ਐਤਵਾਰ ਦੀ ਸਵੇਰ ਜਦੋਂ ਮੈਂ ਰੋਜ਼ਾਨਾ ਦੀ ਤਰ੍ਹਾਂ ਕੰਮ ‘ਤੇ ਨਿਕਲੀ ਉਦੋਂ ਪਤਾ ਨਹੀਂ ਸੀ ਕਿ ਮੈਂ ਦੋ ਬੱਚਿਆਂ ਦੀ ਮਾਂ ਬਣ ਕੇ ਘਰ ਵਾਪਸ ਆਵਾਂਗੀ। ਉਹ ਸੰਡੇ ਦੀ ਸਵੇਰ ਸੀ ਇਸ ਲਈ ਹਸਪਤਾਲ ਜਾਣ ਦੀ ਜਲਦੀ ਨਹੀਂ ਸੀ। ਮੈਂ ਆਰਾਮ ਨਾਲ ਘਰ ਦੇ ਕੰਮ ਕਰ ਰਹੀ ਸੀ ਉਦੋਂ ਇੱਕ ਫੋਨ ਆਇਆ ਤੇ ਪਤਾ ਲੱਗਿਆ ਕਿ ਇੱਕ ਐਮਰਜੈਂਸੀ ਕੇਸ ਆਇਆ ਹੈ। ਪਤਾ ਲੱਗਿਆ ਕਿ ਮਹਿਲਾ ਦੀ ਡਿਲੀਵਰੀ ਕਰਵਾਉਣੀ ਹੈ ਕਿਉਂਕਿ ਉਸਦੀ ਹਾਲਤ ਕਾਫ਼ੀ ਨਾਜ਼ੁਕ ਹੈ। ਮੈਂ ਤੁਰੰਤ ਹਸਪਤਾਲ ਪੁੱਜੀ ਅਤੇ ਡਿਲੀਵਰੀ ਕਰਵਾਈ। ਔਰਤ ਨੇ 2 ਬੱਚੀਆਂ ਨੂੰ ਜਨਮ ਦਿੱਤਾ। ਅਜੇ ਮੈਂ ਦਸਤਾਨੇ ਉਤਾਰ ਕੇ ਹੱਥ ਧੋ ਹੀ ਰਹੀ ਸੀ ਕਿਸੇ ਨੇ ਆ ਕੇ ਦੱਸਿਆ ਮਹਿਲਾ ਬੱਚੀਆਂ ਨੂੰ ਅਪਣਾ ਨਹੀਂ ਰਹੀ। ਪੁੱਛਣ ‘ਤੇ ਉਸ ਨੇ ਕਿਹਾ ਕਿ ਉਹ ਵਿਧਵਾ ਹੈ ਅਤੇ ਉਸਦੀਆਂ ਪਹਿਲਾਂ ਤੋਂ ਹੀ ਦੋ ਕੁੜੀਆਂ ਹਨ। ਉਸਦਾ ਕਹਿਣਾ ਸੀ ਕਿ ਇਕੱਲੇ 4 ਕੁੜੀਆਂ ਨੂੰ ਪਾਲਣਾ ਸੰਭਵ ਨਹੀਂ ਹੈ। ਲੋਕਾਂ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ।
‘ਬਿਨਾਂ ਸੋਚ ਮੈਂ ਬੱਚੀਆਂ ਨੂੰ ਗੋਦ ਲੈ ਲਿਆ’
ਅਸੀਂ ਸੋਚਣ ਲੱਗੇ ਕਿ ਹੁਣ ਇਨ੍ਹਾਂ ਬੱਚੀਆਂ ਦਾ ਕੀ ਹੋਵੇਗਾ। ਸਾਰੇ ਇੱਕ-ਦੂਜੇ ਵੱਲ ਦੇਖ ਰਹੇ ਸੀ ਉਦੋਂ ਹੀ ਮੈਂ ਕਿਹਾ ਇਨ੍ਹਾਂ ਬੱਚੀਆਂ ਨੂੰ ਮੈਂ ਗੋਦ ਲੈ ਰਹੀ ਹਾਂ।
ਮੈਂ ਬਹੁਤਾ ਸੋਚਿਆ ਨਹੀਂ। ਸੋਚਣ ਦਾ ਸਮਾਂ ਨਹੀਂ ਸੀ। ਵੱਡੀ ਕੁੜੀ ਦੀ ਹਾਲਤ ਨਾਜ਼ੁਕ ਸੀ, ਉਸ ‘ਤੇ ਧਿਆਨ ਦੇਣਾ ਜ਼ਰੂਰੀ ਸੀ।ਅਸੀਂ ਹਲਫ਼ਨਾਮੇ ‘ਤੇ ਮਾਂ ਦੇ ਦਸਤਖ਼ਤ ਕਰਵਾਏ ਅਤੇ ਮੈਂ ਬੱਚੀਆਂ ਨੂੰ ਗੋਦ ਲੈ ਲਿਆ।
