ਬੈਂਕ ਦੀ ਇੱਕ ਨਿੱਕੀ ਜਿਹੀ ਗਲਤੀ ਕਾਰਨ ਅਮਰੀਕਾ ਬੈਠਾ ਇਹ ਪੰਜਾਬੀ ਬਣਿਆ ਕਰੋੜਪਤੀ…!
ਪੰਜਾਬ ਦੇ ਬਨੂੜ ਦਾ ਰਹਿਣ ਵਾਲਾ ਗੁਰਚਰਣ ਸਿੰਘ ਪੈਸੇ ਕਮਾਉਣ ਲਈ ਸੱਤ ਸਮੁੰਦਰ ਪਾਰ ਗਿਆ ਸੀ ਪਰ ਉਨੂੰ ਨਹੀਂ ਸੀ ਪਤਾ ਕਿ ਉਸ ਦੀ ਕਿਸਮਤ ਖੋਲ੍ਹਣ ਵਾਲੀ ਚਾਬੀ ਅੰਬਾਲਾ ਦੇ ਇੰਡੀਅਨ ਬੈਂਕ ਦੇ ਹੱਥਾਂ ‘ਚ ਹੈ। ਪੈਸਿਆਂ ਦਾ ਹਿਸਾਬ ਕਰਨ ਵਾਲੀ ਜ਼ਿੰਮੇਵਾਰੀ ਭਰੀ ਕੁਰਸੀ ‘ਤੇ ਬੈਠੇ ਬੈਂਕ ਕਰਮਚਾਰੀਆਂ ਦੇ ਇਕ ਕਲਿਕ ਨਾਲ ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ‘ਚ ਬੈਠੇ ਪੰਜਾਬੀ ਗੁਰਚਰਣ ਕਰੋੜਪਤੀ ਬਣ ਗਿਆ।ਗੁਰਚਰਣ ਦਾ ਨਾਂ ਅੱਜ ਕਰੋੜਪਤੀਆਂ ਦੀ ਲਿਸਟ ‘ਚ ਸ਼ਾਮਲ ਹੋ ਗਿਆ ਹੈ। ਉਸ ਦਾ ਕ੍ਰੇਡਿਟ ਇੰਡੀਅਨ ਬੈਂਕ ਦੇ ਅੰਬਾਲਾ ਕੈਂਟ ਦੇ ਬ੍ਰਾਂਚ ਦੇ ਕਲਰਕ ਬਾਬੁਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਲਾਪਰਵਾਹੀ ਭਰੀ ਇਸ ਟ੍ਰਾਂਜੈਕਸ਼ਨ ਨੂੰ ਅੰਜ਼ਾਮ ਦਿੱਤਾ। ਦੱਸਿਆ ਜਾ ਰਿਹੈ ਕਿ ਕਲਰਕ ਦੀ ਗਲਤ ਐਂਟਰੀ ਅਤੇ ਵੈਰੀਫਿਕੇਸ਼ਨ ‘ਚ ਲਾਪਰਵਾਹੀ ਨਾਲ ਅੰਬਾਲਾ ਸਦਰ ਬਾਜ਼ਾਰ ਦੀ ਇੰਡੀਅਨ ਬੈਂਕ ਨੂੰ ਲਗਭਗ 1 ਕਰੋੜ 25 ਲੱਖ ਰੁਪਏ ਦੀ ਚੂਣਾ ਲੱਗ ਗਿਆ।ਦਰਅਸਲ ਯੂ.ਐੱਸ. ਦੇ ਇਕ ਖਾਤੇ ‘ਚ 1 ਲੱਖ 93 ਹਜ਼ਾਰ ਰੁਪਏ ਦੀ ਜਗ੍ਹਾ 1 ਲੱਖ 93 ਹਜ਼ਾਰ ਯੂ.ਐੱਸ. ਡਾਲਰ ਟ੍ਰਾਂਸਫਰ ਹੋ ਗਏ, ਜਿਸ ਦੀ ਕੀਮਤ ਭਾਰਤੀ ਮੁਦਰਾ ਦੇ ਮੁਤਾਬਕ ਲਗਭਗ 1 ਕਰੋੜ 25 ਲੱਖ ਰੁਪਏ ਬਣਦੇ ਹਨ। ਮੈਸੇਜ ਆਉਂਦੇ ਹੀ ਯੂ.