ਬਸਤੀ: ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿੱਚ ਲੋਕ ਜਦੋਂ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. ਵਿੱਚੋਂ ਰੁਪਏ ਕਢਵਾਉਣ ਲਈ ਪਹੁੰਚੇ ਤਾਂ ਜਿਵੇਂ ਚਮਤਕਾਰ ਹੀ ਹੋ ਗਿਆ। 500 ਤੋਂ ਘੱਟ ਰੁਪਏ ਕਢਵਾਉਣ ਵਾਲਿਆਂ ਨੂੰ ਵੀ 500 ਤੇ 2000 ਦੇ ਨੋਟ ਮਿਲਣ ਲੱਗੇ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ।
ਪੀ.ਐਨ.ਬੀ. ਦੇ ਏ.ਟੀ.ਐਮ. ਤੋਂ ਪੈਸਾ ਕਢਵਾਉਣ ਪਹੁੰਚੇ ਲੋਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਏ.ਟੀ.ਐਮ. ਵਿੱਚ ਕਿਸੇ ਖ਼ਰਾਬੀ ਕਾਰਨ ਉਹ ਵਾਧੂ ਪੈਸੇ ਦੇਣ ਲੱਗਾ। ਕਈ ਲੋਕਾਂ ਨੇ ਇਸ ਮੌਕੇ ਦਾ ਖ਼ੂਬ ਲਾਹਾ ਲਿਆ ਤੇ ਜੰਮ ਕੇ ਪੈਸੇ ਕਢਵਾ ਲਏ। ਇਹ ਗੱਲ ਬਾਹਰ ਨਿਕਲੀ ਤਾਂ ਦੂਰ-ਦੂਰ ਤਕ ਫੈਲ ਗਈ ਤੇ ਹੋਰ ਲੋਕ ਪੈਸੇ ਕਢਵਾਉਣ ਲਈ ਪਹੁੰਚਣ ਲੱਗੇ।
ਜਦੋਂ ਬੈਂਕ ਵਿੱਚ ਇਹ ਖ਼ਬਰ ਪਹੁੰਚੀ ਤਾਂ ਉੱਥੇ ਭੁਚਾਲ ਹੀ ਆ ਗਿਆ। ਸ਼ਾਖ ਪ੍ਰਬੰਧਕ ਨੇ ਮੌਕੇ ‘ਤੇ ਪਹੁੰਚ ਕੇ ਏ.ਟੀ.ਐਮ. ਬੰਦ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੈਨੇਜਰ ਨੇ ਦੱਸਿਆ ਕਿ ਏ.ਟੀ.ਐਮ. ਦੇ ਕੈਸੇਟ ਵਿੱਚ ਕੋਈ ਗੜਬੜੀ ਹੋਈ ਹੈ।
ਉਨ੍ਹਾਂ ਦੱਸਿਆ ਕਿ 100 ਦੀ ਥਾਂ ‘ਤੇ 500 ਤੇ 2000 ਦੇ ਨੋਟ ਪਾ ਦਿੱਤੇ ਗਏ। ਇਹ ਗ਼ਲਤੀ ਪੈਸੇ ਪਾਉਣ ਵਾਲਿਆਂ ਤੋਂ ਹੋਈ ਹੈ। ਫ਼ਿਲਹਾਲ ਏ.ਟੀ.ਐਮ. ਤੋਂ ਕਿੰਨੇ ਪੈਸੇ ਨਿਕਲੇ ਹਨ, ਇਸ ਦੀ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਪੈਸਾ ਕਢਵਾਉਣ ਵਾਲਿਆਂ ਤੋਂ ਵਸੂਲੀ ਕੀਤੀ ਜਾਵੇਗੀ। ਸ਼ੁਰੂਆਤੀ ਜਾਂਚ ਵਿੱਚ ਏ.ਟੀ.ਐਮ. ਤੋਂ 1.5 ਲੱਖ ਰੁਪਏ ਤੋਂ ਜ਼ਿਆਦਾ ਕਢਵਾਉਣ ਦੀ ਗੱਲ ਸਾਹਮਣੇ ਆਈ ਹੈ।