ਯੂਪੀ ਦੇ ਫਰੁੱਖਾਬਾਦ ਵਰਗੀ ਛੋਟੀ ਜਿਹੀ ਥਾਂ ‘ਤੇ ਇੱਕ ਕੁਵਾਰੀ ਕੁੜੀ ਨੇ 2 ਜੁੜਵਾਂ ਬੱਚੀਆਂ ਨੂੰ ਗੋਦ ਲੈ ਲਿਆ।
ਹਸਪਤਾਲ ਦੇ ਲੋਕਾਂ ਨੇ ਕੋਮਲ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਪਰ ਉਹ ਅਪਣਾ ਮਨ ਬਣਾ ਚੁੱਕੀ ਸੀ।
ਇਹ ਕਰੀਬ 2 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕੋਮਲ ਦੀ ਨਵੀਂ-ਨਵੀਂ ਨੌਕਰੀ ਲੱਗੀ ਸੀ।
ਬੁੰਲਦਸ਼ਹਿਰ ਦੇ ਸਾਧਾਰਣ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਕੋਮਲ ਉਸ ਵੇਲੇ ਰਿਲੇਸ਼ਨਸ਼ਿਪ ਅਤੇ ਵਿਆਹ ਬਾਰੇ ਸੋਚ ਵੀ ਨਹੀਂ ਰਹੀ ਸੀ।
ਕੰਮ ਤੋਂ ਇਲਾਵਾ ਉਹ ਕੁਝ ਸੋਚ ਨਹੀਂ ਰਹੀ ਸੀ। ਅਜਿਹੇ ਵਿੱਚ ਕੋਮਲ ਨੂੰ ਵੀ ਨਹੀਂ ਪਤਾ ਸੀ ਕਿ ਉਹ ਅਚਾਨਕ 2 ਬੱਚਿਆਂ ਦੀ ਮਾਂ ਬਣ ਜਾਵੇਗੀ। ਪਰ ਅੱਜ ਉਹ ਉਤਸਾਹ ਨਾਲ ਆਪਣੀ ਕਹਾਣੀ ਸੁਣਾ ਰਹੀ ਹੈ।
ਮਾਤਾ-ਪਿਤਾ ਨੇ ਕੋਮਲ ਨਾਲ ਰਿਸ਼ਤਾ ਤੋੜ ਦਿੱਤਾ
ਕੋਮਲ ਨੇ ਭਾਵੁਕ ਹੋ ਕੇ ਬੱਚੀਆਂ ਨੂੰ ਅਪਣਾ ਤਾਂ ਲਿਆ ਪਰ ਅੱਗੇ ਦਾ ਰਾਹ ਸੌਖਾ ਨਹੀਂ ਸੀ।
ਉਸ ਦੇ ਮਾਪਿਤਾ ਨੂੰ ਇਸਦੀ ਖ਼ਬਰ ਲੱਗੀ ਤਾਂ ਉਹ ਬਹੁਤ ਗੁੱਸਾ ਹੋਏ।
ਪਿਤਾ ਨੇ ਤਾਂ ਸਾਫ਼ ਕਹਿ ਦਿੱਤਾ ਕਿ ਹੁਣ ਉਨ੍ਹਾਂ ਦਾ ਕੋਮਲ ਨਾਲ ਕੋਈ ਰਿਸ਼ਤਾ ਨਹੀਂ।
ਕੋਮਲ ਨੇ ਵੀ ਸਾਫ਼ ਕਹਿ ਦਿੱਤਾ ਕਿ ਕੁਝ ਵੀ ਹੋ ਜਾਵੇ, ਉਹ ਬੱਚੀਆਂ ਨੂੰ ਨਹੀਂ ਛੱਡ ਸਕਦੀ।