ਐੱਸ. ‘ਚ ਬੈਠੇ ਫੇਡਰਲ ਬੈਂਕ ਦੇ ਖਾਤਾਧਾਰਕ ਗੁਰਚਰਣ ਨੇ ਬਿਨ੍ਹਾਂ ਦੇਰ ਕੀਤੇ ਸਾਰੇ ਪੈਸੇ ਕੱਢਵਾ ਕੇ ਖਾਤਾ ਖਾਲੀ ਕਰ ਦਿੱਤਾ। ਘਟਨਾ 19 ਦਸੰਬਰ ਦੀ ਹੈ। ਆਡਿਟ ਦੌਰਾਨ ਬੈਂਕ ਨੇ ਆਪਣੀ ਗਲਤੀ ਫੜ੍ਹੀ। ਬੈਂਕ ਨੇ ਆਪਣੇ ਆਧਾਰ ‘ਤੇ ਗੁਰਚਰਣ ਨੂੰ ਪੈਸੇ ਵਾਪਸ ਕਰਨ ਦੀ ਬੇਨਤੀ ਕੀਤੀ ਪਰ ਇਨ੍ਹੀ ਵੱਡੀ ਰਕਮ ਪਾਉਣ ਤੋਂ ਬਾਅਦ ਉਸ ਦਾ ਮਨ ਬਦਲ ਗਿਆ। ਜਦੋ ਗੱਲ ਨਹੀਂ ਬਣੀ ਤਾਂ ਇੰਡੀਅਨ ਬੈਂਕ ਦੇ ਮੈਨੇਜਰ ਮੋਹਿੰਦਰਾ ਮਨਚੰਦਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਗੁਰਚਰਣ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।ਜ਼ਰੂਰਤ ਪੈਣ ‘ਤੇ ਪੁਲਸ ਇਸ ਮਾਮਲੇ ‘ਚ ਇੰਟਰਪੋਲ ਦੀ ਮਦਦ ਵੀ ਲੈ ਸਕਦੀ ਹੈ ਤਾਂ ਕਿ ਬੈਂਕ ਦਾ ਪੈਸਾ ਗੁਰਚਰਣ ਤੋਂ ਵਾਪਸ ਲਿਆ ਜਾ ਸਕੇ। ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਾਹਾਬਾਦ ਨਿਵਾਸੀ ਗੁਰਵਿੰਦਰ ਸਿੰਘ ਯੂ.ਐੱਸ. ‘ਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਆਪਣੇ ਬੇਟੇ ਗਗਨ ਸਿੰਘ ਨੂੰ 3011 ਯੂ.ਐੱਸ. ਡਾਲਰ ਭੇਜਣ ਲਈ ਬੈਂਕ ਗਏ ਪਰ ਉਨ੍ਹਾਂ ਕੋਲ ਪੈਨ ਕਾਰਡ ਨਹੀਂ ਸੀ ਤਾਂ ਟ੍ਰਾਂਜੈਕਸ਼ਨ ਨਹੀਂ ਹੋ ਪਾਈ।ਅਜਿਹੇ ‘ਚ ਗੁਰਵਿੰਦਰ ਸਿੰਘ ਨੇ ਸ਼ਾਹਾਬਾਦ ਦੇ ਰਹਿਣ ਵਾਲੇ ਗਗਨ ਦੇ ਦੋਸਤ ਵਿਕਰਮ ਦੇ ਅਕਾਊਂਟ ‘ਚ 3011 ਡਾਲਰ ਜਮਾ ਕਰਵਾ ਦਿੱਤੇ। ਬੈਂਕ ਨੇ ਵਿਕਰਮ ਦੇ ਅਕਾਊਂਟ ‘ਚ ਡਾਲਰ ਨੂੰ ਰੁਪਏ ‘ਚ ਬਦਲਿਆ ਤਾਂ ਕਰੀਬ 1.93 ਲੱਖ ਰੁਪਏ ਹੋਏ ਅਤੇ ਗਲਤੀ ਨਾਲ ਅਕਾਊਂਟ ‘ਚ ਰੁਪਏ ਦੀ ਜਗ੍ਹਾ 1.93 ਲੱਖ ਡਾਲਰ ਸੇਵ ਹੋ ਗਏ। ਵਿਕਰਮ ਨੇ ਯੂ.ਐੱਸ. ‘ਚ ਰਹਿ ਰਹੇ ਗਗਨ ਦੇ ਦੋਸਤ ਗੁਰਚਰਣ ਦੇ ਖਾਤੇ ‘ਚ 1.93 ਲੱਖ ਰੁਪਏ ਟ੍ਰਾਂਸਫਰ ਕਰਨ ਦੀ ਬੇਨਤੀ ਕੀਤੀ ਅਤੇ ਕਲਰਕ ਨੇ 1.93 ਲੱਖ ਡਾਲਰ ਟ੍ਰਾਂਸਫਰ ਕਰ ਦਿੱਤੇ। ਜਿਸ ਦੀ ਕੀਮਤ ਭਾਰਤੀ ਮੁਦਰਾ ਮੁਤਾਬਕ ਸਵਾ ਕਰੋੜ ਰੁਪਏ ਬਣਦੀ ਹੈ।