਹਾਸ ਨੂੰ ਗਹੁ ਨਾਲ ਪੜ੍ਹਿਆ, ਘੋਖਿਆ ਤੇ ਵਿਚਾਰਿਆ ਹੈ, ਉਹ ਇਸ ਤੱਥ ਤੋਂ ਬਾਖੂਬੀ ਵਾਕਿਫ ਹੋਵੇਗਾ ਕਿ ਪਿਛਲੇ ਤਿੰਨ ਸੌ ਸਾਲਾਂ ਦੌਰਾਨ ਜੋ ਤਸੀਹੇ ਤੇ ਤਬਾਹੀ ਦੇ ਤੂਫਾਨ ਸਿੱਖਾਂ ਨੇ ਆਪਣੇ ‘ਨੰਗੇ ਪਿੰਡੇ’ ’ਤੇ ਹੰਢਾਏ ਹਨ, ਉਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ (ਸਾਕਾ ਸਰਹਿੰਦ) ਵਿਸ਼ੇਸ਼ ਇਤਿਹਾਸਕ ਮਹੱਤਵ ਰੱਖਦੀ ਹੈ, ਕਿਉਂਕਿ ਇਸ ਘਟਨਾ ਨੇ ਸਿੱਖ ਸੋਚ ਤੇ ਫਲਸਫੇ ਨੂੰ ਨਵੀਆਂ-ਨਕੋਰ ਸੇਧਾਂ ਦਿੱਤੀਆਂ ਅਤੇ ਮੁਗਲਾਂ ਦੀ ਤਬਾਹੀ ਲਈ ਰਾਹ ਪੱਧਰਾ ਕੀਤਾ। ਇਤਿਹਾਸ ਗਵਾਹ ਹੈ ਕਿ ਸਾਕਾ ਸਰਹਿੰਦ ਦੀ ਕੁੱਖ ਵਿਚੋਂ ਇਕ ਉੱਦਮੀ, ਉਤਸ਼ਾਹੀ, ਸਿਦਕੀ ਤੇ ਆਤਮ-ਵਿਸ਼ਵਾਸੀ ਕੌਮ ਦਾ ਜਨਮ ਹੋਇਆ, ਜਾਂ ਇਉਂ ਕਹਿ ਲਵੋ ਕਿ ਸ਼ਹਾਦਤ ਦੀ ਇਸ ਅਦੁੱਤੀ ਘਟਨਾ ਨੇ ਕੌਮ ਦੀਆਂ ਰਗਾਂ ਵਿਚ ਬਾਰੂਦੀ ਸ਼ਕਤੀ ਦਾ ਸੰਚਾਰ ਕੀਤਾ ਅਤੇ ਦੇਸ਼ ਤੇ ਕੌਮ ਦੀ ਤਕਦੀਰ ਤੇ ਤਸਵੀਰ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਸਾਕਾ ਸਰਹਿੰਦ ਦੀ ਹੀ ਦੇਣ ਹੈ ਕਿ ਜਦੋਂ ਵੀ ਸਿੱਖ ਕੌਮ ਦੇ ਸਿਰ ’ਤੇ ਮੁਸੀਬਤਾਂ ਦੇ ਝੱਖੜ ਝੁੱਲੇ, ਕਾਲੀਆਂ-ਬੋਲੀਆਂ ਹਨੇਰੀਆਂ ਦੇ ਝਾਂਜੇ ਵਗੇ, ਕਹਿਰ ਬਰਸਾਉਂਦੀਆਂ ਅਸਮਾਨੀ ਬਿਜਲੀਆਂ ਡਿੱਗੀਆਂ ਅਤੇ ਧਾਰਮਿਕ ਕੱਟੜਵਾਦ ਨੇ ਮੌਤ ਦਾ ਨੰਗਾ ਨਾਚ ਨੱਚਿਆ ਤਾਂ ਸਿੱਖ ਕੌਮ ਦਾ ਚਿਹਰਾ ਸਾਬਤ ਸੂਰਤ ਅਤੇ ਪਿੰਡਾ ਪਹਿਲਾਂ ਨਾਲੋਂ ਵੀ ਵੱਧ ਨਿੱਖਰ ਕੇ ਸਾਹਮਣੇ ਆਇਆ। ਗੱਲ ਕੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖਾਂ ਲਈ ਸ਼ਕਤੀ ਦਾ ਇਕ ਸੋਮਾ ਹੋ ਨਿੱਬੜੀ। ਦੂਜਾ, ਇਸ ਘਟਨਾ ਨੇ ਸਿੱਖਾਂ ਨੂੰ ਸਹਿਣਸ਼ੀਲਤਾ ਤੇ ਠਰੰ੍ਹਮੇ ਤੋਂ ਕੰਮ ਲੈਂਦਿਆਂ, ਲੰਮੀ ਲੜਾਈ ਲੜਨ ਦੀ ਜਾਚ ਸਿਖਾਈ ਅਤੇ ‘‘ਨਿਸਚੈ ਕਰ ਆਪਨੀ ਜੀਤ ਕਰੋ’’ ਦਾ ਸਬਕ ਕੰਠ ਕਰਵਾਇਆ। ਤੁਸੀਂ ਵੇਖੋਗੇ ਕਿ ਸਾਕਾ ਸਰਹਿੰਦ ਤੋਂ ਥੋੜ੍ਹੇ ਅਰਸੇ ਬਾਅਦ ਹੀ ਜਦੋਂ ਸਿੱਖ ਹੱਥਾਂ ਵਿਚ ਸ਼ਮਸ਼ੀਰ ਲੈ ਕੇ ਮੈਦਾਨ ਵਿਚ ਨਿੱਤਰੇ ਤਾਂ ਤਖ਼ਤਾਂ ਤੇ ਤਾਜਾਂ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ। ਖ਼ੈਰ!
ਆਓ! ਇਤਿਹਾਸ ਦੀਆਂ ਗਲੀਆਂ ਵਿਚ ਘੁੰਮਦਿਆਂ ਅਤੇ ਇਤਿਹਾਸਕ ਦਸਤਾਵੇਜ਼ਾਂ ਦੇ ਅੰਗ-ਸੰਗ ਤੁਰਦਿਆਂ, ਸਾਕਾ ਸਰਹਿੰਦ ਦੇ ਵੱਖ-ਵੱਖ ਪਹਿਲੂਆਂ ’ਤੇ ਝਾਤ ਮਾਰਦਿਆਂ, ਉਸ ਸਥਾਨ ’ਤੇ ਪਹੁੰਚੀਏ ਜਿਥੇ ਬਾਬਾ ਬੰਦਾ ਸਿੰਘ ਬਹਾਦਰ, ਸਾਕਾ ਸਰਹਿੰਦ ਦੇ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਸਿੱਖ ਰਾਜ ਦਾ ਨੀਂਹ-ਪੱਥਰ ਗੱਡਦਾ ਹੈ, ਯਾਨੀ ਨਵੇਂ ਇਤਿਹਾਸ ਦੀ ਸਿਰਜਣਾ ਕਰਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਹਿ ਸਿੰਘ (7 ਸਾਲ) ਨੂੰ ਸਰਹਿੰਦ ਵਿਖੇ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰਨ ਦੀ ਮੰਦਭਾਗੀ ਘਟਨਾ, ਮੁਗਲ ਹਕੂਮਤ ਵੱਲੋਂ ਤਾਕਤ ਦੇ ਨਸ਼ੇ ਵਿਚ ਕੀਤੀ ਇਕ ਅਜਿਹੀ ਬੱਜਰ ਗਲਤੀ ਸੀ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਮਿਲਣੀ ਔਖੀ ਹੈ। ਜੇਮਜ਼ ਬ੍ਰਾਊਨ ਲਿਖਦਾ ਹੈ ਕਿ ‘‘ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉਤੇ ਢਾਹੇ ਜ਼ੁਲਮਾਂ ਦੀਆਂ ਸਾਰੀਆਂ ਮਿਸਾਲਾਂ ਵਿਚੋਂ ਇਹ (ਸਾਕਾ ਸਰਹਿੰਦ) ਸਭ ਤੋਂ ਜ਼ਿਆਦਾ ਕਠੋਰ ਉਪੱਦਰ ਅਤੇ ਨਿਰਦਈ ਅੱਤਿਆਚਾਰ ਹੈ। ਨਿਰਬਲ ਅਤੇ ਨਿਹੱਥੀਆਂ ਇਸਤਰੀਆਂ ਅਤੇ ਬੱਚੇ ਆਮ ਤੌਰ ’ਤੇ ਧਾਰਮਿਕ ਕਰੋਧ ਤੋਂ ਬਚੇ ਰਹਿੰਦੇ ਹਨ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਜੇਕਰ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਵੀ ਇਤਨਾ ਹੀ ਸਖਤ ਸੀ।’’ ਜੇਮਜ਼ ਬ੍ਰਾਊਨ ਨੇ ਇਸ ਘਟਨਾ ਪ੍ਰਤੀ ਸਿੱਖਾਂ ਦੀ ਲੀਰੋ-ਲੀਰ ਹੋਈ ਮਾਨਸਿਕਤਾ ਦਾ ਸਹੀ ਵਿਸ਼ਲੇਸ਼ਣ ਕੀਤਾ ਹੈ। ਇਸ ਤਰ੍ਹਾਂ ਸੁਭਾਵਿਕ ਹੀ ਸੀ ਕਿ ਸ਼ਹਾਦਤ ਦੀ ਇਸ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਸਿੱਖਾਂ ਦੇ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਨਫਰਤ ਦੀ ਅੱਗ ਭੜਕ ਉੱਠੀ ਅਤੇ ਸਿੱਖਾਂ ਦੇ ਸੰਘਰਸ਼ ਨੇ ਇਕ ´ਾਂਤੀਕਾਰੀ ਲਹਿਰ ਅਤੇ ਜ਼ੁਲਮ ਵਿਰੁੱਧ ਉੱਠੇ ਇਨਕਲਾਬ ਦਾ ਰੂਪ ਧਾਰਨ ਕਰ ਲਿਆ। ਇਸ ਘਟਨਾ ਦੇ ਸਿੱਖ ਮਨਾਂ ’ਤੇ ਉੱਕਰੇ ਗੂੜ੍ਹੇ ਜ਼ਖਮਾਂ ਦੀ ਚੀਸ ਨੂੰ ਅੱਜ ਵੀ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ਵਿਚ ਉਭਰ ਆਉਂਦਾ ਹੈ, ਯਾਨੀ ਸਰਹਿੰਦ ਦੀ ‘ਖੂਨੀ ਦੀਵਾਰ’ ਸਾਡੀ ਚੇਤਨਾ ਦਾ ਵਿਹੜਾ ਮੱਲ ਖਲੋਂਦੀ ਹੈ। ਫਿਰ ਇਸ ਦੁਖਾਂਤ ਤੋਂ ਉਪਜਿਆ ਦਰਦ, ਜੋ ਹਰ ਪੰਜਾਬੀ ਨੂੰ ਪੀੜ੍ਹੀ-ਦਰ-ਪੀੜ੍ਹੀ ਵਿਰਾਸਤ ਵਿਚ ਮਿਲਦਾ ਹੈ, ਇਕ ਲੰਮਾ ਹਉਕਾ ਬਣ ਕੇ ਹਿੱਕ ਨੂੰ ਚੀਰਦਾ ਹੋਇਆ ਬਾਹਰ ਨਿਕਲ ਜਾਂਦਾ ਹੈ। ਦਰਅਸਲ, ਇਸ ਅੱਤਿਆਚਾਰ ਪ੍ਰਤੀ ਗੁੱਸੇ ਤੇ ਨਫਰਤ ਦੀ ਲਾਟ ਜੀਵਨ ਭਰ ਹਰ ਸਿੱਖ ਦੇ ਸੀਨੇ ਵਿਚ ਬਲਦੀ ਰਹਿੰਦੀ ਹੈ। ਸ਼ਾਇਦ, ਸਿੱਖ ਹਿਰਦਿਆਂ ਅੰਦਰ ਨਿਰੰਤਰ ਬਲਦੀ ਇਸ ਲਾਟ ਸਦਕਾ ਹੀ ਸਿੱਖ ਇਤਿਹਾਸ, ਅਣਮਨੁੱਖੀ ਕਾਰੇ ਕਰਨ ਵਾਲਿਆਂ ਨੂੰ ਕਦੇ ਨਹੀਂ ਬਖਸ਼ਦਾ। ਖ਼ੈਰ!