ਕੋਮਲ ਦਾ ਟਰਾਂਸਫਰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਹੋ ਗਿਆ ਅਤੇ ਉਹ ਦੋਵਾਂ ਬੱਚੀਆਂ ਨੂੰ ਲੈ ਕੇ ਉੱਥੇ ਚਲੀ ਗਈ।
ਉੱਥੇ ਉਸ ਨੇ ਕਿਰਾਏ ‘ਤੇ ਇੱਕ ਕਮਰਾ ਲਿਆ। ਕੁਝ ਦਿਨਾਂ ਲਈ ਕੋਮਲ ਦੀ ਛੋਟੀ ਭੈਣ ਆ ਕੇ ਉਨ੍ਹਾਂ ਨਾਲ ਰਹੀ ਬਾਅਦ ਵਿੱਚ ਸਾਰਾ ਕੁਝ ਉਸ ਨੇ ਇਕੱਲੇ ਹੀ ਸਾਂਭਿਆ।
ਬੱਚੀਆਂ ਦਾ ਨਾਂ ਕਾਜੂ ਤੇ ਕਿਸ਼ਮਿਸ਼ ਰੱਖਿਆ ਗਿਆ
ਕੋਮਲ ਦੀ ਭੈਣ ਬੱਚੀਆਂ ਨੂੰ ਕਾਜੂ ਤੇ ਕਿਸ਼ਮਿਸ਼ ਕਹਿ ਕੇ ਬੁਲਾਉਣ ਲੱਗੀ।
ਬਾਅਦ ਵਿੱਚ ਉਨ੍ਹਾਂ ਦਾ ਨਾਂ ਰੀਤ ਅਤੇ ਰਿਦਮ ਰੱਖਿਆ ਗਿਆ।
ਲੋਕ ਅਕਸਰ ਇਸ਼ਾਰਿਆਂ ਵਿੱਚ ਕੋਮਲ ਨੂੰ ਪੁੱਛਦੇ ਕਿ ਬੱਚੇ ਕਿਸਦੇ ਹਨ।
ਕੋਮਲ ਦੱਸਦੀ ਹੈ, ”ਕੋਈ ਸਿੱਧੇ ਤੌਰ ‘ਤੇ ਨਹੀਂ ਪੁੱਛਦਾ ਸੀ। ਉਹ ਪੁੱਛਦੇ ਸੀ, ਤੁਹਾਡੇ ਪਤੀ ਕਿੱਥੇ ਰਹਿੰਦੇ ਹਨ? ਕੀ ਕੰਮ ਕਰਦੇ ਹਨ? ਮੈਂ ਵੀ ਸਾਫ਼ ਕਹਿ ਦਿੰਦੀ ਸੀ ਮੇਰਾ ਵਿਆਹ ਨਹੀਂ ਹੋਇਆ ਅਤੇ ਮੈਂ ਬੱਚੀਆਂ ਨੂੰ ਗੋਦ ਲਿਆ ਹੈ।”
ਕੋਮਲ ਦੇ ਮਕਾਨ ਮਾਲਕ ਵੀ ਸ਼ੁਰੂਆਤ ਵਿੱਚ ਕਾਜੂ ਅਤੇ ਕਿਸ਼ਮਿਸ਼ ਨੂੰ ਲੈ ਕੇ ਕਾਫ਼ੀ ਕੁਝ ਸੋਚਦੇ ਸੀ ਪਰ ਹੌਲੀ-ਹੌਲੀ ਉਹ ਖ਼ੁਦ ਹੀ ਉਨ੍ਹਾਂ ਨਾਲ ਪਿਆਰ ਕਰਨ ਲੱਗੇ।
ਇਸ ਦੌਰਾਨ ਕੋਮਲ ਦੀ ਮਾਂ ਤਾਂ ਮਨ ਗਈ ਸੀ ਪਰ ਪਿਤਾ ਦਾ ਗੁੱਸਾ ਅਜੇ ਵੀ ਠੰਡਾ ਨਹੀਂ ਹੋਇਆ ਸੀ।
ਉਹ ਅਜੇ ਵੀ ਚਾਹੁੰਦੇ ਸੀ ਕਿ ਬੱਚਿਆਂ ਨੂੰ ਕਿਸੇ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਜਾਵੇ ਜਾਂ ਵਿਆਹੁਤਾ ਜੋੜੇ ਨੂੰ ਗੋਦ ਦੇ ਦਿੱਤਾ ਜਾਵੇ। ਪਰ ਅਜਿਹਾ ਨਾ ਹੋਣਾ ਸੀ ਅਤੇ ਨਾ ਹੋਇਆ।
