ਭਿੰਡ— ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਬਰਾਸੋ ਥਾਣਾ ਖੇਤਰ ਦੇ ਸੁੰਦਰਪੁਰਾ ਪਿੰਡ ‘ਚ ਮੋਬਾਇਲ ਮੰਗਣ ਨੂੰ ਲੈ ਕੇ ਹੋਈ ਕਹਾਸੁਣੀ ‘ਚ ਪਤਨੀ ਦਾ ਕਤਲ ਕਰਨ ਵਾਲੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀ ਵਿਮਲ ਜੈਨ ਨ ਦੱਸਿਆ ਕਿ ਸੋਨਕਲੀ (23) ਦੇ ਕਤਲ ਦੇ ਮਾਮਲੇ ‘ਚ ਸ਼ਨੀਵਾਰ ਨੂੰ ਉਸ ਦੇ ਪਤੀ ਅਨਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅਨਿਲ ਨੇ ਸੋਨਕਲੀ ‘ਤੇ ਡੰਡੇ ਨਾਲ ਵਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਤਿੰਨ ਸਤੰਬਰ ਨੂੰ ਗਵਾਲੀਅਰ ‘ਚ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਦੋਸ਼ੀ ਦੇ ਖਿਲਾਫ ਕਤਲ ਦੀ ਸ਼ਿਕਾਇਤ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ। ਦੱਸਿਆ ਗਿਆ ਹੈ ਕਿ ਸੋਨਕਲੀ ਨੇ ਆਪਣੇ ਪਤੀ ਅਨਿਲ ਤੋਂ ਪੇਕੇ ਗੱਲ ਕਰਨ ਲਈ ਮੋਬਾਇਲ ਮੰਗਿਆ ਸੀ ਪਰ ਅਨਿਲ ਨੇ ਉਸ ਨੂੰ ਸ਼ਾਮ ਨੂੰ ਗੱਲ ਕਰਨ ਦਾ ਕਹਿ ਕੇ ਮੋਬਾਇਲ ਨਹੀਂ ਦਿੱਤਾ।
ਪਤਨੀ ਮੋਬਾਇਲ ਨੂੰ ਲੈ ਕੇ ਜਿੱਦ ਕਰਨ ਲੱਗੀ, ਜਿਸ ਕਾਰਨ ਦੋਹਾਂ ਦਰਮਿਆਨ ਕਹਾਸੁਣੀ ਹੋ ਗਈ। ਇਸ ਦੌਰਾਨ ਪਤਨੀ ਨੇ ਅਨਿਲ ਦੀ ਭੈਣ ਬਾਰੇ ਕੁਝ ਕਹਿ ਦਿੱਤਾ, ਜਿਸ ਤੋਂ ਗੁੱਸਾਏ ਅਨਿਲ ਨੇ ਉਸ ਦੇ ਸਿਰ ‘ਤੇ ਡੰਡੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਗਈ। ਸੋਨਕਲੀ ਨੂੰ ਬੇਹੋਸ਼ੀ ਦੀ ਹਾਲਤ ‘ਚ ਲੈ ਕੇ ਅਨਿਲ ਮੇਹਗਾਓਂ ਹਸਪਤਾਲ ਲੈ ਗਿਆ। ਉੱਥੇ ਅਨਿਲ ਨੇ ਡਾਕਟਰ ਨੂੰ ਦੱਸਿਆ ਕਿ ਸੋਨਕਲੀ ਨੇ ਮੱਛਰ ਮਾਰਨ ਦੀ ਦਵਾਈ ਪੀ ਲਈ ਹੈ, ਜਿਸ ਕਾਰਨ ਬੇਹੋਸ਼ ਹੈ। ਡਾਕਟਰ ਨੇ ਪ੍ਰਾਇਮਰੀ ਇਲਾਜ ਤੋਂ ਬਾਅਦ ਸੋਨਕਲੀ ਨੂੰ ਗਵਾਲੀਅਰ ਰੈਫਰ ਕਰ ਦਿੱਤਾ। ਗਵਾਲੀਅਰ ‘ਚ ਇਲਾਜ ਦੌਰਾਨ ਸੋਨਕਲੀ ਦੀ ਮੌਤ ਹੋ ਗਈ ਸੀ।