ਪਰਲ ਗਰੁੱਪ ਦੇ ਕਰੋੜਪਤੀ ਐਮਡੀ ਦਾ ਵੀ ਕਰਜ਼ਾ ਮਾਫ!
ਸੁਖਵਿੰਦਰ ਸਿੰਘ
ਚੰਡੀਗੜ੍ਹ: ਕਿਸਾਨਾਂ ਦੇ ਕਰਜ਼ ਮਾਫ਼ੀ ਸੂਚੀ ਵਿੱਚ ਪਰਲ ਗਰੁੱਪ (ਪੀਏਸੀਐਲ) ਦੇ ਐਮ.ਡੀ. ਸੁਖਦੇਵ ਸਿੰਘ ਦਾ ਨਾਮ ਵੀ ਸ਼ਾਮਲ ਹੈ। ਲੋਕਾਂ ਨਾਲ ਠੱਗੀ ਕਰਨ ਦੇ ਇਲਜ਼ਾਮ ਤਹਿਤ ਜੇਲ੍ਹ ਕੱਟ ਰਹੇ ਸੁਖਦੇਵ ਸਿੰਘ ਦਾ ਸਰਕਾਰ ਨੇ ਇੱਕ ਲੱਖ 74 ਹਜ਼ਾਰ ਦਾ ਕਰਜ਼ ਮਾਫ਼ ਕੀਤਾ ਹੈ। ਰੋਪੜ ਜ਼ਿਲ੍ਹੇ ਦੇ ਪਿੰਡ ਝੱਲੀਆਂ ਕਲਾਂ ਵਿੱਚ ਕੋਆਪ੍ਰੇਟਿਵ ਸੁਸਾਇਟੀ ਵਿੱਚ ਲੱਗੀ ਸੂਚੀ ਵਿੱਚ ਉਸ ਦਾ ਨਾਮ 26ਵੇਂ ਨੰਬਰ ਉੱਤੇ ਦਰਜ ਹੈ।
ਰੋਪੜ ਦੇ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਗੁਰਬਾਜ਼ ਸਿੰਘ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਸੁਖਦੇਵ ਸਿੰਘ ਦੀ ਝੱਲੀਆਂ ਕਲਾਂ ਵਿੱਚ ਦੋ ਏਕੜ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਮਤਾਬਕ ਉਸ ਨੇ ਕਰਜ਼ਾ ਲਿਆ ਹੈ ਤੇ ਸਰਕਾਰ ਦੀ ਨੀਤੀ ਤਹਿਤ ਉਹ ਵੀ ਲਾਭਪਾਤਰੀ ਬਣਦਾ ਹੈ।
ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ ਮਤਾਬਕ ਹੀ ਸਹਿਕਾਰੀ ਸੁਸਾਇਟੀ ਝੱਲੀਆਂ ਕਲਾਂ ਨੇ ਉਸ ਦਾ 1, 74214 ਰੁਪਏ ਕਰਜ਼ਾ ਮਾਫ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫ਼ਿਲਹਾਲ ਸੁਖਦੇਵ ਸਿੰਘ ਦੇ ਕਰਜ਼ਾ ਮਾਫ਼ੀ ਉੱਤੇ ਰੋਕ ਲਾ ਦਿੱਤੀ ਹੈ। ਉਸ ਦੇ ਕੇਸ ਦਾ ਸੋਸ਼ਲ ਆਡਿਟ ਹੋਵੇਗਾ ਜਿਸ ਤੋਂ ਬਾਅਦ ਫ਼ੈਸਲਾ ਹੋਵੇਗਾ।