ਕੋਮਲ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸਦੇ ਵਿਆਹ ਦੀ ਉਮੀਦ ਛੱਡ ਦਿੱਤੀ ਸੀ।
ਉਹ ਖ਼ੁਦ ਵੀ ਦੋਵਾਂ ਬੱਚਿਆਂ ਨੂੰ ਪਾਲਣ ਵਿੱਚ ਐਨੀ ਰੁੱਝੀ ਹੋਈ ਸੀ ਕਿ ਕੁਝ ਹੋਰ ਸੋਚਣ ਦਾ ਸਮਾਂ ਨਹੀਂ ਸੀ।
ਉੱਧਰ ਕਿਸਮਤ ਨੇ ਕੁਝ ਹੋਰ ਹੀ ਸੋਚ ਰੱਖਿਆ ਸੀ।
ਆਖ਼ਰ ਕੋਮਲ ਨੇ ਲਿਆ ਵਿਆਹ ਦਾ ਫ਼ੈਸਲਾ
ਹਮੀਰਪੁਰ ਵਿੱਚ ਕੋਮਲ ਦੀ ਮੁਲਾਕਾਤ ਰਾਹੁਲ ਪਰਾਸ਼ਰ ਨਾਲ ਹੋਈ।
ਰਾਹੁਲ ਟਿੰਬਰ ਬਿਜ਼ਨਸ ਕਰਦੇ ਸੀ ਅਤੇ ਉਹ ਵੀ ਉਸੇ ਬਿਲਡਿੰਗ ਵਿੱਚ ਰਹਿੰਦੇ ਸੀ। ਦੋਵਾਂ ਵਿੱਚ ਦੋਸਤੀ ਹੋ ਗਈ।
ਉਨ੍ਹਾਂ ਨੇ ਦੱਸਿਆ, ”ਪਿਆਰ ਵਰਗਾ ਤਾਂ ਕੁਝ ਨਹੀਂ ਸੀ ਪਰ ਉਨ੍ਹਾਂ ਨੇ ਮੇਰੇ ਨਾਲ ਵਿਆਹ ਦੀ ਗੱਲ ਕੀਤੀ। ਮੈਂ ਵਿਆਹ ਲਈ ਹਾਂ ਤਾਂ ਕਰ ਦਿੱਤੀ ਪਰ ਇੱਕ ਸ਼ਰਤ ‘ਤੇ। ਸ਼ਰਤ ਇਹ ਸੀ ਕਿ ਕਾਜੂ ਅਤੇ ਕਿਸ਼ਮਿਸ਼ ਮੇਰੇ ਨਾਲ ਹੀ ਰਹਿਣਗੇ ਅਤੇ ਮੈਂ ਆਪਣਾ ਬੱਚਾ ਨਹੀਂ ਕਰਾਂਗੀ।”
ਅਜਿਹਾ ਨਹੀਂ ਹੈ ਕਿ ਉਨ੍ਹਾਂ ਦਾ ਪਰਿਵਾਰ ਆਸਾਨੀ ਨਾਲ ਤਿਆਰ ਹੋ ਗਿਆ। ਬਹੁਤ ਮੁਸ਼ਕਿਲਾਂ ਆਈਆਂ, ਸਵਾਲ-ਜਵਾਬ ਹੋਏ।
ਰਾਹੁਲ ਦੀ ਮਾਂ ਇਹ ਸੋਚ ਕੇ ਘਬਰਾ ਰਹੀ ਸੀ ਕਿ ਉਨ੍ਹਾਂ ਦੀ ਨੂੰਹ ਦੋ ਕੁੜੀਆਂ ਨੂੰ ਲੈ ਕੇ ਘਰ ਆਵੇਗੀ।
ਹਾਲਾਂਕਿ ਅਖ਼ੀਰ ਵਿੱਚ ਸਭ ਠੀਕ ਹੋ ਗਿਆ ਤੇ ਵਿਆਹ ਵੀ ਹੋ ਗਿਆ।
‘ਉਨ੍ਹਾਂ ਨੇ ਮੈਨੂੰ ਅਪਣਾਇਆ ਹੈ, ਮੈਂ ਉਨ੍ਹਾਂ ਨੂੰ ਨਹੀਂ…’
