ਪੰਜਾਬ ਇਤਿਹਾਸਿਕ ਅਤੇ ਸੱਭਿਆਚਾਰਕ ਤੌਰ ਤੇ ਹਿੰਦ-ਇਰਾਨੀ (ਆਰਿਆਈ) ਵਿਰਾਸਤ ਨਾਲ਼ ਜੁੜਿਆ ਹੋਇਆ ਹੈ। ਪਹਿਲਾਂ ਤੋਂ ਹੀ ਇਹ ਖ਼ਿੱਤਾ ਪੱਛਮੀ ਹਮਲਾਵਰਾਂ ਲਈ ਭਾਰਤੀ ਉਪਮਹਾਂਦੀਪ ਦਾ ਦਰਵਾਜ਼ਾ ਰਿਹਾ ਹੈ।
ਇਹਨਾਂ ਹਮਲਿਆਂ ਦੇ ਸਿੱਟੇ ਵੱਜੋਂ ਹੀ ਇੱਥੇ ਕਈ ਜਾਤ-ਬਰਾਦਰੀਆਂ, ਧਰਮਾਂ ਅਤੇ ਸੱਭਿਆਚਾਰ ਵਿਰਾਸਤਾਂ ਦਾ ਜਨਮ ਹੋਇਆ। ਪਰਿ-ਇਤਿਹਾਸਿਕ ਸਮੇਂ ਦੱਖਣੀ ਏਸ਼ੀਆ ਦੇ ਸਭ ਤੋਂ ਪਹਿਲੇ ਸੱਭਿਆਚਾਰਾਂ ’ਚੋਂ ਇੱਕ ਹੜੱਪਾ ਸੱਭਿਆਚਾਰ ਪੰਜਾਬ ਵਿੱਚ ਸੀ।
ਇੱਥੋਂ ਦੇ ਰਹਿਣ ਵਾਲ਼ੇ ਹਿੰਦ-ਆਰੀਆਈ ਬੋਲੀ ਬੋਲਦੇ ਹਨ, ਜਿਸ ਨੂੰ ਪੰਜਾਬੀ ਆਖਦੇ ਹਨ। ਇੱਥੇ ਯੂਨਾਨੀ, ਅਰਬ, ਤੁਰਕ, ਮੁਗ਼ਲ, ਅਫ਼ਗ਼ਾਨ, ਬਲੌਚੀ ਅਤੇ ਅੰਗਰੇਜ਼ ਵੀ ਰਹੇ।ਪੰਜਾਬ 1907 ਵਿਚ ਇਹ ਖ਼ਿੱਤਾ ਹੁਣ ਵੱਡੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸਦੀ 1947 ਵਿੱਚ ਹੋਈ ਤਕਸੀਮ ਦੌਰਾਨ ਇਹ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ। ਵੱਡਾ ਹਿੱਸਾ, ਤਕਰੀਬਨ 60 ਫ਼ੀਸਦੀ, ਪਾਕਿਸਤਾਨ ਵਿੱਚ ਆਇਆ ਅਤੇ 40 ਫ਼ੀਸਦੀ ਹਿੰਦੁਸਤਾਨ ਵਿੱਚ ਆਇਆ। ਪੰਜਾਂ ਵਿਚੋਂ ਤਿੰਨ ਦਰਿਆ ਪਾਕਿਸਤਾਨ ਵਿੱਚ ਆਏ। ਭਾਰਤ ਵਿੱਚ ਇਸਨੂੰ ਮੁੜ ਪੰਜਾਬ, ਹਰਿਆਣਾ ਅਤੇ ਹਿਮਾਚਲ ਰਿਆਸਤਾਂ ਵਿੱਚ ਤਕਸੀਮ ਕਰ ਦਿੱਤਾ ਗਿਆ।
ਪੰਜਾਬੀ ਦੋਹਾਂ ਪੰਜਾਬਾਂ ਦੀ ਸਾਂਝੀ ਬੋਲੀ ਹੈ। ਪੰਜਾਬੀ ਲਿਖਣ ਲਈ ਲਹਿੰਦੇ ਪੰਜਾਬ ਵਿੱਚ ਸ਼ਾਹਮੁਖੀ ਅਤੇ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ।