ਚੰਡੀਗੜ੍ਹ: ਸਿਆਲਾਂ ਦੀ ਆਮਦ ਦੇ ਨਾਲ ਹੀ ਧੁੰਦ ਛਾਉਣ ਕਾਰਨ ਸੰਗਰੂਰ ਤੇ ਖੰਨਾ ਤੋਂ ਇਲਾਵਾ ਬਰਨਾਲਾ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ ਕੁੱਲ 7 ਲੋਕਾਂ ਦੀ ਮੌਤ ਹੋ ਗਈ ਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਰੇਤੇ ਨਾਲ ਭਰੀ ਹੋਈ ਟਰਾਲੀ ਪਲਟਣ ਕਾਰਨ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਵੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
ਮੁੱਖ ਸੜਕ ‘ਤੇ ਟ੍ਰਾਈਡੈਂਟ ਗਰੁੱਪ ਕੋਲ ਰੇਤੇ ਦੀ ਟਰਾਲੀ ਪੈਂਚਰ ਹੋਣ ਕਾਰਨ ਜੈੱਕ ਦੇ ਸਹਾਰੇ ਖੜ੍ਹੀ ਕੀਤੀ ਗਈ ਸੀ। ਪੈਂਚਰ ਲਾਉਂਦੇ ਸਮੇਂ ਭਾਰ ਜ਼ਿਆਦਾ ਹੋਣ ਕਾਰਨ ਟਰਾਲੀ ਪਲਟ ਗਈ ਤੇ ਆਪਣੇ ਹੇਠਾਂ 5 ਲੋਕਾਂ ਨੂੰ ਦੱਬ ਲਿਆ। ਇਨ੍ਹਾਂ ਵਿੱਚੋਂ ਪਵਨ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰਾਲੀ ਦੀ ਲਪੇਟ ਵਿੱਚ ਇੱਕ ਕਾਰ ਵੀ ਆ ਗਈ। ਹਾਲਾਂਕਿ, ਕਾਰ ਵਿੱਚ ਕੋਈ ਸਵਾਰ ਨਹੀਂ ਸੀ ਇਸ ਕਰ ਕੇ ਜਾਨੀ ਨੁਕਾਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਕਾਰ ਨੂੰ ਕਾਫੀ ਨੁਕਸਾਨ ਪੁੱਜਾ ਹੈ।
ਬਲਵਿੰਦਰ ਸਿੰਘ ਟ੍ਰਾਈਡੈਂਟ ਫੈਕਟਰੀ ਵਿੱਚ ਡਰਾਈਵਰ ਸੀ ਜੋ ਪੈਂਚਰ ਲਵਾਉਣ ਵਿੱਚ ਮਦਦ ਕਰਨ ਲਈ ਆ ਗਿਆ ਸੀ। ਮ੍ਰਿਤਕਾਂ ਵਿੱਚ ਦੋ ਚਾਚਾ ਭਤੀਜਾ ਸੀ ਤੇ ਮ੍ਰਿਤਕ ਪਵਨ ਸਿੰਘ ਦੇ ਪਿਤਾ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਸਰਦੀਆਂ ਸ਼ੁਰੂ ਹੋਣ ਨਾਲ ਹੀ ਧੁੰਦ ਛਾਉਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਸੜਕ ਹਾਦਸਿਆਂ ਦੀਆਂ ਖ਼ਬਰਾਂ ਵੀ ਆਮ ਹੋ ਗਈਆਂ ਹਨ। ਸੰਗਰੂਰ ਜ਼ਿਲ੍ਹੇ ਵਿੱਚ ਪਟਿਆਲਾ ਮੁੱਖ ਮਾਰਗ ‘ਤੇ ਪਿੰਡ ਬਾਲਦ ਕਲਾਂ ਨਜ਼ਦੀਕ ਇੱਕ ਸਕੂਲ ਬੱਸ ਦੇ ਪਿੱਛੇ ਕਈ ਵਾਹਨ ਟਕਰਾ ਗਏ ਹਨ। ਇਸ ਕਾਰਨ ਤਕਰੀਬਨ 8 ਲੋਕ ਜ਼ਖ਼ਮੀ ਹੋ ਗਏ ਹਨ। ਇੱਕ ਹੋਰ ਹਾਦਸਾ ਪਿੰਡ ਫੱਗੂ ਵਾਲਾ ਕੋਲ ਵਾਪਰਿਆ ਜਿੱਥੇ ਸੰਘਣੀ ਧੁੰਦ ਕਾਰਨ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ ਖੰਨਾ ਵਿੱਚ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ 3 ਲੋਕਾਂ ਦੀ ਮੌਤ ਹੋ ਜਾਣ ਤੇ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਹ ਹਾਦਸੇ ਵੀ ਧੁੰਦ ਕਾਰਨ ਵਾਪਰੇ। ਪੁਲਿਸ ਚੌਕੀ ਬੀਜਾ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ 3 ਲੋਕਾਂ ਹੀ ਮੌਤ ਹੋ ਚੁੱਕੀ ਹੈ ਤੇ ਜ਼ਖ਼ਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।