ਸਰਕਾਰ ਨੇ ਲਗਭਗ ਹਰ ਜਗ੍ਹਾ ਆਧਾਰ ਕਾਰਡ ਜ਼ਰੂਰੀ ਕੀਤਾ ਹੈ ਪਰ ਤੁਹਾਨੂੰ ਹਰ ਜਗ੍ਹਾ ਆਪਣੇ ਨਾਲ ਆਧਾਰ ਕਾਰਡ ਰੱਖਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਨੇ ‘mAadhaar’ ਐਪ ਨੂੰ ਅਪਡੇਟ ਕਰ ਦਿੱਤਾ ਹੈ। ਹੁਣ ਆਧਾਰ ‘ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨਾ ਜਾਂ ਇਸ ਨਾਲ ਜੁੜੀ ਐਪ ਨੂੰ ਵਰਤਣਾ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਗਿਆ ਹੈ। ਨਵੇਂ ਫੀਚਰ ਨਾਲ ਨਾ ਸਿਰਫ ਆਧਾਰ ਦੀ ਸੁਰੱਖਿਆ ਵਧੇਗੀ ਸਗੋਂ ਤੁਹਾਡਾ ਸਮਾਂ ਵੀ ਬਚੇਗਾ।
ਆਧਾਰ ਨੂੰ ਅਪਡੇਟ ਕਰਨ ਲਈ ਮੌਜੂਦਾ ਸਮੇਂ ਮੋਬਾਇਲ ‘ਤੇ ਓ. ਟੀ. ਪੀ. ਦੀ ਉਡੀਕ ਕਰਨੀ ਪੈਂਦੀ ਹੈ। ਕਈ ਵਾਰ ਨੈੱਟਵਰਕ ਕਮਜ਼ੋਰ ਹੋਣ ਜਾਂ ਕਿਸੇ ਹੋਰ ਕਾਰਨ ਓ. ਟੀ. ਪੀ. ਆਉਂਦਾ ਹੀ ਨਹੀਂ ਪਰ ਹੁਣ ਤੁਹਾਨੂੰ ਇਸ ਦੀ ਉਡੀਕ ਨਹੀਂ ਕਰਨੀ ਹੋਵੇਗੀ। ਨਵੇਂ ਫੀਚਰ ਤਹਿਤ ਤੁਹਾਡੇ ਕੋਲ ਟਾਈਮ ਬੇਸਡ ਓ. ਟੀ. ਪੀ. ਯਾਨੀ ਟੀ. ਓ. ਟੀ. ਪੀ. ਰਹੇਗਾ, ਜਿਸ ਨੂੰ ਤੁਸੀਂ ਤਸਦੀਕ ਲਈ ਵਰਤ ਸਕੋਗੇ।
ਜਾਣਕਾਰੀ ਮੁਤਾਬਕ, ਟੀ. ਓ. ਟੀ. ਪੀ. 8 ਨੰਬਰ ਦਾ ਹੋਵੇਗਾ ਅਤੇ ਸਿਰਫ 30 ਸਕਿੰਟ ਤਕ ਲਈ ਹੋਵੇਗਾ। ਇਸ ਨੂੰ ਯੂਜ਼ਰ ਖੁਦ ਆਪਣੇ ਮੋਬਾਇਲ ‘ਤੇ ਜਰਨੇਟ ਕਰ ਸਕਦਾ ਹੈ। ਪਹਿਲੀ ਵਾਰ ਤਾਂ ਤੁਹਾਨੂੰ ਓ. ਟੀ. ਪੀ. ਦੀ ਮਦਦ ਨਾਲ ਆਪਣੀ ਪ੍ਰੋਫਾਇਲ ਬਣਾਉਣੀ ਪਵੇਗੀ ਪਰ ਉਸ ਤੋਂ ਬਾਅਦ ਤੁਸੀਂ ਟੀ. ਓ. ਟੀ. ਪੀ. ਦੇ ਬਦਲ ਨੂੰ ਚੁਣ ਲਵੋਗੇ ਤਾਂ ਤੁਹਾਨੂੰ ਵਾਰ-ਵਾਰ ਓ. ਟੀ. ਪੀ. ਦੀ ਉਡੀਕ ਨਹੀਂ ਕਰਨੀ ਹੋਵੇਗੀ। ਇਹ ਐਪ ਸਿਰਫ ਐਂਡਰਾਇਡ ‘ਤੇ ਉਪਲੱਬਧ ਹੈ। ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਆਧਾਰ ਦੀ ਹਾਰਡ ਕਾਪੀ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਰੇਲ ਗੱਡੀ ‘ਚ ਸਫਰ ਕਰਦੇ ਸਮੇਂ ਵੀ ਤੁਸੀਂ ‘ਐਮ ਆਧਾਰ’ ਐਪ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਕੋਈ ਹੋਰ ਪ੍ਰਮਾਣ ਪੱਤਰ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਸ ਐਪ ਨੂੰ ਸਿਰਫ ਉਸ ਮੋਬਾਇਲ ‘ਤੇ ਡਾਊਨਲੋਡ ਕਰ ਸਕਦੇ ਹੋ, ਜਿਸ ‘ਚ ਉਹ ਨੰਬਰ ਹੋਵੇ, ਜੋ ਤੁਹਾਡੇ ਆਧਾਰ ਨਾਲ ਲਿੰਕ ਹੈ।