ਪੂਰੇ ਉੱਤਰੀ ਭਾਰਤ ਵਿਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਇਸ ਕਾਰਨ ਹੁਣ ਤੱਕ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਦਿਨੀਂ ਪੰਜਾਬ ਵਿਚ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਸੀ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ ਪਰ ਹੁਣ ਹਰਿਆਣਾ ਵਿਚ ਵੀ ਧੁੰਦ ਕਾਰਨ ਮਹਿਲਾ ਕਬੱਡੀ ਖਿਡਾਰਨਾਂ ਦੀ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ ਹੈ।
ਇੱਥੇ ਨੈਸ਼ਨਲ ਹਾਈਵੇਅ-9 ‘ਤੇ ਸ਼ਨੀਵਾਰ ਨੂੰ ਮਹਿਲਾ ਖਿਡਾਰੀਆਂ ਦੀ ਜੀਪ ਸੰਘਣੀ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਨਾਲ ਡਰਾਈਵਰ ਸਮੇਤ ਇੱਕ ਲੜਕੀ ਦੀ ਮੌਤ ਹੋ ਗਈ, ਜਦੋਂ ਕਿ 8 ਖਿਡਾਰਨਾਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਮਹਿਲਾ ਖਿਡਾਰਨਾਂ ਦੀ ਜੀਪ ਡੰਪਰ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Players jeep dupmer Collision
ਹਾਦਸੇ ਦੇ ਸਮੇਂ ਗੱਡੀ ਵਿਚ ਡਰਾਈਵਰ ਸਮੇਤ ਕੁੱਲ 15 ਲੋਕ ਸਵਾਰ ਸਨ। ਸਾਰੇ ਸਿਰਸਾ ਤੋਂ ਪਾਣੀਪਤ ਜਾ ਰਹੇ ਸਨ। ਜਾਣਕਾਰੀ ਅਨੁਸਾਰ ਇਹ ਖਿਡਾਰਨਾਂ ਸਟੇਟ ਕਬੱਡੀ ਟੂਰਨਾਮੈਂਟ ਵਿਚ ਭਾਗ ਲੈਣ ਲਈ ਜਾ ਰਹੀਆਂ ਸਨ। ਘਟਨਾ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਖਾਰਾ ਖੇੜੀ ਸਥਿਤ ਜਵਾਹਰ ਨਵੋਦਿਆ ਸਕੂਲ ਦੇ ਸਾਹਮਣੇ ਵਾਪਰੀ ਹੈ। ਇੱਥੇ ਇੱਕ ਜੀਪ ਆਪਣੇ ਅੱਗੇ ਚੱਲ ਰਹੇ ਇੱਕ ਡੰਪਰ ਨਾਲ ਟਕਰਾ ਗਈ।
Players jeep dupmer Collision
ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਡਰਾਈਵਰ ਨੂੰ ਦੇਖਣ ਵਿਚ ਪਰੇਸ਼ਾਨੀ ਹੋ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜੀਪ ਵਿਚ ਕਬੱਡੀ ਖਿਡਾਰਨਾਂ ਸਵਾਰ ਸਨ ਜੋ ਸਿਰਸਾ ਤੋਂ ਪਾਣੀਪਤ ਸਟੇਟ ਪੱਧਰ ਦੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਜਾ ਰਹੀਆਂ ਸਨ।
ਇਸ ਹਾਦਸੇ ਵਿਚ ਜੀਪ ਦੇ ਡਰਾਈਵਰ ਵਿਜੈ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਜੀਪ ਵਿਚ ਸਵਾਰ 9 ਖਿਡਾਰਨਾਂ ਨੂੰ ਕਾਫ਼ੀ ਸੱਟਾਂ ਵੱਜੀਆਂ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਖਿਡਾਰਨ ਦੀ ਪਹਿਚਾਣ ਸਿਰਸਾ ਦੇ ਪਿੰਡ ਮੋੜੀ ਦੀ 17 ਸਾਲਾ ਕਮਲਦੀਪ ਦੇ ਰੂਪ ਵਿਚ ਹੋਈ ਹੈ।
ਹਾਦਸੇ ਵਿਚ ਜ਼਼ਖ਼ਮੀ ਹੋਈਆਂ ਬਾਕੀ ਖਿਡਾਰਨਾਂ ਨੂੰ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਕਬੱਡੀ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਇਹਨਾਂ ਖਿਡਾਰਨਾਂ ਨੇ ਸਟੇਟ ਪੱਧਰ ਦੀ ਚੈਂਪੀਅਨਸ਼ਿਪ ਵਿਚ ਭਾਗ ਲੈਣਾ ਸੀ।
ਕੁਝ ਦਿਨ ਪਹਿਲਾਂ ਪੰਜਾਬ ਦੇ ਬਠਿੰਡਾ ‘ਚ ਵੀ ਸਵੇਰੇ ਸੰਘਣੀ ਧੁੰਦ ਪੈਣ ਕਾਰਨ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿਚ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ ਤੇ ਟਰੱਕ ਉਨ੍ਹਾਂ ਸਵਾਰੀਆਂ ‘ਤੇ ਜਾ ਚੜ੍ਹਿਆ। ਤੇ ਉਸ ਸਮੇਂ ਹੀ 10 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ‘ਚ ਜ਼ਿਆਦਾਤਰ ਵਿਦਿਆਰਥੀ ਸਨ।
Players jeep dupmer Collision
ਇਸ ਤੋਂ ਪਹਿਲਾਂ ਬੀਤੇ ਦਿਨੀਂ ਫਿਰੋਜ਼ਪੁਰ -ਫਾਜ਼ਿਲਕਾ ਰੋਡ ‘ਤੇ ਪਿੰਡ ਕਰੀ-ਕਲਾਂ ਨੇੜੇ ਓਵਰਟੇਕ ਕਰਨ ਦੇ ਚੱਕਰ ‘ਚ ਪੰਜਾਬ ਰੋਡਵੇਜ਼ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਸੀ, ਜਦ ਕਿ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
ਇਸ ਦੇ ਨਾਲ ਹੀ ਸੰਘਣੀ ਧੁੰਦ ਕਾਰਨ ਇੱਕ ਹੋਰ ਹਾਦਸੇ ਦੇ ਕਾਰਨ ਨਾਭਾ ਦੇ ਭਵਾਨੀਗੜ੍ਹ ‘ਚ ਭਿਆਨਕ ਸੜਕ ਹਾਦਸੇ ਵਾਪਰ ਗਿਆ। ਇਹ ਹਾਦਸਾ ਟਰੱਕ ਅਤੇ ਬੱਸ ਦੇ ਵਿਚਕਾਰ ਹੋਈ ਟੱਕਰ ਕਰਕੇ ਹੋਇਆ। ਮਿਲੀ ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਇਕ ਨਿੱਜੀ ਬੱਸ ਭਵਾਨੀਗੜ੍ਹ ਸੜਕ ‘ਤੇ ਖੜ੍ਹੇ ਟਰੱਕ ‘ਚ ਵੱਜੀ, ਜਿਸ ਕਾਰਨ ਬੱਸ ‘ਚ ਸਵਾਰ 9 ਲੋਕ ਜ਼ਖ਼ਮੀ ਹੋ ਗਏ ਸਨ।