ਪਾਕਿਸਤਾਨ ਵੱਲੋਂ ਲਗਾਤਾਰ ਸੀਜ ਫਾਇਰ ਦੀ ਉਲੰਘਣਾ ਕਰਦੇ ਹੋਏ ਲਾਈਨ ਆਫ ਕੰਟਰੋਲ ਉੱਤੇ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਅੱਜ ਪੂੰਛ ਸੈਕਟਰ ਦੀ ਕ੍ਰਿਸ਼ਣਾ ਘਾਟੀ ਵਿੱਚ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚ ਤੈਨਾਤ ਪੰਜਾਬ ਦੇ ਲਹਿਰਾਗਾਗਾ ਦੇ ਪਿੰਡ ਆਲਮਪੁਰ ਦਾ ਫੌਜੀ ਮਨਦੀਪ ਸਿੰਘ ਸ਼ਹੀਦ ਹੋ ਗਿਆ। ਇਸਦੀ ਸੂਚਨਾ ਜਿਵੇਂ ਹੀ ਪੰਜਾਬ ਸਥਿਤ ਮਨਦੀਪ ਦੇ ਪਿੰਡ ਵਿੱਚ ਪਹੁੰਚੀ ਤਾਂ ਨਾ ਸਿਰਫ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸਗੋਂ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ। ਪਰ ਮਨਦੀਪ ਦੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਦੇ ਚਲਦਿਆਂ ਪਰਿਵਾਰ ਅਤੇ ਪਿੰਡ ਮਾਣ ਮਹਿਸੂਸ ਕਰ ਰਿਹਾ ਸੀ। ਇਸ ਦੁੱਖ ਦੀ ਘੜੀ ਵਿੱਚ ਵੀ ਮਨਦੀਪ ਦੇ ਛੋਟੇ ਭਰਾ ਨੇ ਵੀ ਫ਼ੌਜ ਵਿੱਚ ਭਰਤੀ ਹੋਕੇ ਪਕਿਸਤਾਨ ਤੋਂ ਆਪਣੇ ਭਰਾ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਹੈ।
ਇੱਕ ਕਿਸਾਨ ਪਰਿਵਾਰ ਦਾ 23 ਸਾਲ ਦਾ ਮਨਦੀਪ ਸਿੰਘ ਕਰੀਬ ਢਾਈ ਸਾਲ ਪਹਿਲਾਂ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚ ਫੌਜੀ ਬਣਿਆ ਸੀ ਅਤੇ ਇਸ ਸਮੇਂ ਉਸਦੀ ਡਿਊਟੀ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੀ ਕ੍ਰਿਸ਼ਣਾ ਘਾਟੀ ਵਿੱਚ ਲਾਈਨ ਆਫ ਕੰਟਰੋਲ ਦੇ ਕੋਲ ਸੀ, ਜਿੱਥੇ ਭਾਰਤੀ ਅਤੇ ਪਕਿਸਤਾਨ ਦੀ ਫ਼ੌਜ ਹਮੇਸ਼ਾ ਇੱਕ ਦੂਜੇ ਦੇ ਸਾਹਮਣੇ ਡਟੀ ਰਹਿੰਦੀ ਹੈ। ਪਰ ਪਾਕਿਸਤਾਨ ਇਸ ਖੇਤਰ ਵਿੱਚ ਲਗਾਤਾਰ ਸੀਜ ਫਾਇਰ ਦੀ ਉਲੰਘਣਾ ਕਰਦਾ ਰਹਿੰਦਾ ਹੈ।
ਅੱਜ ਵੀ ਪਕਿਸਤਾਨ ਨੇ ਆਪਣੀ ਉਹੀ ਗੰਦੀ ਚਾਲ ਚਲਦੇ ਹੋਏ ਭਾਰਤ ਦੀ ਕ੍ਰਿਸ਼ਣਾ ਘਾਟੀ ਵਿੱਚ ਗੋਲੀਬਾਰੀ ਕੀਤੀ, ਜਿਸ ਦੀ ਚਪੇਟ ਵਿੱਚ ਮਨਦੀਪ ਸਿੰਘ ਆ ਗਿਆ ਅਤੇ ਉਹ ਸ਼ਹੀਦਤ ਪ੍ਰਾਪਤ ਕਰ ਗਿਆ। ਫ਼ੌਜ ਦੇ ਵੱਲੋਂ ਜਿਵੇਂ ਹੀ ਇਹ ਸੂਚਨਾ ਪੰਜਾਬ ਸਥਿੱਤ ਮਨਦੀਪ ਦੇ ਘਰ ਅਤੇ ਪਿੰਡ ਵਿੱਚ ਪਹੁੰਚੀ ਤਾਂ ਪਰਿਵਾਰ ਅਤੇ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ।
