ਵਿਆਹ ਦੇ ਕਾਰਡ ‘ਤੇ ਲਿਖਵਾਈ ਅਜਿਹੀ ਲਾਈਨ ਕਿ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ:
ਬੀਤੇ ਦਿਨੀਂ ਹੁਸ਼ਿਆਰਪੁਰ ‘ਚ ਵਿਆਹ ਦੀ ਜਾਗੋ ਦੌਰਾਨ ਚੱਲੀ ਗੋਲੀ ਨਾਲ ਸਾਕਸ਼ੀ ਨਾਂ ਦੀ ਐੱਮ.ਬੀ.ਏ. ਦੀ ਵਿਦਿਆਰਥਣ ਦੀ ਮੌਤ ਹੋ ਗਈ ਸੀ।
ਸਾਕਸ਼ੀ ਦੀ ਮੌਤ ਤੋਂ ਬਾਅਦ ਪੰਜਾਬ ‘ਚ ਵਿਆਹ ਦੇ ਸਮਾਰੋਹਾਂ ਦੌਰਾਨ ਗੋਲੀਆਂ ਚਲਾਉਣ ਦੇ ਚੱਲਣ ‘ਤੇ ਫਿਰ ਸਵਾਲ ਉੱਠਣ ਲੱਗੇ ਹਨ।ਇਸੇ ਨੂੰ ਲੈ ਕੇ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਵਿਆਹ ਦਾ ਕਾਰਡ ਵਾਇਰਲ ਹੋ ਰਿਹਾ ਹੈ,ਜਿਸ ‘ਚ ਵਿਆਹ ਸਮਾਰੋਹਾਂ ਦੌਰਾਨ ਗੋਲੀਆਂ ਚਲਾਉਣ ਵਾਲਿਆਂ ਲਈ ਇਕ ਸੰਦੇਸ਼ ਦਿੱਤਾ ਗਿਆ ਹੈ।ਸਾਕਸ਼ੀ ਦੀ ਮੌਤ ਦੇ ਇੱਕ ਦਿਨ ਬਾਅਦ ਸੋਸ਼ਲ ਮੀਡੀਆ ‘ਤੇ ਪੰਜਾਬੀ ‘ਚ ਛੱਪੇ ਵਿਆਹ ਦੇ ਕਾਰਡ ‘ਚ ਇਹ ਸੰਦੇਸ਼ ਦਿੱਤਾ ਗਿਆ ਹੈ, ”ਕ੍ਰਿਪਾ ਕਰਕੇ ਆਪਣਾ ਅਸਲਾ ਘਰ ਰੱਖ ਕੇ ਹੀ ਆਉਣਾ ਜੀ।ਪਰ ਇਸ ਕਾਰਡ ਦੇ ਬਾਰੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਵਿਆਹ ਦਾ ਇਹ ਕਾਰਡ ਕਿੱਥੋਂ ਜਾਰੀ ਹੋਇਆ ਹੈ ਅਤੇ ਕਿਸ ਦਾ ਵਿਆਹ ਹੈ ਅਤੇ ਵਿਆਹ ਕਿਹੜੇ ਦਿਨ ਹੋਣਾ ਹੈ।ਇਸ ਕਾਰਡ ‘ਚ ਛੱਪੀ ਇਸ ਲਾਈਨ ਦਾ ਇਹ ਸੰਦੇਸ਼ ਅਜਿਹੇ ਲੋਕਾਂ ਦੀਆਂ ਅੱਖਾਂ ਤੋਂ ਪਰਦਾ ਉਠਾ ਸਕਦਾ ਹੈ ਜੋ ਆਪਣੇ ਦਿਖਾਵੇ ਅਤੇ ਘਮੰਡ ‘ਚ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਸਮੇਂ ਦੂਜਿਆਂ ਦੀ ਜਾਨ ਦੀ ਪਰਵਾਹ ਨਹੀਂ ਕਰਦੇ ਹਨ।ਵਿਆਹਾਂ ‘ਚ ਫਾਇਰਿੰਗ ਕਰਨ ਦਾ ਮੁੱਖ ਕਾਰਨ ਪੰਜਾਬੀ ਪੌਪ ਗਾਣਿਆਂ ‘ਚ ਹਥਿਆਰਾਂ ਦਾ ਗੁਣਗਾਣ ਕਰਨਾ ਹੈ।
ਇਨ੍ਹਾਂ ਥਾਵਾਂ ‘ਚ ਵਿਆਹ ਸਮਾਰੋਹ ਦੌਰਾਨ ਚਲਾਈਆਂ ਗੋਲੀਆਂ ਨਾਲ ਹੋਈਆਂ ਮੌਤਾਂ:
25 ਜਨਵਰੀ 2014 ਨੂੰ ਸਰਕੁਲਰ ਰੋੜ ‘ਤੇ ਵਿਆਹ ਦੀ ਜਾਗੋ ਦੇ ਸਮੇਂ ਡੋਲੀ ਨੂੰ ਗੋਲੀ ਸੀ।
ਸਾਲ 2015 ‘ਚ ਹੁਸ਼ਿਆਰਪੁਰ ਦੇ ਬਜਵਾੜਾ ‘ਚ ਵਿਆਹ ਸਮਾਰੋਹ ਦੌਰਾਨ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ ਸੀ।
3 ਦਸੰਬਰ 2016 ‘ਚ ਬਠਿੰਡਾ ‘ਚ ਵਿਆਹ ਸਮਾਰੋਹ ਦੌਰਾਨ ਡਾਂਸਰ ਕੁਲਵਿੰਦਰ ਕੌਰ ਦੀ ਗੋਲੀ ਲੱਗਣ ਨਾਲ ਮੌਤ ਹੋਈ ਸੀ।
26 ਫਰਵਰੀ 2017 ‘ਚ ਮੱਛਿਆਂ ਦੀ ਪੈਲੇਸ ‘ਚ ਫੋਟੋਗ੍ਰਾਫੀ ਕਰ ਰਹੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
ਕੋਟਕਪੂਰਾ ‘ਚ 20 ਨਵੰਬਰ 2017 ਨੂੰ ਵਿਆਹ ਦੌਰਾਨ ਹੋਈ ਫਾਇਰਿੰਗ ‘ਚ 8 ਸਾਲਾ ਬੱਚੇ ਦੀ ਮੌਤ ਹੋ ਗਈ ਸੀ।
6 ਜਨਵਰੀ 2018 ‘ਚ ਵਿਆਹ ਦੌਰਾਨ ਲਾੜੇ ਦੇ ਦੋਸਤ ਜਤਿੰਦਰ ਸਿੰਘ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
10 ਫਰਵਰੀ 2018 ‘ਚ ਹੁਸ਼ਿਆਰਪੁਰ ਦੇ ਡੀ.ਜੇ. ‘ਤੇ ਡਾਂਸ ਦੌਰਾਨ ਗੋਲੀ ਲੱਗਣ ਨਾਲ ਐੱਮ.ਬੀ.ਏ. ਸਟੂਡੈਂਟ ਸਾਕਸ਼ੀ ਅਰੋੜਾ ਦੀ ਮੌਤ ਹੋ ਗਈ।