ਵੱਡਾ ਖੁਲਾਸਾ – ਆਹ ਸਨ ਕਾਰਨ ਕੇ ਬੇਟੇ ਦਾ ਜਨਮਦਿਨ ਵੀ ਨਹੀਂ ਰੋਕ ਸਕਿਆ DSP ਨੂੰ ਖ਼ੁਦਕੁਸ਼ੀ ਕਰਨ ਤੋਂ
ਜੈਤੋ ਵਿੱਚ ਦੋ ਵਿਦਿਆਰਥਣਾਂ ਅਤੇ ਇੱਕ ਵਿਦਿਆਰਥੀ ਦੀ ਕੁੱਟਮਾਰ ਦੇ ਮਾਮਲੇ ਮਗਰੋਂ ਪੈਦਾ ਹੋਏ ਵਿਵਾਦ ਕਾਰਨ ਫ਼ਰੀਦਕੋਟ ਪੁਲੀਸ ਨੂੰ ਇੱਕ ਇਮਾਨਦਾਰ ਪੁਲੀਸ ਅਫ਼ਸਰ ਅਤੇ ਇੱਕ ਪੁਲੀਸ ਮੁਲਾਜ਼ਮ ਤੋਂ ਹੱਥ ਧੋਣੇ ਪੈ ਗਏ ਹਨ। ਡੀਐੱਸਪੀ ਬਲਜਿੰਦਰ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਕੁੱਟਮਾਰ ਦਾ ਮਸਲਾ ਲਗਭਗ ਸੁਲਝਾ ਲਿਆ ਸੀ, ਪਰ ਕੁਝ ਪੁਲੀਸ ਅਫ਼ਸਰਾਂ ਨੇ ਇੱਕ ਵਿਵਾਦਤ ਪੁਲੀਸ ਅਫ਼ਸਰ ਦੀ ਹੈਂਕੜ ਬਰਕਰਾਰ ਰੱਖਣ ਲਈ ਉਸ ਨੂੰ ਲੋਕਾਂ ਅੱਗੇ ਮੁਆਫ਼ੀ ਮੰਗਣ ਲਈ ਪੇਸ਼ ਨਹੀਂ ਹੋਣ ਦਿੱਤਾ, ਜਿਸ ਕਰਕੇ ਵਿਵਾਦ ਨੇ ਗੰਭੀਰ ਰੂਪ ਧਾਰਨ ਕਰ ਲਿਆ।
ਜਾਣਕਾਰੀ ਅਨੁਸਾਰ ਜਿਸ ਪੁਲੀਸ ਅਧਿਕਾਰੀ ਨੇ ਵਿਦਿਆਰਥੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਮਾਮਲੇ ਨੂੰ ਸੁਲਝਾਉਣ ਦੀ ਥਾਂ ਉਲਝਾਇਆ, ਉਹ ਫ਼ਰੀਦਕੋਟ ਵਿੱਚ ਕੁਝ ਸਮਾਂ ਪਹਿਲਾਂ ਤਾਇਨਾਤ ਰਹੇ ਇੱਕ ਆਈਪੀਐੱਸ ਅਧਿਕਾਰੀ ਦਾ ਖ਼ਾਸ ਚਹੇਤਾ ਹੈ।ਜੁਲਾਈ 2012 ਵਿੱਚ ਫ਼ਰੀਦਕੋਟ ਦੇ ਤਤਕਾਲੀ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਇਸ ਅਧਿਕਾਰੀ ਨੂੰ ਭ੍ਰਿਸ਼ਟਾਚਾਰ, ਸਰਕਾਰੀ ਸ਼ਕਤੀਆਂ ਦੀ ਦੁਰਵਰਤੋਂ, ਫਰਜ਼ੀ ਪਾਸਪੋਰਟ ਬਣਾਉਣ ਅਤੇ ਜਾਅਲਸਾਜ਼ੀ, ਦੋਸ਼ੀਆਂ ਨੂੰ ਵਿਦੇਸ਼ ਭਜਾਉਣ ਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ, ਪਰ ਇੱਕ ਸਾਲ ਬਾਅਦ ਹੀ ਇਹ ਅਧਿਕਾਰੀ ਇੱਕ ਆਈਪੀਐੱਸ ਅਧਿਕਾਰੀ ਰਾਹੀਂ ਨੌਕਰੀ ’ਤੇ ਬਹਾਲ ਹੋ ਗਿਆ ਸੀ। ਇਸ ਮਗਰੋਂ ਇਸ ਨੂੰ ਵਿਭਾਗ ਵਿੱਚ ਵੱਡੇ ਅਹੁਦੇ ਨਾਲ ਨਿਵਾਜਿਆ ਗਿਆ ਸੀ।ਇਸ ਵਿਵਾਦਿਤ ਪੁਲੀਸ ਅਫ਼ਸਰ ਖ਼ਿਲਾਫ਼ ਅੱਧੀ ਦਰਜਨ ਵਿਭਾਗੀ ਪੜਤਾਲਾਂ ਅਜੇ ਵਿਚਾਰਅਧੀਨ ਹਨ। ਸਮੁੱਚੇ ਕਰੀਅਰ ਦੌਰਾਨ ਵਿਵਾਦਾਂ ਵਿੱਚ ਰਹਿਣ ਵਾਲੇ ਇਸ ਪੁਲੀਸ ਅਧਿਕਾਰੀ ਉੱਪਰ ਹੁਣ ਵੀ ਪੁਲੀਸ ਅਧਿਕਾਰੀਆਂ ਦੀ ਕਥਿਤ ਮਿਹਰ ਹੈ।
ਡੀਜੀਪੀ ਸੁਰੇਸ਼ ਕੁਮਾਰ ਅਰੋੜਾ ਨੇ ਅੱਜ ਇੱਥੇ ਆਪਣੀ ਫੇਰੀ ਦੌਰਾਨ ਕਿਹਾ ਕਿ ਫ਼ਰੀਦਕੋਟ ਦੇ ਐੱਸਐੱਸਪੀ ਨਾਨਕ ਸਿੰਘ ਮਾਮਲੇ ਦੀ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਵੀ ਪੁਲੀਸ ਅਧਿਕਾਰੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।