ਆਮ ਜਨਤਾ ਲਈ ਮਿਲਟਰੀ ਦੀਆਂ ਇਹਨਾ ਚੀਜਾਂ ਦੀ ਵਰਤੋਂ ਤੇ ਲੱਗੀ ਪਾਬੰਦੀ-ਜੇ ਕੋਈ ਫੜਿਆ ਗਿਆ ਤਾਂ…!!
ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲੇ ‘ਚ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਲਈ ਵੱਖ-ਵੱਖ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ‘ਚ ਡੀ. ਸੀ. ਤਇਅਬ ਨੇ ਕਿਹਾ ਕਿ ਭਾਰਤੀ ਫੌਜ ਨੂੰ ਛੱਡ ਕੇ ਕੋਈ ਵੀ ਵਿਅਕਤੀ ਜ਼ਿਲਾ ਕਪੂਰਥਲਾ ਅੰਦਰ ਓਲਿਵ ਗ੍ਰੀਨ ਰੰਗ ਦੀ (ਮਿਲਟਰੀ ਰੰਗ) ਵਰਦੀ ਅਤੇ ਇਸੇ ਰੰਗ ਦੇ ਵਾਹਨਾਂ ਦੀ ਵਰਤੋਂ ਨਹੀਂ ਕਰੇਗਾ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਗਿਆ ਹੈ ਕਿ ਕੁਝ ਵਿਅਕਤੀ ਓਲਿਵ ਗ੍ਰੀਨ ਰੰਗ (ਮਿਲਟਰੀ ਰੰਗ) ਦੀ ਵਰਦੀ ਤੇ ਇਸੇ ਰੰਗ ਦੇ ਵਾਹਨ, ਜਿਹੜੇ ਕਿ ਭਾਰਤੀ ਫੌਜ ਦੁਆਰਾ ਵਰਤੇ ਜਾਂਦੇ ਹਨ, ਦੀ ਕਿਸੇ ਵੀ ਸਮਾਜ ਵਿਰੋਧੀ ਤੱਤਾਂ ਵੱਲੋਂ ਵਰਤੋਂ ਕਰਦਿਆਂ ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ, ਜਿਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ।ਇਸ ਲਈ ਫੌਜ ਦੀ ਵਰਦੀ ਅਤੇ ਵਾਹਨਾਂ ਦੀ ਵੱਖਰੀ ਪਛਾਣ ਨੂੰ ਯਕੀਨੀ ਬਣਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਓਲਿਵ ਗ੍ਰੀਨ ਰੰਗ ਦੀ ਵਰਦੀ ਅਤੇ ਇਸੇ ਰੰਗ ਦੀਆਂ ਜੀਪਾਂ/ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਆਮ ਜਨਤਾ ਵੱਲੋਂ ਤੁਰੰਤ ਬੰਦ ਕੀਤੀ ਜਾਵੇ ।
ਇਸੇ ਤਰ੍ਹਾਂ ਡੀ. ਸੀ. ਨੇ ਇਕ ਹੋਰ ਹੁਕਮ ਜਾਰੀ ਕਰਦਿਆਂ ਮਾਨਵ ਜੀਵਨ ਦੀ ਸੁਰੱਖਿਆ ਲਈ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਗਮਾਂ ਆਦਿ ‘ਤੇ ਫਾਇਰ ਆਰਮ ਆਦਿ ਚਲਾਉਣਅਤੇ ਇਸ ਜ਼ਿਲੇ ਦੀ ਹਦੂਦ ਅੰਦਰ ਸਾਰੇ ਮੈਰਿਜ ਪੈਲੇਸਾਂ, ਹੋਟਲਾਂ ਅਤੇ ਹੋਰ ਅਜਿਹੀਆਂ ਥਾਵਾਂ ਜਿੱਥੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮ ਕੀਤੇ ਜਾਂਦੇ ਹਨ,‘ਚ ਆਰਮ ਫਾਇਰ ਦੀ ਵਰਤੋਂ ਕਰਨ ਅਤੇ ਲਾਇਸੰਸੀ, ਗੈਰ ਲਾਇਸੈਂਸੀ ਅਸਲਾ ਅਤੇ ਹੋਰ ਮਾਨਵ ਜੀਵਨ ਲਈ ਘਾਤਕ ਹਰੇਕ ਤਰ੍ਹਾਂ ਦੇ ਹਥਿਆਰ ਲੈ ਕੇ ਜਾਣ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਪਾਬੰਦੀ ਦੇ ਉਪਰੋਕਤ ਹੁਕਮ 26 ਮਈ 2018 ਤਕ ਲਾਗੂ ਰਹਿਣਗੇ।