ਚੰਡੀਗੜ੍ਹ, 6 ਨਵੰਬਰ (ਰਾਮ ਸਿੰਘ ਬਰਾੜ)-ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਜੇਲ੍ਹ ‘ਚ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।
ਉਸ ਦਾ ਵਜ਼ਨ ਕਰੀਬ 10 ਕਿੱਲੋ ਘਟ ਗਿਆ ਹੈ। ਉਸ ਦੀ ਦਾੜ੍ਹੀ ਵੀ ਜੜ੍ਹਾਂ ਤੋਂ ਸਫ਼ੈਦ ਹੋ ਗਈ ਹੈ ਅਤੇ ਚਿਹਰੇ ਦੀ ਚਮਕ ਤੇ ਲਾਲੀ ਖ਼ਤਮ ਹੋਣ ਦੇ ਨਾਲ ਹੀ ਉਸ ਦਾ ਰੰਗ ਹੌਲੀ-ਹੌਲੀ ਕਾਲਾ ਪੈਣਾ ਸ਼ੁਰੂ ਹੋ ਗਿਆ ਹੈ।
ਸੂਤਰਾਂ ਅਨੁਸਾਰ ਰਾਮ ਰਹੀਮ ਜਦੋਂ ਜੇਲ੍ਹ ‘ਚ ਆਇਆ ਸੀ ਤਾਂ ਉਸ ਦਾ ਵਜ਼ਨ ਕਰੀਬ 105 ਕਿੱਲੋ ਤੋਂ ਥੋੜ੍ਹਾ ਜ਼ਿਆਦਾ ਸੀ ਜੋ ਹੁਣ ਕਰੀਬ 95 ਕਿੱਲੋ ਰਹਿ ਗਿਆ ਹੈ।
ਰਾਮ ਰਹੀਮ ਆਪਣਾ ਜ਼ਿਆਦਾਤਰ ਸਮਾਂ ਸੈਰ ਕਰਨ ਤੇ ਉਸ ਵਲੋਂ ਜੇਲ੍ਹ ‘ਚ ਉਗਾਈਆਂ ਸਬਜ਼ੀਆਂ ਦੀ ਦੇਖ-ਭਾਲ ਕਰਨ ‘ਚ ਲਾਉਂਦਾ ਹੈ।
ਜੇਲ੍ਹ ‘ਚ ਉਹ ਜ਼ਿਆਦਾਤਰ ਮਾਯੂਸ ਨਜ਼ਰ ਆਉਂਦਾ ਹੈ ਪਰ ਜਦੋਂ ਤੋਂ ਅਰੂਸ਼ੀ ਹੱਤਿਆ ਕਾਂਡ ‘ਚ ਤਲਵਾਰ ਪਤੀ-ਪਤਨੀ ਦੀ ਸਜ਼ਾ ਮੁਆਫ਼ ਹੋਣ ਦੀ ਖ਼ਬਰ ਰਾਮ ਰਹੀਮ ਨੂੰ ਆਪਣੇ ਪਰਿਵਾਰ ਤੇ ਵਕੀਲਾਂ ਰਾਹੀਂ ਮਿਲੀ ਹੈ ਤਾਂ ਉਸ ਦੇ ਚਿਹਰੇ ‘ਤੇ ਥੋੜ੍ਹੀ ਰਾਹਤ ਜ਼ਰੂਰ ਦੇਖੀ ਗਈ ਹੈ।
ਉਸ ਨੇ ਆਪਣੇ ਵਕੀਲਾਂ ਤੇ ਪਰਿਵਾਰ ਵਾਲਿਆਂ ਨੂੰ ਹਰ ਸੰਭਵ ਕਾਨੂੰਨੀ ਪ੍ਰਕਿਰਿਆ ਆਪਣਾ ਕੇ ਉਸ ਨੂੰ ਜਲਦ ਉਪਰਲੀ ਅਦਾਲਤ ਤੋਂ ਰਾਹਤ ਦਿਵਾਉਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਜੇਲ੍ਹ ਦੀ ਕੰਟੀਨ ਤੋਂ 6 ਹਜ਼ਾਰ ਰੁਪਏ ਮਹੀਨੇ ਦੀ ਖ਼ਰੀਦਦਾਰੀ ਦੀ ਸਾਰੇ ਕੈਦੀਆਂ ਨੂੰ ਮਿਲਣ ਵਾਲੀ ਸਹੂਲਤ ਦਾ ਪੂਰਾ ਫ਼ਾਇਦਾ ਚੁੱਕਦਾ ਹੈ।
ਇਸ ਨਾਲ ਉਹ ਕੰਟੀਨ ਤੋਂ ਸੇਬ, ਕੇਲੇ, ਦੁੱਧ, ਦਹੀਂ, ਸ਼ੈਂਪੂ ਤੇ ਤੇਲ ਵਗ਼ੈਰਾ ਖ਼ਰੀਦਦਾ ਹੈ। ਹੁਣ ਠੰਢੇ ਪਾਣੀ ਨਾਲ ਨਹਾਉਣ ‘ਚ ਰਾਮ ਰਹੀਮ ਨੂੰ ਕਾਫ਼ੀ ਪ੍ਰੇਸ਼ਾਨੀ ਮਹਿਸੂਸ ਹੋ ਰਹੀ ਹੈ ਅਤੇ ਉਸ ਨੇ ਗਰਮ ਪਾਣੀ ਦਿੱਤੇ ਜਾਣ ਦੀ ਮੰਗ ਕੀਤੀ ਹੈ, ਜਿਸ ਨੂੰ ਇਹ ਕਹਿ ਕੇ ਨਕਾਰ ਕਰ ਦਿੱਤਾ ਗਿਆ ਹੈ ਕਿ ਜੋ ਸਹੂਲਤਾਂ ਦੂਜੇ ਕੈਦੀਆਂ ਨੂੰ ਜੇਲ੍ਹ ਨਿਯਮਾਂ ਅਨੁਸਾਰ ਉਪਲਬਧ ਹਨ ਉਹੀ ਉਸ ਨੂੰ ਮਿਲ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਮਰੀਜ਼ ਹੋਣ ਕਾਰਨ ਉਸ ਦੀ ਰੋਜ਼ਾਨਾ ਜਾਂਚ ਹੋ ਰਹੀ ਹੈ ਤੇ ਉਸ ਨੂੰ ਲਗਾਤਾਰ ਦਵਾਈ ਦਿੱਤੀ ਜਾ ਰਹੀ ਹੈ।