ਘਰਦਿਆਂ ਦੀ ਸਖ਼ਤ ਨਰਾਜ਼ਗੀ ਮੁੱਲ ਲੈ ਕੇ ਕੁੜੀ ਨੇ ਆਪਣੀ ਪਸੰਦ ਦੇ…
ਸੱਚੀ ਕਹਾਣੀ (ਨਾਮ ਤੇ ਜਗ੍ਹਾ ਬਦਲੀ ਗਈ ਆ)
“ਰੂਪ ਜਿਨਾ ਦੇ ਸੋਹਣੇ ਲੇਖ ਉਨਾ ਦੇ ਮਾੜੇ”
ਮਾਲਵੇ ਦੇ ਆਮ ਪਿੰਡਾਂ ਵਿਚ ਅੱਜ ਵੀ ਕੁੜੀਆ ਨੂੰ ਘਰੋ ਦੂਰ ਬਾਹਰ ਪੜਨ ਦੀ ਘੱਟ ਖੁੱਲ ਆ,ਸੰਨ 2008 ਵਿਚ ਮੋਗੇ ਵਲ ਦੇ ਕਿਸੇ ਪਿੰਡ ਤੋ ਇਕ ਕੁੜੀ ਚੰਡੀਗੜ ਨਰਸਿੰਗ ਲਈ ਗਈ,ਕਿਸੇ ਆਮ ਘਰੋ ਨੀ ਸੀ ਉਹ ਕੁੜੀ ਬਹੁਤ ਹੀ ਤਗੜੇ ਜਿਮੀਦਾਰਾ ਦੀ ਇਕੱਲੀ ਕੁੜੀ ਸੀ ਤੇ ਚਾਲੀ ਕਿੱਲੇ ਆਉਦੇ ਉਹਨੂੰ।ਆਪਣੇ ਸੁਹਾਪਣ, ਵਧੀਆ ਸੁਭਾਅ ਤੇ ਬਾਣੀ ਦਾ ਪਾਠ ਹਰ ਵੇਲੇ ਮੂੰਹ ਤੇ ਰਹਿਣ ਕਰਕੇ ਚੰਡੀਗੜ ਵਰਗੇ ਸ਼ਹਿਰ ਦੇ ਕਾਲਜ ਵਿਚ ਇਜਤ ਕਮਾਈ ਉਹਨੇ,ਸਾਰਾ ਕਾਲਜ ਉਹਦੀਆ ਤਰੀਫਾ ਕਰਦਾ ਨਾ ਥੱਕਦਾ,
ਹੌਲੀ ਹੌਲੀ ਉਹਦੀ ਆਪਣੀ ਦੂਰ ਦੀ ਰਿਸ਼ਤੇਦਾਰੀ ਵਿਚ ਹੀ ਕਿਸੇ ਮੁੰਡੇ ਨਾਲ ਦੋਸਤੀ ਹੋਈ,ਤੇ ਘਰਦਿਆ ਦੀ ਨਰਾਜਗੀ ਦੇ ਬਾਵਜੂਦ ਪਹਿਲੀ ਉਮਰ ਦੇ ਪਿਆਰ ਵਿਚ ਬਦਲ ਗਈ,ਕੁੜੀ ਦੇ ਘਰਦੇ ਕਦੇ ਵੀ ਖੁਸ਼ ਨੀ ਸੀ ਏਸ ਰਿਸ਼ਤੇ ਤੋ,ਵੱਡੇ ਸਰਦਾਰਾ ਦੀ ਇਕਲੌਤੀ ਕੁੜੀ ਲਾਡਾ ਨਾਲੀ ਪਲੀ ਸੀ ਤੇ ਮੁਂਡਾ ਸਾਵਾ ਜਿਆ ਹੀ ਸੀ ਘਰੋ,ਸੋਹਣੇਪਨ ਵਿਚ ਕੁੜੀ ਨੂੰ ਵੇਖ ਚੰਨ ਵੀ ਸ਼ਰਮਾਉਦਾਂ ਸੀ ਤੇ ਮੁੰਡਾਂ ਚੰਨ ਦਾ ਦਾਗ ਸੀ ਦੇਖਣ ਵਿਚ,ਕੁੜੀ ਪੰਜਾਂਬ ਦੇ ਟੌਪ ਦੇ ਕਾਲਜ ਵਿਚ ਸ਼ੌਕੀਆ ਨਰਸਿੰਗ ਕਰਦੀ ਸੀ ਤੇ ਮੁੰਡਾਂ ਕਦੇ Arts ਕਾਲਜ ਦੇ ਮੁਹਰੋ ਨੀ ਲੰਘਿਆ ਸੀ,ਸਕੂਲ ਫੇਲ ਸੀ।