ਚੰਡੀਗੜ੍ਹ: ਕੀ ਹਰਿਆਣਾ ਸਰਕਾਰ ਡੇਰੇ ਦੇ ਮਾਮਲੇ ‘ਚ ਪੁਲਿਸ ਕਾਰਵਾਈ ਸਿਰਫ਼ ਦਿਖਾਉਣ ਲਈ ਕਰ ਰਹੀ ਹੈ? ਕੀ ਅਸਲ ‘ਚ ਸਰਕਾਰ ਕੁਝ ਨਹੀਂ ਕਰਨਾ ਚਾਹੁੰਦੀ?
ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਗੂਹਲਾ ਤੋਂ ਬੀਜੇਪੀ ਦੇ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਖੁੱਲ੍ਹ ਕੇ ਡੇਰੇ ਦੇ ਪੱਖ ‘ਚ ਬਿਆਨ ਦਿੱਤਾ ਹੈ। ਵਿਧਾਇਕ ਨੇ ਕਿਹਾ ਹੈ ਕਿ ਪੁਲਿਸ ਨੇ ਡੇਰੇ ਵਾਲੇ ਨਿਰਦੋਸ਼ ਲੋਕਾਂ ‘ਤੇ ਗੋਲੀਆ ਚਲਾਈਆਂ। ਉਹ ਕੋਈ ਦੇਸ਼ਧ੍ਰੋਹੀ ਨਹੀਂ ਬਲਕਿ ਦੇਸ਼ ਪ੍ਰੇਮੀ ਸੀ।
ਬਾਜ਼ੀਗਰ ਨੇ ਕਿਹਾ ਹੈ ਕਿ ਹਨਪ੍ਰੀਤ, ਅਦਿੱਤਿਆ ਇੰਸਾ ਤੇ ਬਾਕੀਆਂ ‘ਤੇ ਦੇਸ਼ਧ੍ਰੋਹ ਦਾ ਕੇਸ ਬਣਦਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਬਿਨਾਂ ਗੱਲੋਂ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਦਦ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸਰਕਾਰ ਕੋਲ ਉਠਾਉਣਗੇ
ਦੱਸਣਯੋਗ ਹੈ ਕਿ ਪਹਿਲਾਂ ਹੀ ਹਰਿਆਣਾ ਦੇ ਮੰਤਰੀ ਗੁਰਮੀਤ ਰਾਮ ਰਹੀਮ ਨੂੰ ਲੱਖਾਂ ਦੇ ਚੈੱਕ ਤੇ ਹੋਰ ਮਦਦ ਦਿੰਦੇ ਰਹੇ ਹਨ। ਇਸ ਦੇ ਨਾਲ ਹੀ ਪੰਚਕੁਲਾ ਹਿੰਸਾ ਤੋਂ ਪਹਿਲਾਂ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਸੀ ਕਿ ਸ਼ਰਧਾ ‘ਤੇ ਧਾਰਾ 144 ਲਾਗੂ ਨਹੀਂ ਹੈ। ਹਿੰਸਾ ਤੋਂ ਬਾਅਦ ਮੰਤਰੀ ਅਨਿਲ ਵਿੱਜ ਨੇ ਕਿਹਾ ਸੀ ਕਿ ਉਹ ਡੇਰੇ ‘ਤੇ ਅੱਗੇ ਤੋਂ ਵੀ ਵੋਟ ਮੰਗਣ ਜਾਣਗੇ।