ਮਨਦੀਪ ਦੇ ਛੋਟੇ ਭਰਾ ਜਗਦੀਪ ਨੇ ਆਪਣੇ ਭਰਾ ਦੀ ਸ਼ਹੀਦੀ ਉੱਤੇ ਮਾਣ ਕਰਦੇ ਹੋਏ ਕਿਹਾ ਕਿ ਉਸਨੇ ਦੇਸ਼ ਲਈ ਸ਼ਹੀਦ ਪ੍ਰਾਪਤ ਕੀਤੀ ਹੈ ਉਸਦੀ ਵੀ ਇੱਛਾ ਹੈ ਕਿ ਉਹ ਫ਼ੌਜ ਵਿੱਚ ਭਰਤੀ ਹੋਵੇ ਅਤੇ ਪਕਿਸਤਾਨ ਤੋਂ ਆਪਣੀ ਭਰਾ ਦੀ ਮੌਤ ਦਾ ਬਦਲਾ ਲਵੇ। ਉਸਨੇ ਇਹ ਵੀ ਦੱਸਿਆ ਕਿ ਉਸਦੀ ਦੋ ਦਿਨ ਪਹਿਲਾਂ ਹੀ ਆਪਣੇ ਭਰਾ ਨਾਲ ਗੱਲ ਹੋਈ ਸੀ ਅਤੇ ਉਹ ਬੁਲੇਟ ਮੋਟਰ ਸਾਈਕਿਲ ਲੈਣਾ ਚਾਹੁੰਦਾ ਸੀ।
ਮਨਦੀਪ ਦੇ ਤਾਇਆ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂਨੂੰ ਕਰੀਬ ਸਾਢੇ 11 ਵਜੇ ਫ਼ੋਨ ਉੱਤੇ ਮਨਦੀਪ ਦੀ ਮੌਤ ਦੀ ਸੂਚਨਾ ਮਿਲੀ। ਉਨ੍ਹਾਂ ਨੇ ਦੱਸਿਆ ਕਿ ਮਨਦੀਪ ਦੀ ਭੈਣ ਦੀ ਮੰਗਣੀ ਹੋ ਚੁੱਕੀ ਸੀ ਅਤੇ ਮਨਦੀਪ ਨੇ ਫਰਵਰੀ ਵਿੱਚ ਘਰ ਆ ਕੇ ਨਾ ਸਿਰਫ ਮੋਟਰਸਾਈਕਿਲ ਲੈਣਾ ਸੀ ਸਗੋਂ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵੀ ਕਰਨੀਆਂ ਸਨ।
ਪੁੰਛ ਸੈਕਟਰ ਵਿੱਚ ਹੀ ਡਿਊਟੀ ਨਿਭਾ ਚੁੱਕੇ ਪਿੰਡ ਦੇ ਹੀ ਇੱਕ ਸਾਬਕਾ ਫੌਜੀ ਰਾਮ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਜਿਸ ਸੈਕਟਰ ਵਿੱਚ ਮਨਦੀਪ ਦੀ ਡਿਊਟੀ ਸੀ, ਉੱਥੇ ਪਕਿਸਤਾਨ ਦੇ ਨਾਲ ਅਕਸਰ ਗੋਲੀਬਾਰੀ ਚੱਲਦੀ ਰਹਿੰਦੀ ਹੈ। ਉਸਨੇ ਮੰਗ ਕੀਤੀ ਕਿ ਹੁਣ ਭਾਰਤ ਸਰਕਾਰ ਨੂੰ ਆਏ ਦਿਨ ਆਪਣੇ ਫੌਜੀ ਮਰਵਾਉਣ ਦੀ ਜਗ੍ਹਾ ਪਕਿਸਤਾਨ ਦੇ ਨਾਲ ਆਰ ਪਾਰ ਦੀ ਜੰਗ ਸ਼ੁਰੂ ਕਰਕੇ ਪਕਿਸਤਾਨ ਦਾ ਪੱਕਾ ਇਲਾਜ ਕਰ ਦੇਣਾ ਚਾਹੀਦਾ ਹੈ।
ਉੱਧਰ ਮਨਦੀਪ ਸਿੰਘ ਦੀ ਸ਼ਹਾਦਤ ਦੀ ਸੂਚਨਾ ਮਿਲਦੇ ਹੀ ਜਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਹਾਲੇ ਮਨਦੀਪ ਦੀ ਮ੍ਰਿਤਕ ਦੇਹ ਦੇ ਪੰਜਾਬ ਪਹੁੰਚਣ ਦੇ ਬਾਰੇ ਵਿੱਚ ਸੂਚਨਾ ਹਾਸਲ ਨਹੀ ਹੋਈ ਹੈ।