ਪਰਲ ਗਰੁੱਪ ਦੇ ਐਮਡੀ ਸੁਖਦੇਵ ਸਿੰਘ ਇਸ ਸਮੇਂ ਧੋਖਾਧੜੀ ਦੇ ਕੇਸ ਵਿੱਚ ਜੇਲ੍ਹ ਬੰਦ ਹਨ ਪਰ ਪਿੰਡ ਦੇ ਲੋਕਾਂ ਵਿੱਚ ਉਸ ਦਾ ਨਾਮ ਸੂਚੀ ਵਿੱਚ ਆਉਣ ਕਾਰਨ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਕਾਰੋਬਾਰੀਆਂ ਤੇ ਪਿੰਡ ਵਿੱਚ ਵੱਡੀ ਕੋਠੀ ਹੋਣ ਦੇ ਬਾਅਦ ਵੀ ਕਰਜ਼ਾ ਮਾਫ਼ ਹੋ ਸਕਦਾ ਹੈ ਤਾਂ ਬਾਕੀ ਕਿਸਾਨਾਂ ਦਾ ਕੀ ਗੁਨਾਹ ਹੈ। ਉਨ੍ਹਾਂ ਦਾ ਵੀ ਕਰਜ਼ਾ ਮਾਫ਼ ਹੋਣਾ ਚਾਹੀਦਾ ਹੈ।
ਸੂਚੀ ਵਿੱਚ ਕੀ ਲਿਖਿਆ- ਕੋਆਪ੍ਰੇਟਿਵ ਸੁਸਾਇਟੀ ਵਿੱਚ ਲੱਗੀ ਸੂਚੀ ਵਿੱਚ 26ਵੇਂ ਨੰਬਰ ਉੱਤੇ ਸੁਖਦੇਵ ਸਿੰਘ ਪੁੱਤਰ ਰਘਵੀਰ ਸਿੰਘ ਲਿਖਿਆ ਹੈ। ਸੁਖਦੇਵ ਸਿੰਘ ਦਾ ਆਧਾਰ ਨੰਬਰ 9703, ਕੋਆਪ੍ਰੇਟਿਵ ਸੁਸਾਇਟੀ ਦਾ ਅਕਾਉਂਟ ਨੰਬਰ 173810010300315 ਦਿੱਤਾ ਗਿਆ ਹੈ। ਸੁਸਾਇਟੀ ਵੱਲ ਖੜ੍ਹੀ ਰਕਮ ਇੱਕ ਲੱਖ 74 ਹਜ਼ਾਰ ਦਰਸਾਈ ਗਈ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਜੱਗੋਂ ਤੇਰ੍ਹਵੀਂ ਵਾਲੀ ਗੱਲ ਕੀਤੀ ਹੈ ਕਿ ਕਰੋੜਾਂ ਦੇ ਘਪਲੇਬਾਜ਼ ਨੂੰ ਕਰਜ਼ੇ ਤੋਂ ਪੀੜਤ ਗ਼ਰੀਬ ਕਿਸਾਨ ਵਜੋਂ ਸਹੂਲਤ ਮਿਲੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਕਿਸੇ ਵੀ ਵਿਅਕਤੀ ਨੂੰ ਲੋਕ ਭਲਾਈ ਸਕੀਮ ਦਾ ਫ਼ਾਇਦਾ ਨਹੀਂ ਦੇਣ ਚਾਹੀਦਾ ਜਿਸ ਉੱਤੇ ਫ਼ੌਜਦਾਰੀ ਕੇਸ ਰਜਿਸਟਰ ਹੋਵੇ। ਉਨ੍ਹਾਂ ਕਿਹਾ ਜਥੇਬੰਦੀ ਸੁਖਦੇਵ ਸਿੰਘ ਦੇ ਕਰਜ਼ਾ ਮਾਫ਼ੀ ਦਾ ਡਟ ਕੇ ਵਿਰੋਧ ਕਰਦੀ ਹੈ।
ਕਿਸਾਨ ਲੀਡਰ ਨੇ ਕਿਹਾ ਕਿ ਇਕੱਲਾ ਸੁਖਦੇਵ ਸਿੰਘ ਹੀ ਨਹੀਂ ਪੂਰੇ ਪੰਜਾਬ ਵਿੱਚ ਕਰਜ਼ਾ ਮਾਫ਼ੀ ਸੂਚੀ ਵਿੱਚ ਵੱਡੇ ਪੱਧਰ ‘ਤੇ ਧਾਂਦਲੀਆਂ ਸਾਹਮਣੇ ਆ ਰਹੀਆਂ ਹਨ। ਲੋੜਵੰਦ ਗ਼ਰੀਬ ਕਿਸਾਨ ਸੂਚੀ ਤੋਂ ਬਾਹਰ ਹਨ। ਇਨ੍ਹਾਂ ਧਾਂਦਲੀਆਂ ਖ਼ਿਲਾਫ਼ ਉਨ੍ਹਾਂ ਦੀ ਜਥੇਬੰਦੀ 19 ਜਨਵਰੀ ਨੂੰ ਸੂਬੇ ਵਿੱਚ ਜ਼ਿਲ੍ਹਾ ਪੱਧਰੀ ਧਰਨੇ ਲਾ ਰਹੇ ਹਨ। ਜਿੱਥੇ ਸੁਖਦੇਵ ਸਿੰਘ ਦਾ ਮਾਮਲਾ ਵੀ ਚੁੱਕਿਆ ਜਾਵੇਗਾ।