ਅੰਮ੍ਰਿਤਸਰ ‘ਚ ਗੜੇਮਾਰੀ, ਲੁਧਿਆਣਾ ਤੇ ਜਲੰਧਰ ‘ਚ ਮੀਂਹ, ਇੰਝ ਹੀ ਰਹੇਗਾ 2 ਦਿਨ ਹੋਰ ਮੌਸਮ…
punjab weather :ਮੌਸਮ ਵਿਭਾਗ ਵੱਲੋਂ 2 ਦਿਨ ਪਹਿਲਾਂ ਜਾਰੀ ਕੀਤੀ ਗਈ ਭਵਿੱਖਵਾਨੀ ‘ਚ ਇਹ ਦੱਸਿਆ ਗਿਆ ਸੀ ਕਿ ਆਉਣ ਵਾਲੇ ਦੋ ਦਿਨਾਂ ‘ਚ ਬਾਰਿਸ਼ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਸੂਚਨਾ ਦੇ ਤਹਿਤ ਹੀ ਐਤਵਾਰ ਨੂੰ ਪੰਜਾਬ ਭਰ ਵਿਚ ਛਾਏ ਬੱਦਲਾਂ ਤੋਂ ਬਾਅਦ ਕਈ ਥਾਈਂ ਹੋਈ ਬਾਰਿਸ਼ ਨੇ ਅੱਜ ਜਿੱਥੇ ਠੰਡ ‘ਚ ਤਾਂ ਵਾਧਾ ਕੀਤਾ ਹੈ, ਉਥੇ ਹੀ ਸੋਮਵਾਰ ਨੂੰ ਬਾਅਦ ਦੁਪਹਿਰ ਅੰਮ੍ਰਿਤਸਰ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ‘ਚ ਗੜੇਮਾਰੀ ਵੀ ਹੋਈ ਜਿਸ ਦੀ ਸੂਚਨਾ ਭਾਰਤ ਦੇ ਮੌਸਮ ਵਿਭਾਗ ਵਲੋਂ ਸ਼ਨੀਵਾਰ ਹੀ ਦੇ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ ਸਣੇ ਪੰਜਾਬ ਭਰ ‘ਚ ਸੋਮਵਾਰ ਵੀ ਬੱਦਲ ਛਾਏ ਰਹੇ ਅਤੇ ਕਈ ਥਾਈਂ ਹਲਕੀ ਬੂੰਦਾਬਾਦੀ ਵੀ ਹੋਈ। ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਿਆ ਹੈ। ਨਾਲ ਹੀ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ ਅਤੇ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਵਿਚ ਬਾਰਿਸ਼ ਦੇ ਨਾਲ ਨਾਲ ਗੜੇ ਪੈਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ‘ਚ ਜਿਥੇ ਲਗਾਤਾਰ ਤਾਜ਼ੀ ਬਰਫਬਾਰੀ ਹੋ ਰਹੀ ਹੈ ਓਥੇ ਹੀ ਜ਼ਮੀਨੀ ਖੇਤਰ ‘ਚ ਬਾਰਿਸ਼ ਅਤੇ ਗੜੇਮਾਰੀ ਨੇ ਵੀ ਠੰਡ ‘ਚ ਵਾਧਾ ਕੀਤਾ ਹੈ।