‘ਆਊਟਲੁੱਕ’ ਅਨੁਸਾਰ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਨਾਲ਼ ਸਿਰ ਇਕ ਵਾਰ ਫੇਰ ਸ਼ਰਮ ਨਾਲ਼ ਝੁੱਕ ਰਿਹਾ ਹੈ। ਤਸਵੀਰ ਵਿਚ ਗੱਤੇ ‘ਚ ਵਲੇਟੀਆਂ ਕੋਈ ਫਰਿੱਜਾਂ ਨਹੀਂ ਪਈਆਂ, ਸਗੋਂ ਹਵਾਈ ਫੌਜ ਦੇ ਉਨਾਂ ਜਵਾਨਾਂ ਦੀਆਂ ਦੇਹਾਂ ਹਨ, ਜਿਹੜੇ ਬੀਤੇ ਦਿਨੀਂ ਅਰੁਣਾਚਲ ਵਿਚ ਹਵਾਈ ਹਾਦਸੇ ਦੌਰਾਨ ਫਰਜ਼ ਤੋਂ ਕੁਰਬਾਨ ਹੋ ਗਏ ਸਨ। ਜੇਕਰ ਘਟਨਾ ਵਾਲ਼ੀ ਜਗਾਹ ‘ਤੇ ਤਾਬੂਤ ਨਹੀਂ ਸਨ ਪਹੁੰਚਾਏ ਜਾ ਸਕਦੇ ਤਾਂ ਘੱਟੋ-ਘੱਟ ਚੱਜਦੇ ਬੈਗ ਹੀ ਮੁਹਈਆ ਕਰਾ ਦਿੱਤੇ ਜਾਂਦੇ।ਫੌਜੀਆਂ ਦੇ ਤਾਬੂਤ ਖਾਣਿਆਂ ਦੇ ਵਾਰਸਾਂ ਦੇ ਰਾਜ ਵਿਚ ਦੇਹਾਂ ਦੀ ਏਦਾਂ ਹੋਈ ਬੇਹੁਰਮਤੀ ਦਾ ਜੇ ਸਾਬਕਾ ਲੈਫਟੀਨੈਂਟ ਜਨਰਲ ਐਚ.ਐੱਸ. ਪਨਾਗ ਨੇ ਟਵਿੱਟਰ ‘ਤੇ ਵਿਰੋਧ ਜਤਾਇਆ ਤਾਂ ਕੁਝ ਰੁਪਈਆਂ ‘ਚ ਬੇਗਾਨੇ ਇਸ਼ਾਰੇ ‘ਤੇ ਟਵੀਟ ਕਰਨ ਵਾਲ਼ੇ ‘ਟਰੋਲ-ਟੋਲੇ’ ਨੇ ਉਸ ਫੌਜੀ ਅਫ਼ਸਰ ਨੂੰ (ਪਨਾਗ) ਨੂੰ ਹੀ ਦੇਸ਼ ਵਿਰੋਧੀ ਗਰਦਾਨ ਦਿੱਤਾ, ਜਿਸ ਨੇ ਆਪਣੀ ਸਾਰੀ ਜ਼ਿੰਦਗੀ ‘ਜਿਊਂਦੀਆਂ ਲਾਸ਼ਾਂ’ ਦੇ ਲੇਖੇ ਲਾ ਦਿੱਤੀ। ਪੰਜਾਬੀ ਗਾਇਕ ਰਾਜ ਕਾਕੜੇ ਨੇ ਗੀਤ ਲਿਖਿਆ ਸੀ ‘ਅਸੀਂ ਤਿਰੰਗੇ ਖਾਤਿਰ ਮਰ ਗਏ,ਉਹ ਕੱਫਣ ਦਾ ਥਾਨ ਵੇਚ ਗਏ’ ਜਿਸ ਚ ਉਸਨੇ ਨੇਤਾਵਾਂ ਵਲੋਂ ਫੌਜੀਆਂ ਦੇ ਲਾਸ਼ਾਂ ਦੇ ਕੱਫਣ ਤੱਕ ਵੇਚਣ ਦੀ ਗੱਲ ਕੀਤੀ ਸੀ ਜੋ ਇਸ ਫੋਟੋ ਨੂੰ ਦੇਖਕੇ ਸੱਚ ਹੋ ਨਿਬੜੀ ਲਗਦੀ ਹੈ।ਫੌਜੀ ਜੋ ਦੇਸ਼ ਲਈ ਆਪਣਾ ਆਪ ਕੁਰਬਾਨ ਕਰ ਦਿੰਦੇ ਹਨ ਪਰ ਇਹ ਤਸਵੀਰ ਦੱਸ ਰਹੀ ਕਿ ਇਸ ਮੁਲਕ ਵਿਚ ਉਹਨਾਂ ਫੌਜੀਆਂ ਦਾ ਕਿੰਨਾ ਕੁ ਸਤਿਕਾਰ ਹੁੰਦਾ। ਇਸ ਦੇਸ਼ ਦੇ ਇਹ ਹਲਾਤ ਉਦੋਂ ਤੱਕ ਰਹਿਣਗੇ ਜਦੋਂ ਤੱਕ ਲੋਕ ਖੁਦ ਇਹਨਾਂ ਖੁਦਗਰਜ ਲੀਡਰਾਂ ਨੂੰ ਕੁਰਸੀਆਂ ਤੋਂ ਧੂ ਕੇ ਥੱਲੇ ਨੀਂ ਸੁੱਟਦੇ।