ਮੁੱਕਦੀ ਗੱਲ ਇਹ ਦੁਨਿਆਵੀ ਤਰਾਜੂ ਤੇ ਤੋਲਿਆ ਜਾਵੇ ਤਾ ਮੁੰਡਾਂ ਕੁੜੀ ਦੇ ਸੌਹ ਕੋਹ ਕੋਲ ਤੋ ਨੀ ਸੀ ਲੰਘ ਸਕਦਾ।
ਪਰ ਜੇ ਇਸ਼ਕ ਇਹਨਾ ਊਣਤਾਈਆ ਦਾ ਮੁਹਤਾਜ ਹੁੰਦਾਂ ਤਾ ਏਹਦੇ ਤੇ ਅੱਜਤਕ ਐਨੀਆ ਕਹਾਣੀਆ ਫਿਲਮਾ ਨਾ ਬਣਦੀਆ। ਘਰਦਿਆ ਦੀ ਸਖਤ ਨਰਾਜਗੀ ਮੁੱਲ ਲੈ ਕੇ ਕੁੜੀ ਨੇ ਉਸ ਮੁੰਡੇ ਨਾਲ 2010 ਵਿਚ ਵਿਆਹ ਕਰਵਾ ਲਿਆ ਤੇ ਜਿੰਦਗੀ ਇਕ ਦੂਜੇ ਦੇ ਲੇਖੇ ਲਾਉਣ ਦੀਆ ਸੌਹਾ ਖਾ ਲਈਆ।
ਕੁੜੀ ਦਾ ਸੋਹਰਾ ਪਰਿਵਾਰ ਯਕੀਨ ਨਾ ਕਰੇ ਕਿ ਪਰੀਆ ਵਰਗੀ ਕੁੜੀ ਸਾਡੀ ਨੂੰਹ ਆ,ਕੋਈ ਕਹੇ ਇਹਦੇ ਤੋ ਪਿੰਡ ਨੀ ਰਹਿ ਹੋਣਾ,ਕੋਈ ਕਹੇ ਇਹਦੇ ਵਿਚ ਆਕੜ ਬਹੁਤ ਹੋਣੀ ਕੋਈ ਕਹੇ ਇਹਦੇ ਤੋ ਕੰਮ ਨੀ ਕਰ ਹੋਣਾ ਪਿੰਡ ਦਾ,ਪਰ ਜਿਉ ਜਿਉ ਦਿਨ ਬੀਤਦੇ ਗਏ ਕੁੜੀ ਨੇ ਦੰਦਾਂ ਹੇਠ ਉਂਗਲ ਲੈਣ ਲਈ ਮਜਬੂਰ ਕਰ ਤਾ ਸਭ ਨੂੰ,ਤੜਕੇ ਪਾਠੀ ਬੋਲਣ ਤੋ ਵੀ ਪਹਿਲਾ ਉਠਦੀ ਤੇ ਬਾਣੀ ਪੜਦੀ,ਉਸ ਤੋ ਬਾਦ ਝਾੜੂ ਪੋਚਾ ਤੇ ਰਸੋਈ ਦਾ ਕੰਮ ਜਿਨਾ ਨੂੰ ਪੇਕੇ ਪਰਿਵਾਰ ਹੱਥ ਨੀ ਸੀ ਲਾਇਆ ਘਰਦਿਆ ਅੱਧਿਆ ਜੀਆ ਦੇ ਉਠਣ ਤੋ ਪਹਿਲਾ ਮੁਕਾ ਛੱਡਦੀ।ਸਾਰਾ ਦਿਨ ਹਂਸੂ ਹਂਸੂ ਕਰਦਾ ਚਿਹਰਾ ਲੈ ਕੇ ਘਰ ਖੁਸ਼ੀਆ ਨਾਲ ਭਰੀ ਰੱਖਦੀ ਤੇ ਰਾਤ ਨੂੰ ਸਾਰਿਆ ਨੂੰ ਸੁਲਾ ਕੇ ਸੌਂਦੀ।