ਮੌਸਮ ਵਿਭਾਗ ਵਲੋਂ ਇਕ ਤੋਂ ਦੋ ਦਿਨ ਤੱਕ ਇਹ ਹਾਲਤ ਇੰਝ ਹੀ ਬਣੇ ਰਹਿਣ ਦੇ ਸੰਭਾਵਨਾ ਜ਼ਾਹਿਰ ਕੀਤੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਤੇਜ਼ ਹਵਾਵਾਂ 48 ਘੰਟਿਆਂ ‘ਚ ਉੱਤਰ ਪੱਛਮੀ ਭਾਰਤ ਵੱਲ ਹੋਰ ਅੱਗੇ ਵਧਣਗੀਆਂ। ਤੂਫਾਨਾਂ ਵਾਲਾ ਇਹ ਚੱਕਰਵਾਤ 24 ਘੰਟਿਆਂ ਦੌਰਾਨ ਦੱਖਣ ਪਾਕਿਸਤਾਨ ਅਤੇ ਗੁਆਂਢ ਵੱਲ ਵੀ ਵਧਣ ਦੀ ਸੰਭਾਵਨਾ ਹੈ। ਅਫ਼ਗਾਨਿਸਤਾਨ ਅਤੇ ਹੇਠਲੇ ਹਿੱਸਿਆਂ ‘ਚ ਪੂਰਬੀ ਦਿਸ਼ਾ ਤੋਂ ਇਸ ਪੱਛਮੀ ਗੜਬੜ ਦੇ ਦਰਮਿਆਨ ਪੈਦਾ ਹੋਏ ਇਨ੍ਹਾਂ ਚੱਕਰਵਾਤਾਂ ਦੇ 12 ਫਰਵਰੀ ਤੋਂ ਉੱਤਰ ਪੱਛਮੀ ਅਤੇ ਆਸਪਾਸ ਮੱਧ ਭਾਰਤ ਦੇ ਮੈਦਾਨਾਂ ‘ਚ ਪਹੁੰਚਣ ਦੀ ਸੰਭਾਵਨਾ ਹੈ।ਦੋ ਪ੍ਰਣਾਲੀਆਂ ਦੇ ਪ੍ਰਭਾਵ ਤਹਿਤ 13 ਫਰਵਰੀ ਨੂੰ ਪੱਛਮੀ ਹਿਮਾਲਿਆ ਖੇਤਰ ‘ਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੇ ਨਾਲ ਨਾਲ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ। 11 ਤੋਂ 13 ਫਰਵਰੀ ਦੇ ਦਰਮਿਆਨ ਉੱਤਰ ਅਤੇ ਮੱਧ ਭਾਰਤ ‘ਚ ਕਾਫ਼ੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੱਛਮੀ ਗੜਬੜੀ ਕਰਕੇ ਅਗਲੇ ਦੋ ਦਿਨਾਂ ਵਿੱਚ ਪੰਜਾਬ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਸਣੇ ਉੱਤਰੀ ਭਾਰਤ ਦੇ ਕੁਝ ਸੂਬਿਆਂ ਵਿੱਚ ਤੂਫਾਨ ਅਤੇ ਗੜੇ ਪੈਣ ਦੀ ਚਿਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੰਮੂ-ਕਸ਼ਮੀਰ ਤੇ ਹਿਮਾਚਲ ਸੂਬੇ ਵਿੱਚ 12 ਫਰਵਰੀ ਨੂੰ ਬਰਫਬਾਰੀ ਹੋ ਸਕਦੀ ਹੈ। ਇਸ ਦਾ ਕਾਰਨ ਅਫਗਾਨਿਸਤਾਨ ਦੇ ਕੇਂਦਰ ਵਿੱਚ ਸਰਗਰਮ ਹੋਈ ਪੱਛਮੀ ਗੜਬੜੀ ਹੈ। ਇਸ ਦੇ ਅਗਲੇ 48 ਘੰਟੇ ਵਿੱਚ ਉੱਤਰ-ਪੱਛਮੀ ਭਾਰਤ ਵੱਲ ਆਉਣ ਦੀ ਉਮੀਦ ਹੈ। ਇਸ ਨਾਲ ਤੂਫਾਨ ਆ ਸਕਦਾ ਹੈ। 13 ਫਰਵਰੀ ਨੂੰ ਪੱਛਮੀ ਹਿਮਾਲਿਆ ਖੇਤਰ ਵਿੱਚ ਬਾਰਸ਼ ਤੇ ਬਰਫਬਾਰੀ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 11-13 ਫਰਵਰੀ ਵਿਚਾਲੇ ਉੱਤਰੀ ਤੇ ਮੱਧ ਭਾਰਤ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਵੀ ਪੈ ਸਕਦਾ ਹੈ।