Captain meets Naukari.com promoter: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਮਗਰੋਂ ਹਰ-ਘਰ ਨੌਕਰੀ ਦਿੱਤੀ ਜਾਵੇਗੀ। ਕਾਂਗਰਸ ਦੀ ਸੂਬੇ ‘ਚ ਸਰਕਾਰ ਬਣਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਮੇਲੇ ਲਗਾ ਕੇ ਇਸ ਵਾਅਦੇ ਨੂੰ ਪੂਰਾ ਕਰਨ ਦਾ ਯਤਨ ਤਾਂ ਕੀਤਾ ਪਰ ਇਹ ਯਤਨ ਪੂਰੇ ਹੁੰਦੇ ਨਜ਼ਰ ਨਾ ਆਏ। ਪਹਿਲੇ ਰੋਜ਼ਗਾਲਰ ਮੇਲੇ ਦੌਰਾਨ ਦਿੱਤੀ ਗਈ ਨੌਕਰੀਆਂ ਦਾ ਹਾਲੇ ਤੱਕ ਕੁਝ ਪਤਾ ਨੀ ਲਗ ਸਕਿਆ ਅਤੇ ਹੁਣ ਸਰਕਾਰ ਵੱਲੋਂ ਵੱਖ ਵੱਖ ਥਾਈਂ ਦੂਜਾ ਰੋਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ।
ਪਰ ਜਨਤਾ ਅਤੇ ਪੰਜਾਬ ਸਰਕਾਰ ਦੀ ਵਿਰੋਧੀ ਪਾਰਟੀਆਂ ਨੂੰ ਹਾਲੇ ਵੀ ਇਸ ਪ੍ਰੋਗਰਾਮ ਦੇ ਸਫ਼ਲ ਹੋਣ ਦੀ ਕੋਈ ਵੀ ਉਮੀਦ ਨਹੀਂ ਹੈ। ਪਰ ਸਰਕਾਰ ਵੱਲੋਂ ਕੀਤੇ ਆਪਣੇ ਵਾਅਦੇ ਹਰ-ਘਰ ਨੌਕਰੀ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਪੰਜਾਬ ਸਰਕਾਰ ਹੁਣ ਸੂਬੇ ‘ਚ ਹਰ ਘਰ ਨੌਕਰੀ ਪ੍ਰਦਾਨ ਕਰਨ ਲਈ ਇੱਕ ਨਵੀਂ ਯੋਜਨਾ ਤਿਆਰ ਕਰ ਰਹੀ ਹੈ। ਪੰਜਾਬ ਸਰਕਾਰ ਹੁਣ ਜੌਬ ਪੋਰਟਲ ਰਾਹੀਂ ਲੋਕਾਂ ਨੂੰ ਨੌਕਰੀ ਪ੍ਰਦਾਨ ਕਰੇਗੀ। ਪੰਜਾਬ ਸਰਕਾਰ ਵੱਲੋਂ ਜੌਬ ਪੋਰਟਲ ਨੌਕਰੀ ਡਾਟ ਕਾਮ (Naukri.com) ਨਾਲ ਸਾਂਝ ਕਾਇਮ ਕਰਨ ਦੀ ਸੰਭਾਵਨਾ ਤਲਾਸ਼ੀ ਜਾਵੇਗੀ ਤਾਂ ਜੋ ਰੁਜ਼ਗਾਰ ਦੇ ਮੌਕੇ ਹਾਸਲ ਕਰਨ ਲਈ ਸੂਬੇ ਦੇ ਨੌਜਵਾਨਾਂ ਨੂੰ ਢੁਕਵਾਂ ਮੰਚ ਮੁਹੱਈਆ ਕਰਵਾਇਆ ਜਾ ਸਕੇ।
ਇਕ ਸਰਕਾਰੀ ਬੁਲਾਰੇ ਨੇ ਇਹ ਖੁਲਾਸਾ ‘ਟਾਈਕੋਨ-2018’ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨੌਕਰੀ ਡਾਟ ਕਾਮ ਦੇ ਪ੍ਰਮੋਟਰ ਹਿਤੇਸ਼ ਓਬਰਾਏ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਅਜਿਹੇ ਹੋਰ ਜੌਬ ਪੋਰਟਲਾਂ ਨਾਲ ਸਾਂਝ ਕਾਇਮ ਕਰਨ ਵੱਲ ਕੰਮ ਕਰ ਰਹੀ ਹੈ ਤਾਂ ਕਿ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸਿਰਜ ਕੇ ‘ਘਰ-ਘਰ ਨੌਕਰੀ’ ਦੇ ਵਾਅਦੇ ਨੂੰ ਪੁਗਾਇਆ ਜਾ ਸਕੇ।
ਹਿਤੇਸ਼ ਓਬਰਾਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਦੱਸਿਆ ਕਿ ਇਸ ਪੋਰਟਲ ਕੋਲ 54 ਮਿਲੀਅਨ ਨੌਕਰੀਆਂ ਦਾ ਡਾਟਾ ਹੋਣ ਅਤੇ 70 ਹਜ਼ਾਰ ਕੰਪਨੀਆਂ ਜੁੜੀਆਂ ਹੋਣ ਕਰਕੇ ਨੌਕਰੀ ਡਾਟ ਕਾਮ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਢੁਕਵੀਆਂ ਨੌਕਰੀਆਂ ਲੱਭਣ ਵਿੱਚ ਅਹਿਮ ਮੰਚ ਸਾਬਤ ਹੋ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀ ਡਾਟ ਕਾਮ ਦੇ ਪ੍ਰਮੋਟਰ ਹਿਤੇਸ਼ ਉਬਰਾਏ ਨੂੰ ਹਰੇਕ ਘਰ ਵਿੱਚ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਉਨਾਂ ਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣੂ ਕਰਵਾਇਆ।
ਉਨਾਂ ਕਿਹਾ ਕਿ ਸਰਕਾਰ ਵੱਲੋਂ ਸੂਬਾ ਭਰ ਵਿੱਚ ਨੌਕਰੀ ਮੇਲੇ ਲਾਏ ਜਾ ਰਹੇ ਹਨ ਤਾਂ ਕਿ ਨੌਕਰੀ ਲੈਣ ਦੇ ਚਾਹਵਾਨਾਂ ਦੀ ਪਹੁੰਚ ਰੁਜ਼ਗਾਰ ਦੇਣ ਵਾਲਿਆਂ ਤੱਕ ਬਣਾਈ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ Naukri.com ਦੇ ਪ੍ਰੋਮੋਟਰ ਹਿਤੇਸ਼ ਉਬਰਾਏ ਨਾਲ ਮਿਲ ਕੇ ਇਹ ਆਸ ਜਤਾਈ ਕਿ ਇਸ ਜੌਬ ਪੋਰਟਲ ਰਾਹੀਂ ਪੰਜਾਬ ਦੇ ਲੋਕਾਂ ਨੂੰ ਨੌਕਰੀ ਪ੍ਰਾਪਤ ਕਰਨ ‘ਚ ਫਾਇਦਾ ਹੋਵੇਗਾ।