ਜਿੱਦਾ ਦੀ ਚੰਗਿਆਈ ਪੇਕੇ ਤੇ ਚੰਡੀਗੜ ਸ਼ਹਿਰ ਖੱਟੀ ਸੀ ਉਹੀ ਚੰਗਿਆਈ ਸਹੁਰੇ ਘਰ ਖੱਟੀ ਤੇ ਸਾਰੇ ਪਿੰਡ ਵਿਚ ਲੋਕ ਸਿਫਤਾ ਕਰਦੇ ਨਾ ਥੱਕਦੇ ਉਹਦੀਆ।
ਪਰ ਕਿਸੇ ਗੀਤਕਾਰ ਨੇ ਐਮੇ ਤਾ ਨੀ ਕਿਹਾ “ਰੂਪ ਜਿਨਾ ਦੇ ਸੋਹਣੇ,ਲੇਖ ਉਹਨਾ ਦੇ ਮਾੜੇ” ਪਹਿਲਾ ਤਾ ਮਰਜੀ ਨਾਲ ਵਿਆਹ ਕਰਾਉਣ ਕਰਕੇ ਉਹ ਮਾਂ ਪਿਉ ਦੀ ਸਖਤ ਨਰਾਜਗੀ ਝਲ ਰਹੀ ਸੀ ਤੇ ਉਹਨਾ ਨੇ ਇਕ ਤਰਾ ਨਾਲ ਛੱਡ ਹੀ ਦਿੱਤਾ ਸੀ ਕੁੜੀ ਨੂੰ ਤੇ ਖੁੱਦ ਨੂੰ ਬੇਔਲਾਦ ਸਮਝ ਲਿਆ ਸੀ,ਖੈਰ ਉਹਨਾ ਵਲੋ ਤਾ ਖੂਨ ਦਾ ਘੁੱਟ ਕੁੜੀ ਨੇ ਭਰ ਲਿਆ ਸੀ ਪਰ ਹੁਣ ਉਹਨੂੰ ਹੌਲੀ ਹੌਲੀ ਪਤਾ ਲੱਗਾ ਕੀ ਮੁੰਡਾਂ ਨਸ਼ੇੜੀ ਆ।
ਜਿਸ ਦੀ ਖਾਤਰ ਸਭ ਛੱਡ ਛਡਾ ਕੇ ਬੰਦਾ ਆਵੇ ਜੇ ਉਹੀ ਨਸ਼ੇ ਦੀ ਲੋਰ ਵਿਚ ਕਹਿ ਦੇਵੇ ਜਿੱਥੇ ਜਾਣਾ ਜਾ,ਫੇਰ ਤਾ ਉਹ ਰੱਬ ਹੀ ਜਾਣਦਾ ਜਿਹੜੇ ਕਾਲਜੇ ਵਿਚ ਹੌਲ ਪੈਂਦੇ ਆ,ਤੁਸੀ ਤੇ ਗੱਲਾ ਵਿਚ ਨੀ ਸਮਝ ਸਕਦੇ।”ਜਿਸ ਤਨ ਲਾਗੇ ਸੋਈ ਜਾਣੇ”
ਇਹ ਉਸ ਸੋਹਲ ਜਹੀ ਕੁੜੀ ਲਈ ਇਕ ਵੱਡਾ ਝਟਕਾ ਸੀ,ਹੌਲੀ ਹੌਲੀ ਘਰ ਦਾ ਮਹੌਲ ਬੋਝਿਲ ਜਿਆ ਰਹਿਣ ਲੱਗਾ ਪਰ ਉਹ ਕੁੜੀ ਫੇਰ ਵੀ ਹਿੰਮਤ ਨਾ ਹਾਰੀ,ਵਿਚਾਰੀ ਲੱਗੀ ਰਹਿੰਦੀ ਕੰਮਾ ਕਾਰਾ ਵਿਚ ਇਸ ਉਮੀਦ ਵਿਚ ਕਿ ਉਹ ਸੁਧਰੂ ਗਾ,ਪਰ ਸੁਧਰਨਾ ਕਾਹਨੂੰ ਸੀ ਕਹਾਣੀ ਵਿਗੜਦੀ ਗਈ ਤੇ ਜਿੰਨੀ ਕੁ ਜਮੀਨ ਸੀ ੳਹਨੂੰ ਵੀ ਟੱਕ ਲੱਗ ਗਿਆ,ਵਿਆਹੀਆ ਦੀ ਸੋਭਾ ਵੀ ਉਹਦੇ ਘਰਵਾਲੇ ਕਰਕੇ ਹੁੰਦੀ ਆ,ਉਹ ਚੰਗਾ ਹੋਵੇ ਤਾ ਕੁੜੀਆ ਮਾਣ ਨਾਲ ਗੱਲ ਕਰਦੀਆ,ਪਰ ਜੇ ਮੁੰਡਾ ਮਾੜਾ ਨਿਕਲ ਜੇ ਕੁੜੀਆ ਦੀ ਨੀਮੀ ਨੀ ਚੱਕੀ ਜਾਂਦੀ।
ਅੱਜ ਸੱਤ ਸਾਲ ਹੋ ਗਏ ਉਹਦੇ ਵਿਆਹ ਨੂੰ,ਐਨੇ ਸਾਲਾ ਵਿਚ ਉਹਨੇ ਸਿਵਾਏ ਦੁੱਖਾ ਤੰਗੀਆ ਤੇ ਰੋਣ ਤੋ ਬਿਨਾ ਕੱਖ ਨੀ ਵੇਖਿਆ,ਮੁੰਡੇ ਦੇ ਹਲਾਤ ਬਦ ਤੋ ਬਦਤਰ ਹੀ ਹੋਏ। ਦੋ ਬੱਚੇ ਵੀ ਆ ਉਹਨਾ ਦੇ ਪਰ ਮੁੰਡੇ ਨੇ ਤਾ ਐਨੀ ਸੁਚੱਜੀ ਕੁੜੀ ਤੇ ਭੋਰਾ ਤਰਸ ਕੀਤਾ ਨਾ ਹੀ ਨਿਆਣਿਆ ਦੇ ਮੋਹ ਨੂੰ ਸੁਧਰਿਆ।ਕੁੜੀ ਕੋਲ ਬਹੁਤ ਮੌਕੇ ਆਏ ਕਿ ਉਹਨੂੰ ਛੱਡ ਜਾਵੇ,ਚਲੀ ਜਾਵੇ ਜਾ ਤਲਾਕ ਲੈ ਲਵੇ।ਅੱਜ ਵੀ ਉਹਨੂੰ ਵੇਖਕੇ ਕੋਈ ਕਹਿ ਨੀ ਸਕਦਾ ਕਿ ਉਹ ਵਿਆਹੀ ਆ।
ਉਹਦੇ ਸਹੁਰੇ ਪਰਿਵਾਰ ਵਿਚ ਕਿਸੇ ਰਿਸ਼ਤੇਦਾਰੀ ਕਰਕੇ ਮੇਰੀ ਉਸ ਕੁੜੀ ਨਾਲ ਜਾਣ ਪਹਿਚਾਣ ਹੋਈ,ਉਸ ਮੁੰਡੇ ਨੇ ਉਪਰੋਕਤ ਲਿੱਖੀਆ ਸਾਰੀਆ ਗੱਲਾ ਦੱਸੀਆ ਕੁੜੀ ਵਾਰੇ ਜੋ ਸੁਣ ਕੇ ਮੇਰੀ ਰੂਹ ਕੰਬ ਗਈ,ਮੈ ਜਿੱਦ ਕੀਤੀ ਕੇ ਮੈ ਗੱਲ ਕਰਨੀ ਕੁੜੀ ਨਾਲ ਤੇ ਕਲ ਦੋ ਘੰਟੇ ਗੱਲ ਕੀਤੀ ਉਸ ਨਾਲ,ਏਹ ਸਭ ਜੋ ਵੀ ਹੋਇਆ ਉਸ ਵਾਰੇ,ਜੋ ਹਮਦਰਦੀ ਦੇ ਸਕਦਾ ਸੀ ਦਿੱਤੀ,ਕੁਝ ਸਲਾਹ ਵੀ ਦਿੱਤੀ ਕੇ ਇਸ ਮਹੌਲ ਚੋ ਨਿਕਲ ਜਾਂ ਤਲਾਕ ਲੈ ਲਾ। ਮੇਰੀਆ ਗੱਲਾ ਤੇ ਸਲਾਹਾ ਕੁੜੀ ਦਾ ਜਵਾਬ ਉਹਦੀ ਜੁਬਾਨੀ ਸੁਣੋ👇
