
ਕੈਨੇਡਾ ਦੇ ਆਵਾਸ ਮੰਤਰੀ ਅਨਵਰ ਅਹਿਮਦ ਨੇ ਸਰੀ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਵਾਸ ਸਬੰਧੀ ਸਮੱਸਿਆਵਾਂ ਬਾਰੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਦੇਰ ਤੋਂ ਲਟਕਦੇ ਕਈ ਮਸਲੇ ਹੱਲ ਕਰ ਲਏ ਗਏ ਹਨ। ਨਾਗਰਿਕਤਾ ਲਈ ਸਮਾਂ ਹੱਦ ਘਟਾਉਣ, ਮਾਪਿਆਂ ਨੂੰ ਸੱਦਣ ਦਾ ਸਮਾਂ ਘਟਾਉਣ, ਵਿਦਿਆਰਥੀ ਵੀਜ਼ਾ ਸ਼ਰਤਾਂ ਨਰਮ ਕਰਨ ਅਤੇ ਹੋਰ ਸੁਧਾਰਾਂ ਦਾ ਜ਼ਿਕਰ ਕਰਦਿਆਂ ਆਵਾਸ ਮੰਤਰੀ ਨੇ ਦਾਅਵਾ ਕੀਤਾ ਕਿ ਵਿਭਾਗ ਦੀ ਚੁਸਤੀ-ਫੁਰਤੀ ਦਾ ਹੁਣ ਸਭ ਨੂੰ ਪਤਾ ਲੱਗ ਰਿਹਾ ਹੈ।

ਇਸ ਮੌਕੇ ਸਰੀ ਤੋਂ ਰਣਦੀਰ ਸਰਾਏ ਅਤੇ ਹੋਰ ਸੰਸਦੀ ਮੈਂਬਰ ਉਨ੍ਹਾਂ ਨਾਲ ਮੌਜੂਦ ਸਨ। ਮੀਡੀਆ ਵੱਲੋਂ ਇਮੀਗ੍ਰੇਸ਼ਨ ਏਜੰਟਾਂ ਦੀ ਲੁੱਟ ਅਤੇ ਧੋਖੇਬਾਜ਼ੀ ਬਾਰੇ ਪੁੱਛੇ ਸਵਾਲ ਆਵਾਸ ਮੰਤਰੀ ਨੇ ਇਸ ਬਾਰੇ ‘ਚ ਸਰਾਏ ਨਾਲ ਗੱਲਬਾਤ ਕਰਨ ਨੂੰ ਕਿਹਾ। ਸ੍ਰੀ ਸਰਾਏ ਨੇ ਮੰਨਿਆ ਕਿ ਉਨ੍ਹਾਂ ਨੂੰ ਅਜਿਹੇ ਮਾਮਲਿਆਂ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਸਾਰੀਆਂ ਸਕੀਮਾਂ ਦੀ ਜਾਣਕਾਰੀ ਇੰਟਰਨੈੱਟ ‘ਤੇ ਅਪਲੋਡ ਕਰ ਦਿੱਤੀ ਜਾਂਦੀ ਹੈ ਪਰ ਉਨ੍ਹਾਂ ਦੇ ਜਵਾਬ ਮੀਡੀਆ ਨੂੰ ਸੰਤੁਸ਼ਟ ਨਾ ਕਰ ਸਕੇ।

ਅਨਵਰ ਅਹਿਮਦ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਪਿਛਲੀ ਹਾਰਪਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਕਾਰਨ ਵਿਭਾਗ ਦੀ ਕਾਰਗੁਜ਼ਾਰੀ ‘ਚ ਖੜੋਤ ਆ ਗਈ ਸੀ। ਮੌਜੂਦਾ ਸਰਕਾਰ ਦਾ ਟੀਚਾ ਹੈ ਕਿ ਕੈਨੇਡਾ ਦਾ ਹਰ ਪੱਕਾ ਵਾਸੀ ਇਥੋਂ ਦਾ ਨਾਗਰਿਕ ਬਣੇ। ਇਸੇ ਲਈ ਸ਼ਰਤਾਂ ਕਾਫੀ ਨਰਮ ਕਰ ਕੇ 11 ਅਕਤੂਬਰ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ।
Sikh Website Dedicated Website For Sikh In World