ਆਓ! ਸਾਕਾ ਸਰਹਿੰਦ ਅਤੇ ਇਸ ਨਾਲ ਜੁੜੀਆਂ ਮਹੱਤਵਪੂਰਨ ਘਟਨਾਵਾਂ ਨੂੰ ਇਕ ਸਿਲਸਿਲੇਵਾਰ ਢੰਗ ਨਾਲ ਵਿਚਾਰੀਏ। ਸਾਕਾ ਸਰਹਿੰਦ ਦੀ ਲੜੀ, ਗੁਰੂ ਗੋਬਿੰਦ ਸਿੰਘ ਵੱਲੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਨਾਲ ਸ਼ੁਰੂ ਹੁੰਦੀ ਹੈ। ਗੁਰੂ ਸਾਹਿਬ ਨੇ 21 ਦਸੰਬਰ, 1704 ਈ. ਨੂੰ ਆਪਣੇ ਪਰਿਵਾਰ ਅਤੇ ਲਗਪਗ 1500 ਸਿੱਖਾਂ ਸਮੇਤ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਰੋਪੜ ਵੱਲ ਕੂਚ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ’ਤੇ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਘਮਸਾਨ ਦਾ ਯੁੱਧ ਹੋਇਆ। ਇਸ ਮੌਕੇ, ਮਾਤਾ ਗੁਜਰੀ (ਗੁਰੂ ਸਾਹਿਬ ਦੇ ਮਾਤਾ ਜੀ) ਅਤੇ ਦੋ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਿਹ ਸਿੰਘ (7 ਸਾਲ) ਵਹੀਰ ਨਾਲੋਂ ਨਿਖੜ ਜਾਂਦੇ ਹਨ। ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ (ਨੇੜੇ ਮੋਰਿੰਡਾ) ਵਿਖੇ ਆਪਣੇ ਘਰ ਲੈ ਗਿਆ। ਇਥੋਂ, ਮੋਰਿੰਡੇ ਦਾ ਕੋਤਵਾਲ, ਮਾਤਾ ਗੁਜਰੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ 23 ਦਸੰਬਰ, 1704 ਨੂੰ ਸਰਹਿੰਦ ਦੇ ਸੂਬੇਦਾਰ, ਵਜ਼ੀਰ ਖਾਂ ਦੇ ਹਵਾਲੇ ਕਰ ਦਿੰਦਾ ਹੈ। ਇਨ੍ਹਾਂ ਤਿੰਨਾਂ ਸ਼ਾਹੀ ਕੈਦੀਆਂ ਨੂੰ ਅਗਲੀ ਕਾਰਵਾਈ ਤੱਕ ਠੰਢੇ ਬੁਰਜ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
24 ਦਸੰਬਰ ਨੂੰ ਸਾਹਿਬਜ਼ਾਦਿਆਂ ਨੂੰ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਅਤੇ ਸ਼ਾਹੀ ਠਾਠ-ਬਾਠ ਦੀ ਜ਼ਿੰਦਗੀ ਬਤੀਤ ਕਰਨ ਦੀ ਪੇਸ਼ਕਸ਼ ਕੀਤੀ। ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ।
