ਪਟਿਆਲਾ ਬੱਸ ਸਟੈਂਡ ਦੇ ਮੇਨ ਗੇਟ ਦੇ ਬਾਹਰ ਇਹ ਸ਼ਖ਼ਸ ਤਕਰੀਬਨ ਤਿੰਨ ਘੰਟੇ ਤੱਕ ਸਿਰ ‘ਤੇ ਮਾਂ ਬੋਲੀ ਵਿਰੋਧੀ ਗੀਤਾਂ ਖਿਲਾਫ ਤਖ਼ਤੀ ਚੁੱਕੀ ਖੜ੍ਹਾ ਇਹ ਸ਼ਖ਼ਸ ਕੋਈ ਪਾਗਲ ਇਨਸਾਨ ਨਹੀਂ। ਬਲਕਿ, ਕਰਨਾਟਕ ਤੋਂ ਸਬੰਧ ਰੱਖਣ ਵਾਲੇ ਪੰਜਾਬੀ ਦੇ ਮੁੱਦਈ ਪ੍ਰੋਫੈਸਰ ਪੰਡਿਤਰਾਓ ਹੈ ਜਿਸ ਨੇ ਲੱਚਰ, ਹਥਿਆਰਾਂ ਤੇ ਸ਼ਰਾਬ ਦੀ ਉਪਮਾ ਵਿੱਚ ਗੀਤ ਗਾ ਚੁੱਕੇ ਪੰਜਾਬੀ ਗਾਇਕਾਂ ਨੂੰ 15 ਦਸੰਬਰ ਤੱਕ ਪੰਜਾਬੀ ਮਾਂ ਬੋਲੀ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ 15 ਦਸੰਬਰ ਤੱਕ ਇਹ ਗਾਇਕ ਮੁਆਫੀ ਨਹੀਂ ਮੰਗਣਗੇ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਨ੍ਹਾਂ ਗਾਇਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।
ਪੰਡਿਤ ਰਾਓ ਨੇ ਕਿਹਾ ਕਿ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਚੰਡੀਗੜ੍ਹ ਵਿੱਚ ਕੁੜੀ ਮਿਲੀ ਚਾਕਲੇਟ ਵਰਗੀ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਘਰ ਦੀ ਸ਼ਰਾਬ ਹੋਵੇ, ਚਾਰ ਬੋਤਲ ਵੋਡਕਾ ਕਾਮ ਮੇਰਾ ਰੋਜ਼ ਕਾ, ਬੋਤਲ ਸ਼ਰਾਬ ਦੀਏ, ਜਿਹੇ ਗਾਣੇ ਗਾਉਣ ਵਾਲੇ ਪੰਜਾਬੀ ਗਾਇਕ ਪੰਜਾਬੀ ਭਾਸ਼ਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅੱਗੇ ਆ ਕੇ ਮੁਆਫੀ ਮੰਗਣ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਇਸ ਪਵਿੱਤਰ ਪੰਜਾਬੀ ਭਾਸ਼ਾ ਵਿੱਚ ਹਥਿਆਰਾਂ, ਲੱਚਰਤਾ ਜਾਂ ਸ਼ਰਾਬ ਦੇ ਸੋਹਲੇ ਗਾਉਣ ਦੀ ਹਿੰਮਤ ਨਾ ਕਰ ਸਕੇ।
ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਜਫਰਨਾਮਾ ਨੂੰ ਕੰਨਡ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਪੰਡਿਤਰਾਓ ਨੇ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਵਿੱਚ 12 ਕਿਤਾਬਾਂ ਲਿੱਖ ਚੁੱਕੇ ਹਨ। ਪੰਜਾਬੀ ਭਾਸ਼ਾ ਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੋਏ ਪੰਡਿਤਰਾਓ ਪੰਜਾਬੀ ਵਿੱਚ ਲੱਚਰਤਾ ਤੇ ਹੋਰਨਾਂ ਵੈਲਾਂ ਦੀ ਗੱਲ ਕਰਨ ਵਾਲੇ ਗੀਤ ਨਾ ਚਲਾਉਣ ਬਾਰੇ ਮੁਹਿੰਮ ਸ਼ੁਰੂ ਕਰਦੇ ਹੋਏ ਹਾਈ ਕੋਰਟ ਵਿੱਚ ਕਾਨੂੰਨੀ ਲੜਾਈ ਵੀ ਲੜ ਰਹੇ ਹਨ। ਜਨਹਿਤ ਯਾਚਿਕਾ ਦਰਜ ਕਰਨ ਵਾਲੇ ਪੰਡਿਤਰਾਓ ਨੇ ਕੋਰਟ ਵਿੱਚ ਸੈਂਸਰ ਬੋਰਡ ਜਾਂ ਇਸ ਤਰ੍ਹਾਂ ਦੀ ਨੀਤੀ ਬਣਾਏ ਜਾਣ ਦੀ ਮੰਗ ਵੀ ਕੀਤੀ ਹੈ।
ਪੰਡਿਤਰਾਓ ਨੇ ਪਟਿਆਲਾ ਸਥਿਤ ਆਡੀਓ, ਵੀਡੀਓ ਰਿਕਾਰਡਿੰਗ ਕੰਪਨੀ, ਡੀ.ਜੇ. ਕੰਪਨੀ ਅਤੇ ਮੈਰਿਜ ਪੈਲੇਸਾਂ ਦੇ ਨਾਲ-ਨਾਲ ਕਈ ਸਰਕਾਰੀ ਦਫ਼ਤਰਾਂ ਨੂੰ ਵੀ ਕਾਨੂੰਨੀ ਨੋਟਿਸ ਵੀ ਜਾਰੀ ਕੀਤੇ ਹਨ। ਇਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਲੱਚਰਤਾ, ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ ਦੀ ਨਾ ਤਾਂ ਰਿਕਾਰਡਿੰਗ ਕੀਤੀ ਜਾਵੇ ਅਤੇ ਨਾ ਹੀ ਇਨ੍ਹਾਂ ਨੂੰ ਚਲਾਇਆ ਜਾਵੇ।
ਜਨਮ ਤੋਂ ਪੰਜਾਬੀ ਨਾ ਹੋਣ ਦੇ ਬਾਵਜੂਦ ਪੰਜਾਬੀ ਬੋਲੀ ਦੇ ਹੱਕ ਵਿੱਚ ਡਟੇ ਪੰਡਿਤ ਰਾਓ ਨੂੰ ਵੇਖ ਆਮ ਲੋਕ ਹੈਰਾਨ ਵੀ ਹੋਏ। ਉਨ੍ਹਾਂ ਪੰਡਿਤ ਰਾਓ ਦੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਪੰਜਾਬ ਵਿੱਚ ਅੱਜ-ਕੱਲ੍ਹ ਅਜਿਹੇ ਗੀਤ ਗਾਏ ਤੇ ਪ੍ਰਚਾਰੇ ਜਾ ਰਹੇ ਹਨ ਜਿਨ੍ਹਾਂ ਨੂੰ ਪਰਿਵਾਰ ਵਿੱਚ ਬੈਠ ਸੁਣਿਆ ਜਾਂ ਵੇਖਿਆ ਨਹੀਂ ਜਾ ਸਕਦਾ। ਲੋਕਾਂ ਨੇ ਕਿਹਾ ਕਿ ਗੀਤਾਂ ਵਿੱਚ ਵਧ ਰਹੀ ਲੱਚਰਤਾ ਨੂੰ ਛੇਤੀ ਹੀ ਨੱਥ ਪਾਈ ਜਾਣੀ ਚਾਹੀਦੀ ਹੈ।