ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਸਿਰ ‘ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਪੁਲਿਸ ਨੂੰ ਉਸ ਦਾ ਖ਼ੁਦਕੁਸ਼ੀ ਨੋਟ ਮਿਲ ਗਿਆ ਹੈ, ਜਿਸ ਉਪਰੰਤ ਪੁਲਿਸ ਵਲੋਂ ਚਾਰ-ਪੰਜ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਨੇ ਭਾਵੇਂ ਖ਼ੁਦਕੁਸ਼ੀ ਨੋਟ ਮਿਲਣ ਦੀ ਪੁਸ਼ਟੀ ਤਾਂ ਕੀਤੀ, ਪਰ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਂਦਿਆਂ ਇਸ ਖ਼ੁਦਕੁਸ਼ੀ ਨੋਟ ‘ਚ ਜ਼ਿੰਮੇਵਾਰ ਠਹਿਰਾਏ ਗਏ ਵਿਅਕਤੀਆਂ ਦੇ ਨਾਂਅ ਦੱਸਣ ਤੇ ਵੇਰਵੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਪੁਲਿਸ ਸੂਤਰਾਂ ਅਨੁਸਾਰ ਇਹ ਖ਼ੁਦਕੁਸ਼ੀ ਨੋਟ ਉਨ੍ਹਾਂ ਦੀ ਗੱਡੀ ‘ਚ ਪਏ ਇਕ ਬੈਗ ‘ਚੋਂ ਮਿਲਿਆ ਹੈ। ਚਾਰ-ਪੰਜ ਸਫ਼ਿਆਂ ਦੇ ਇਸ ਖ਼ੁਦਕੁਸ਼ੀ ਨੋਟ ‘ਚ ਆਰਥਿਕ ਕਾਰਨਾਂ ਨੂੰ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਹੈ। ਜਿਸ ਅਨੁਸਾਰ ਉਹ ਵਿੱਤੀ ਘਾਟਾ ਚੱਲਣ ਕਾਰਨ ਪ੍ਰੇਸ਼ਾਨ ਦੱਸੇ ਗਏ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਰਜ਼ਦਾਰਾਂ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਵੀਡੀਓ ਮਾਮਲੇ ਨੂੰ ਉਜਾਗਰ ਕਰਨ ਵਾਲੇ ਕੁਝ ਵਿਅਕਤੀਆਂ ਦਾ ਵੀ ਇਸ ‘ਚ ਜ਼ਿਕਰ ਕੀਤਾ ਦੱਸਿਆ ਜਾ ਰਿਹਾ ਹੈ।
ਚਰਨਜੀਤ ਸਿੰਘ ਚੱਢਾ ਵਲੋਂ ਜ਼ਮਾਨਤੀ ਅਰਜ਼ੀ ਦਾਇਰ : ਉੱਧਰ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਵਲੋਂ ਆਪਣੇ ਵਕੀਲ ਰਾਹੀਂ ਅਗਾਉਂ ਜ਼ਮਾਨਤ ਦੀ ਅਰਜ਼ੀ ਇਥੇ ਅਦਾਲਤ ‘ਚ ਦਿੱਤੀ ਗਈ ਹੈ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸ: ਅਮਰਜੀਤ ਸਿੰਘ ਵਲੋਂ ਸੁਣਵਾਈ ਕਰਦਿਆਂ ਇਸ ਅਰਜ਼ੀ ‘ਤੇ ਸੁਣਵਾਈ ਲਈ ਅਗਲੀ ਤਾਰੀਖ਼ 10 ਜਨਵਰੀ ਨਿਰਧਾਰਿਤ ਕੀਤੀ ਹੈ। ਸਮਝਿਆ ਜਾਂਦਾ ਹੈ ਕਿ ਚਰਨਜੀਤ ਸਿੰਘ ਚੱਢਾ ਵੀ ਕਈ ਦਿਨ ਰੂਪੋਸ਼ ਰਹਿਣ ਤੋਂ ਬਾਅਦ ਅੱਜ ਅੰਮ੍ਰਿਤਸਰ ਪੁੱਜ ਗਏ ਹਨ, ਪਰ ਪੁਲਿਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੀ ਅੱਜ ਆਪਣੇ ਬੇਟੇ ਦੇ ਸਸਕਾਰ ‘ਚ ਸ਼ਾਮਿਲ ਹੋਣ ਦੀ ਵੀ ਸੰਭਾਵਨਾ ਹੈ।
ਸਸਕਾਰ ਅੱਜ ਜਾਂ ਕੱਲ੍ਹ ਸੰਭਵ
ਸਵ: ਇੰਦਰਪ੍ਰੀਤ ਸਿੰਘ ਚੱਢਾ ਦਾ ਅੱਜ ਜਾਂ ਭਲਕੇ ਸਸਕਾਰ ਕੀਤੇ ਜਾਣ ਦੀ ਸੰਭਾਵਨਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸਵਰਗੀ ਚੱਢਾ ਦਾ ਅੱਜ 4 ਜਨਵਰੀ ਨੂੰ ਪੋਸਟਮਾਰਟਮ ਹੋਵੇਗਾ।
ਪਰਿਵਾਰਕ ਸੂਤਰਾਂ ਅਨੁਸਾਰ ਸਵਰਗੀ ਚੱਢਾ ਦੇ ਤਿੰਨ ਪੁੱਤਰਾਂ ‘ਚੋਂ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਪੁੱਤਰ ਕੈਨੇਡਾ ਵਿਖੇ ਰਹਿ ਰਹੇ ਹਨ ਅਤੇ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਕਿ ਉਨ੍ਹਾਂ ਦੇ ਅੰਮ੍ਰਿਤਸਰ ਪੁੱਜਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ। ਸਵਰਗੀ ਚੱਢਾ ਦੇ ਦੋਵੇਂ ਪੁੱਤਰ ਜੋ ਕਿ ਕੈਨੇਡਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਚੁੱਕੇ ਹਨ, ਜੇਕਰ ਅੱਜ ਸ਼ਾਮ ਹੋਣ ਤੋਂ ਪਹਿਲਾਂ ਇਥੇ ਪਹੁੰਚ ਗਏ, ਤਾਂ ਸਵਰਗੀ ਚੱਢਾ ਦਾ ਸਸਕਾਰ ਕੱਲ੍ਹ ਹੋਵੇਗਾ, ਨਹੀਂ ਤਾਂ ਪਰਸੋਂ ਸਵੇਰੇ ਸਸਕਾਰ ਕੀਤੇ ਜਾਣ ਦੀ ਸੰਭਾਵਨਾ ਹੈ।