25 ਦਸੰਬਰ ਨੂੰ ਸਾਹਿਬਜ਼ਾਦਿਆਂ ਨੂੰ ਮੁੜ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਫਿਰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਪਰ ਸਾਹਿਬਜ਼ਾਦਿਆਂ ਨੇ ਸਪੱਸ਼ਟ ਸ਼ਬਦਾਂ ਵਿਚ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਉਹ ਆਪਣੇ ਧਰਮ ਨੂੰ ਆਪਣੀ ਜਾਨ ਦੀ ਨਕਦੀ ਨਾਲ ਨਹੀਂ ਵੇਚਣਾ ਚਾਹੁੰਦੇ। ਕੋਈ ਵਾਹ ਨਾ ਚਲਦੀ ਵੇਖ ਕੇ ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰਨ ਦਾ ਮੰਦਭਾਗੀ ਫੈਸਲਾ ਆਖਰ ਦੇ ਹੀ ਦਿੱਤਾ (ਅਤੇ ਨਾਲ ਹੀ ਆਪਣੀ ਮੌਤ ਦੇ ਵਰੰਟਾਂ ’ਤੇ ਵੀ ਹਸਤਾਖਰ ਕਰ ਦਿੱਤੇ)। ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਇਸ ਫੈਸਲੇ ’ਤੇ ਅਸਹਿਮਤੀ ਪ੍ਰਗਟ ਕਰਦਿਆਂ ‘ਹਾਅ ਦਾ ਨਾਅਰਾ’ ਮਾਰਿਆ, ਜਿਸ ਲਈ ਸਿੱਖ ਉਸ ਦੇ ਸਦਾ ਰਿਣੀ ਰਹਿਣਗੇ।
ਅੰਤ, ਉਹ ਕੁਲਹਿਣੀ ਘੜੀ ਆਣ ਪਹੁੰਚੀ, ਜਿਸ ਬਾਰੇ ਕਿਸੇ ਉਰਦੂ ਸ਼ਾਇਰ ਦੀ ਜ਼ੁਬਾਨੀ ਕਿਹਾ ਜਾ ਸਕਦਾ ਹੈ:
‘‘ਯਹ ਦੌਰ ਭੀ ਦੇਖਾ ਹੈ, ਤਾਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।’’
ਮਾਸੂਮ ਜਿੰਦਾਂ ਨੂੰ ਕੰਧ ਵਿਚ ਚਿਣਵਾਇਆ ਜਾਣ ਲੱਗਾ। ਜਦੋਂ ਕੰਧ ਛਾਤੀ ਤੱਕ ਅੱਪੜ ਗਈ ਤਾਂ ਆਰਜ਼ੀ ਢਾਂਚਾ ਧੜੱਮ ਡਿੱਗ ਪਿਆ ਅਤੇ ਸਾਹਿਬਜ਼ਾਦਿਆਂ ਨੂੰ ਇੱਟਾਂ ਵਿਚੋਂ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਗਿਆ। ਪ੍ਰਸਿੱਧ ਵਿਦਵਾਨ ਤੇ ਖੋਜੀ ਪ੍ਰੋ. ਹਰਬੰਸ ਸਿੰਘ, ਆਪਣੀ ਪੁਸਤਕ, ‘ਗੁਰੂ ਗੋਬਿੰਦ ਸਿੰਘ’ ਦੇ ਪੰਨਾ 121 ’ਤੇ ਲਿਖਦਾ ਹੈ ਕਿ ‘‘ਇਸੇ ਬੇਹੋਸ਼ੀ ਦੀ ਹਾਲਤ ਵਿਚ ਸਾਹਿਬਜ਼ਾਦਿਆਂ ਨੂੰ ਵਾਪਸ ਜੇਲ੍ਹ ਵਿਚ ਲਿਜਾਇਆ ਗਿਆ, ਜਿਥੇ ਕੁਝ ਸਮੇਂ ਬਾਅਦ ਉਹ ਹੋਸ਼ ਵਿਚ ਆ ਗਏ।’’
26 ਦਸੰਬਰ ਨੂੰ ਚੁੱਪ ਵਰਤੀ ਰਹੀ।
27 ਦਸੰਬਰ ਨੂੰ ਤੀਜੀ ਤੇ ਅੰਤਮ ਪੇਸ਼ੀ ਵੇਲੇ ਵੀ ਇਸਲਾਮ ਕਬੂਲ ਕਰਨ ਦੀ ਉਹੋ ਰਟ ਦੁਹਰਾਈ ਗਈ, ਪਰ ਸਾਹਿਬਜ਼ਾਦੇ ਸ਼ਾਂਤ ਤੇ ਅਡੋਲ ਰਹੇ। ਅੰਤ, ਸੂਬੇਦਾਰ ਨੇ ਆਪਣੀ ‘ਹਾਰ ਕਬੂਲ ਕਰਦਿਆਂ’ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਦੇ ਦਿੱਤਾ। ਸਮਾਣੇ ਦੇ ਜੱਲਾਦਾਂ, ਸਾਸ਼ਲ ਬੇਗ ਤੇ ਬਾਸ਼ਲ ਬੇਗ ਨੇ, ਉਮਰ ਦੇ ਲਿਹਾਜ਼ ਨਾਲ, ਵਾਰੀ-ਵਾਰੀ ਸਾਹਿਬਜ਼ਾਦਿਆਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ ਅਤੇ ਨਾਲ ਹੀ ਮੁਗਲ ਹਕੂਮਤ ਦੀਆਂ ਜੜ੍ਹਾਂ ’ਤੇ ਦੋ ਮਾਰੂ ਟੱਕ ਵੀ ਮਾਰ ਦਿੱਤੇ। ਬਹੁ-ਸੰਮਤੀ ਇਤਿਹਾਸਕਾਰ ਉਕਤ ਤੱਥ ਦੀ ਪੁਸ਼ਟੀ ਕਰਦੇ ਹਨ। ਸਿੱਖ ਪੰਥ ਦਾ ਮਹਾਨ ਵਿਦਵਾਨ ਰਤਨ ਸਿੰਘ ਭੰਗੂ, ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦਾ ਹੈ:
ਦੈ ਗੋਡੇ ਹੇਠ, ਕਰ ਜ਼ਿਬਹ ਡਾਰੋ।।
ਤੜਫ ਤੜਫ ਗਈ ਜਿੰਦ ਉਡਾਇ।।
(‘ਜ਼ਿਬਹ’, ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਛੁਰੀ ਨਾਲ ਹਲਾਲ ਕਰਨਾ।) ਮੁੱਕਦੀ ਗੱਲ, ਸਾਹਿਬਜ਼ਾਦਿਆਂ ਨੂੰ ਕਿਸੇ ਤੇਜ਼ ਧਾਰ ਹਥਿਆਰ ਨਾਲ ਸ਼ਹੀਦ ਕੀਤਾ ਗਿਆ। ਸੋ, ਇਹ ਧਾਰਨਾ ਬੇਬੁਨਿਆਦ ਹੈ ਕਿ ਸਾਹਿਬਜ਼ਾਦੇ, ਦੀਵਾਰ ਵਿਚ ਚਿਣਵਾਏ ਜਾਣ ਦੇ ਸਿੱਟੇ ਵਜੋਂ ਦਮ ਘੁਟਣ ਕਾਰਨ ਸ਼ਹੀਦ ਹੋ ਗਏ ਸਨ।
ਮਾਤਾ ਗੁਜਰੀ ਬਿਰਧ ਅਵਸਥਾ ਕਾਰਨ ਇਹ ਸਦਮਾ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਅਤੇ ਮੁੜ ਹੋਸ਼ ਵਿਚ ਨਾ ਆਏ। ਗੁਰੂ ਘਰ ਦੇ ਉਪਾਸ਼ਕ ਦੀਵਾਨ ਟੋਡਰ ਮੱਲ ਨੇ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਦਾ ਅੰਤਮ ਸਸਕਾਰ ਕਰਨ ਦਾ ਪ੍ਰਬੰਧ ਕੀਤਾ।
ਨਵੇਂ ਇਤਿਹਾਸ ਦੀ ਸਿਰਜਣਾ: ਇਹ ਸਾਕਾ ਸਰਹਿੰਦ ਦਾ ਹੀ ਪ੍ਰਤੀਕਰਮ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ, ਦੋਸ਼ੀਆਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਣ ਲਈ ਪੰਜਾਬ ਦੇ ਇਤਿਹਾਸਕ ਰੰਗ-ਮੰਚ ’ਤੇ ਅਚਾਨਕ ਇਕ ਨਾਇਕ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ। ਜਿੱਤਾਂ ਦੇ ਇਕ ਲੰਮੇ ਸਿਲਸਿਲੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਤਮਾਂ ਦੀ ਨਗਰੀ-ਸਰਹਿੰਦ ਵੱਲ ਵਾਗਾਂ ਮੋੜੀਆਂ। 12 ਮਈ, 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿਚ ਇਕ ਫੈਸਲਾਕੁੰਨ ਯੁੱਧ ਹੋਇਆ। ਇਸ ਯੁੱਧ ਵਿਚ ਸਾਕਾ ਸਰਹਿੰਦ ਦਾ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ ਅਤੇ ਮੈਦਾਨ ਸਿੱਖਾਂ ਦੇ ਹੱਥ ਆਇਆ। 14 ਮਈ, 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖਲ ਹੋਏ।
ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ। ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਥੋਂ ਹੀ ਗੁਰੂ ਸਾਹਿਬਾਨ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ। ਇਸ ਤਰ੍ਹਾਂ ਇਕ ‘ਬਚੂੰਗੜੀ’ ਕੌਮ ਨੇ ਅਚਾਨਕ ਕੱਦ ਕੱਢਿਆ ਅਤੇ ਭਾਰਤ ਦੇ ਨਕਸ਼ੇ ’ਤੇ ਪਹਿਲੀ ਵੇਰ ਇਕ ਰਾਜਸੀ ਤਾਕਤ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ। ਜ਼ਾਹਿਰ ਹੈ, ਸਰਹਿੰਦ ਦੀ ‘ਖੂਨੀ ਦੀਵਾਰ’ ਸਿੱਖ ਰਾਜ ਦਾ ਨੀਂਹ ਪੱਥਰ ਸਾਬਤ ਹੋਈ। ਗੱਲ ਨੂੰ ਸਮੇਟਦਿਆਂ, ਜ਼ਰਾ ਧਿਆਨ ਦੇਣਾ! ਇਹ ਸਾਕਾ ਸਰਹਿੰਦ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਸੰਭਵ ਹੋ ਸਕਿਆ ਕਿ ਸਿੱਖਾਂ ਨੇ ਸਦੀਆਂ ਦੀ ਗੁਲਾਮੀ ਤੋਂ ਬਾਅਦ ਮੁਗਲਾਂ ’ਤੇ ਜਿੱਤ ਪ੍ਰਾਪਤ ਕਰਕੇ ਗਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ।
ਸੋ, ਸਾਕਾ ਸਰਹਿੰਦ ਸਾਡਾ ਗੌਰਵਮਈ ਵਿਰਸਾ ਹੈ। ਆਪਣੇ ਇਸ ਸ਼ਾਨਾਮੱਤੇ ਇਤਿਹਾਸ ਨੂੰ ਯਾਦ ਰੱਖਣਾ ਸਾਡਾ ਫਰਜ਼ ਬਣਦਾ ਹੈ। ਉਂਜ ਵੀ ‘‘ਤੁਹਾਡੇ ਅੰਗ-ਸੰਗ ਤੁਹਾਡੇ ਸ਼ਹੀਦ, ਤੁਹਾਥੋਂ ਕੋਈ ਆਸ ਰੱਖਦੇ ਹਨ।’’ -ਪਾਸ਼
ਦੇਸ਼ ਤੇ ਕੌਮ ’ਤੇ ਕੁਰਬਾਨ ਹੋਣ ਵਾਲੇ ਬਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਜੁੜੀਆਂ ਹਨ ਤੇ ਸ਼ਹਾਦਤ ਦੀ ਸਰ-ਜ਼ਮੀਨ ਫਤਿਹਗੜ੍ਹ ਸਾਹਿਬ ਦੀ ਲਹੂ-ਭਿੱਜੀ ਧਰਤੀ ਨੂੰ ਮਸਤਕ ’ਤੇ ਲਗਾ ਕੇ ਆਪਣੇ ਧੰਨ ਭਾਗ ਸਮਝਦੀਆਂ ਹਨ। ਆਓ! ਆਪਾਂ ਵੀ ਇਸ ਪਵਿੱਤਰ ਦਿਹਾੜੇ ’ਤੇ ਛੋਟੇ ਲੋਹ ਪੁਰਸ਼ ਸਾਹਿਬਜ਼ਾਦਿਆਂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਣ ਦਾ ਪ੍ਰਣ ਲਈਏ। ਬੱਸ, ਇਹੋ ਇਨ੍ਹਾਂ ਨੰਨ੍ਹੇ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।