ਫਿਲਹਾਲ ਕੋਮਲ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੀ ਹੈ। ਉਹ ਆਪਣੇ ਪਤੀ ਅਤੇ ਦੋਵਾਂ ਬੱਚੀਆਂ ਦੇ ਨਾਲ ਰਹਿੰਦੀ ਹੈ। ਉਨ੍ਹਾਂ ਦੇ ਵਿਆਹ ਨੂੰ ਇੱਕ ਸਾਲ ਹੋ ਗਿਆ।
ਕਾਜੂ ਅਤੇ ਕਿਸ਼ਮਿਸ਼ ਵੀ ਇੱਕ ਸਾਲ ਦੀਆਂ ਹੋ ਗਈਆਂ ਹਨ।
ਉਹ ਮੁਸਕੁਰਾਉਂਦੇ ਹੋਏ ਕਹਿੰਦੀ ਹੈ, ”ਦੋਵਾਂ ਦਾ ਪਿਆਰ ਰਾਹੁਲ ਨਾਲ ਜ਼ਿਆਦਾ ਹੈ। ਉਹ ਸਮਝਦੇ ਹਨ ਮੇਰੇ ਲਈ ਕਾਜੂ ਤੇ ਕਿਸ਼ਮਿਸ਼ ਕਿੰਨੇ ਅਹਿਮ ਹਨ।”
”ਉਹ ਅਕਸਰ ਮੈਨੂੰ ਕਹਿੰਦੇ ਹਨ ਕਿ ਮੈਂ ਉਨ੍ਹਾਂ ਨਾਲ ਘੱਟ ਪਿਆਰ ਕਰਦੀ ਹਾਂ, ਉਨ੍ਹਾਂ ਦੇ ਅਜਿਹਾ ਕਹਿਣ ‘ਤੇ ਮੈਂ ਹੱਸ ਦਿੰਦੀ ਹਾਂ।”
ਕੋਮਲ ਦੇ ਸਹੁਰੇ ਅਜੇ ਵੀ ਉਸ ਨੂੰ ਆਪਣਾ ਇੱਕ ਬੱਚਾ ਕਰਨ ਲਈ ਕਹਿੰਦੇ ਹਨ ਪਰ ਕੋਮਲ ਹਰ ਵਾਰ ਨਾਂਹ ਕਰ ਦਿੰਦੀ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਕਾਜੂ ਅਤੇ ਕਿਸ਼ਮਿਸ਼ ਹੀ ਉਨ੍ਹਾਂ ਲਈ ਸਭ ਕੁਝ ਹੈ।
ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੇ ਬਾਇਓਲੋਜੀਕਲ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨਾਲ ਸਪੰਰਕ ਨਹੀਂ ਹੋ ਸਕਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲੈ ਲਿਆ।
ਕੋਮਲ ਗੱਲ ਕਰਦੇ ਹੋਏ ਭਾਵੁਕ ਹੋ ਜਾਂਦੀ ਹੈ ਅਤੇ ਕਹਿੰਦੀ ਹੈ, ”ਜਦੋਂ ਉਹ ਵੱਡੀਆਂ ਹੋ ਜਾਣਗੀਆਂ ਤਾਂ ਮੈਂ ਉਨ੍ਹਾਂ ਨੂੰ ਦੱਸਾਂਗੀ ਕਿ ਉਨ੍ਹਾਂ ਨੇ ਮੈਨੂੰ ਅਪਣਾਇਆ ਹੈ, ਮੈਂ ਉਨ੍ਹਾਂ ਨੂੰ ਨਹੀਂ…”