ਚੰਡੀਗੜ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਮਾਰਗ ਮੰਤਰੀ ਨਿਤੀਨ ਗਡਕਰੀ ਨੂੰ ਬੇਨਤੀ ਕੀਤੀ ਸੀ ਕਿ ਉਹ ਖੇਤੀਬਾੜੀ ਦੇ ਕੰਮਾਂ ਲਈ ਇਸਤੇਮਾਲ ਹੁੰਦੇ ਟਰੈਕਟਰਾਂ ਨੂੰ ਕਮਰਸ਼ੀਅਲ ਵਾਹਨਾਂ ਦੀ ਸੂਚੀ ਵਿਚੋਂ ਬਾਹਰ ਕੱਢ ਦੇਣ, ਕਿਉਂਕਿ ਇਸ ਦਾ ਮੁਲਕ ਦੇ ਲੱਖਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਉੱਤੇ ਮਾੜਾ ਅਸਰ ਪੈ ਰਿਹਾ ਹੈ।
ਇਸ ਮਾਮਲੇ ‘ਚ ਹੁਣੇ ਹੁਣੇ ਆਈ ਖਬਰ ਅਨੁਸਾਰ ਟਰੈਕਟਰਾਂ ਨੂੰ ਕਮਰਸ਼ੀਅਲ ਵਾਹਨਾਂ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਮੁੱਦੇ ਉੱਤੇ ਸ੍ਰੀ ਗਡਕਰੀ ਨੂੰ ਲਿਖੇ ਇੱਕ ਪੱਤਰ ਵਿਚ ਬੀਬੀ ਬਾਦਲ ਨੇ ਕਿਹਾ ਸੀ ਕਿ ਨਵੇਂ ਨਿਯਮਾਂ ਮੁਤਾਬਿਕ ਟਰੈਕਟਰਾਂ ਨੂੰ ਗੈਰ ਆਵਾਜਾਈ ਵਾਹਨਾਂ ਦੀ ਸ਼੍ਰੇਣੀ ਵਿਚੋਂ ਬਾਹਰ ਰੱਖਿਆ ਗਿਆ ਹੈ।
ਇਸ ਦਾ ਅਰਥ ਹੈ ਕਿ ਖੇਤੀਬਾੜੀ ਕੰਮਾਂ ਲਈ ਇਸਤੇਮਾਲ ਹੁੰਦੇ ਟਰੈਕਟਰਾਂ ਨੂੰ ਕਮਰਸ਼ੀਅਲ ਆਵਾਜਾਈ ਵਾਹਨਾਂ ਦੇ ਬਰਾਬਰ ਸਮਝਿਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਇੱਕ ਵਾਰ ਜਦੋਂ ਇਹ ਨਵਾਂ ਕਾਨੂੰਨ ਲਾਗੂ ਹੋ ਗਿਆ ਤਾਂ ਕਮਰਸ਼ੀਅਲ ਵਾਹਨਾਂ ਉੱਤੇ ਲਾਗੂ ਹੋਣ ਵਾਲੇ ਸਾਰੇ ਨਿਯਮ ਟਰੈਕਟਰਾਂ ਉੱਤੇ ਵੀ ਲਾਗੂ ਹੋਣਗੇ।
ਇਹਨਾਂ ਵਿਚ ਪਰਮਿਟ ਦੀ ਜਰੂਰਤ ਅਤੇ ਚਲਾਉਣ ਲਈ ਵਿੱਦਿਅਕ ਯੋਗਤਾ ਤੋਂ ਇਲਾਵਾ ਜੀਐਸਟੀ ਦੇ ਵਿੱਤੀ ਅੜਿੱਕੇ ਵੀ ਸ਼ਾਮਿਲ ਹਨ, ਜਿਹੜੇ ਕਿ 12 ਫੀਸਦ ਤੋਂ 28 ਫੀਸਦ ਤਕ ਚਲੇ ਜਾਣਗੇ। ਸੜਕੀ ਆਵਾਜਾਈ ਅਤੇ ਸ਼ਾਹਮਾਰਗ ਮੰਤਰਾਲੇ ਨੂੰ ਇਸ ਫੈਸਲੇ ਬਾਰੇ ਮੁੜ ਗੌਰ ਕਰਨ ਲਈ ਬੇਨਤੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਸੀ ਕਿ ਮੁਲਕ ਅੰਦਰ, ਖਾਸ ਕਰਕੇ ਪੰਜਾਬ ਜਿਹੜਾ ਕਿ ਇੱਕ ਖੇਤੀਬਾੜੀ ਵਾਲਾ ਸੂਬਾ ਹੈ।
ਪੰਜਾਬ ਦੇ ਕਿਸਾਨਾਂ ਦੀ ਵਿੱਤੀ ਅਤੇ ਦੂਜੀਆਂ ਵਿਸੇਸ਼ਤਾਈਆਂ ਨੂੰ ਧਿਆਨ ਵਿਚ ਰੱਖਦਿਆਂ ਟਰੈਕਟਰਾਂ ਨੂੰ ਕਮਰਸ਼ੀਅਲ ਵਾਹਨਾਂ ਦੇ ਦਾਇਰੇ ਵਿੱਚੋਂ ਬਾਹਰ ਰੱਖੇ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹ ਇਸ ਲਈ ਵੀ ਜਰੂਰੀ ਹੈ, ਕਿਉਂਕਿ ਕਿਸਾਨ ਪਹਿਲਾਂ ਮੰਦੀ ਦਾ ਸ਼ਿਕਾਰ ਹਨ ਅਤੇ ਟਰੈਕਟਰਾਂ ਉੱਤੇ ਟੈਕਸ ਲਗਾਉਣ ਨਾਲ ਉਹਨਾਂ ਉੱਤੇ ਹੋਰ ਬੋਝ ਪੈ ਜਾਵੇਗਾ।