ਸ੍ਰੀਨਗਰ- ਬਾਰਡਰ ਰੋਡ ਆਰਗੇਨਾਈਜੇਸ਼ਨ (ਬੀ ਆਰ ਓ) ਨੇ ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਵਿੱਚ ਮੋਟਰ ਗੱਡੀਆਂ ਦੇ ਚੱਲਣ ਯੋਗ ਦੁਨੀਆ ਦੀ ਸਭ ਤੋਂ ਉਚੀ ਸੜਕ ਬਣਾਈ ਹੈ। ਚਿਸੂਮਲੇ ਅਤੇ ਦੇਮਚੱਕ ਪਿੰਡਾਂ ਨੂੰ ਜੋੜਨ ਵਾਲੀ 86 ਕਿਲੋਮੀਟਰ ਲੰਮੀ ਇਸ ਸੜਕ ਦੀ ਰਣਨੀਤਕ ਪੱਖੋਂ ਵੀ ਭਾਰੀ ਅਹਿਮੀਅਤ ਹੈ। ਉਕਤ ਪਿੰਡ ਪੂਰਬੀ ਖੇਤਰ ਵਿੱਚ ਭਾਰਤ-ਚੀਨ ਸਰਹੱਦ ਦੇ ਬਿਲਕੁਲ ਨੇੜੇ ਹਨ।
ਇਹ ਸੜਕ 19300 ਫੁੱਟ ਤੋਂ ਵੱਧ ਉਚਾਈ ‘ਤੇ ‘ਉਮਲਿੰਗਲਾ ਟਾਪ’ ਤੋਂ ਹੋ ਕੇ ਲੰਘਦੀ ਹੈ।
ਬੀ ਆਰ ਓ ਨੇ ‘ਹਿਮਾਂਕ ਯੋਜਨਾ’ ਹੇਠ ਇਹ ਸਫਲਤਾ ਹਾਸਲ ਕੀਤੀ ਹੈ।
ਇਸ ਬੇਹੱਦ ਔਖੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਬੀ ਆਰ ਓ ਦੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਯੋਜਨਾ ਦੇ ਚੀਫ ਇੰਜੀਨੀਅਰ ਬ੍ਰਿਗੇਡੀਅਰ ਬੀ ਐੱਮ ਪੂਰਵੀਮੱਠ ਨੇ ਦੱਸਿਆ ਕਿ ਇੰਨੀ ਉਚਾਈ ‘ਤੇ ਗਰਮੀਆਂ ਵਿੱਚ ਤਾਪਮਾਨ ਮਨਫੀ 15 ਤੋਂ ਮਨਫੀ 20 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ, ਜਦ ਕਿ ਸਰਦੀਆਂ ਵਿੱਚ ਤਾਂ ਮਨਫੀ ਚਾਲੀ ਡਿਗਰੀ ਤੱਕ ਹੇਠਾਂ ਚਲਾ ਜਾਂਦਾ ਹੈ। ਇਥੇ ਆਕਸੀਜਨ ਦੀ ਭਾਰੀ ਕਮੀ ਹੁੰਦੀ ਹੈ।