“ਵੀਰੇ ਉਸ ਅਕਾਲ ਪੁਰਖ ਦੇ ਮੁਹਰੇ ਉਹਦਾ ਸਾਥ ਦੇਣ ਦੀ ਜੱਦ ਸੌਹ ਖਾਦੀ ਸੀ ਤਾ ਏਹ ਸੋਚ ਕੇ ਨੀ ਖਾਦੀ ਸੀ ਕਿ ਹਮੇਸ਼ਾ ਖੁਸ਼ ਰਹੂ,ਏਹ ਸੋਚ ਕੇ ਖਾਦੀ ਸੀ ਉਹਦੇ ਚੰਗੇ ਮਾੜੇ ਵਿਚ ਨਾਲ ਰਹੂ,ਅੱਜ ਕਿਮੇ ਛੱਡ ਜਾਵਾ ਉਹਨੂੰ ਜੱਦ ਉਹ ਮਾੜੇ ਹਲਾਤ ਵਿਚ ਆ। ਅੱਗੇ ਕਹਿੰਦੀ,ਅੱਜ ਐਨੇ ਸਾਲਾ ਬਾਦ ਵੀ ਜੇ ਉਹ ਅੱਧੀ ਦਿਹਾੜੀ ਮੈਨੂੰ ਮੇਰੀਆ ਅੱਖਾ ਮੁਹਰੇ ਨਹੀ ਦਿਖਦਾ ਤਾ ਇਹ ਦੁਨੀਆ ਖਤਮ ਹੋ ਚੱਲੀ ਲੱਗਦੀ ਮੈਨੂੰ,ਜੇ ਉਹ ਹਸ ਕੇ ਬੁਲਾ ਲੈਦਾਂ ਮੈਨੂੰ ਮੇਰੇ ਖੁਸ਼ੀ ਦੇ ਖੰਭ ਲੱਗ ਜਾਂਦੇ।
ਜੇ ਨਾ ਵੀ ਬੁਲਾਵੇ ਮੇਰੀਆ ਅੱਖਾ ਮੁਹਰੇ ਰਹੇ ਮੇਰਾ ਕਾਲਜਾ ਠਰਿਆ ਰਹਿੰਦਾਂ,ਜੇ ਘਰੋ ਕੋਈ ਹੋਰ ਉੱਚਾ ਨੀਮਾ ਬੋਲਦਾ ਮੈਨੂੰ ਫਰਕ ਨੀ ਬੱਸ ਉਹ ਸਾਹਮਣੇ ਦਿਖੀ ਜਾਵੇ,ਕਹਿੰਦੀ ਇਕ ਦੋਸਤ ਸੀ ਮੇਰੀ ਜੋ ਬਹੁਤ ਜੋਰ ਪਾ ਰਹੀ ਸੀ ਕਿ ਤਲਾਕ ਲੈ ਤੇ ਤੇਰਾ ਰਿਸ਼ਤਾ ਆਪਣੇ ਘਰੋ ਮੈ ਲੈ ਕੇ ਆਉ ਮੁੰਡਾਂ ਅਸਟਰੇਲੀਆ ਪੱਕਾ ਆ,ਬੱਸ ਏਸ ਨਰਕ ਤੋ ਨਿਕਲ,ਕਹਿੰਦੀ ਮੈ ਉਹਨੂੰ ਕਿਹਾ ਨਰਕ ਇਹ ਨੀ ਆ ਮੇਰੇ ਲਈ,ਨਰਕ ਉਹ ਹੋਣਾ ਜੱਦ ਦੂਰ ਬੈਠੀ ਨੂੰ ਮੈਨੂੰ ਨਿੰਦਰ(ਮੁੰਡਾਂ) ਨੀ ਦਿਖਣਾ।
ਤੇ ਮੈ ਚੁੱਪ,ਜੱਦ ਉਹਦੀ ਗੱਲ ਮੁੱਕੀ ਉਦੋ ਅਹਿਸਾਸ ਹੋਇਆ ਮੇਰੇ ਹੰਝੂ ਗਰਦਨ ਤੱਕ ਪਹੁੰਚ ਚੁੱਕੇ ਸੀ।
-ਬਲਕਾਰ ਸ਼ੇਰਗਿੱਲ
Sikh Website Dedicated Website For Sikh In World