ਸਾਹਮਣੇ ਆਈ ‘ਗੁਰਦੁਆਰਾ ਰੱਬ ਦਾ ਕੁੱਤਾ’ ਦੀ ਅਸਲੀਅਤ – ਪੜੋ ਪੂਰੀ ਖਬਰ
ਇਹ ਗੁਰਦੁਆਰਾ ਸਾਹਿਬ ਜਿਸ ਦਾ ਨਾਮ ਗੁਰਦੁਆਰਾ ਰੱਬ ਦਾ ਕੁੱਤਾ ਹੈ, ਢੱਕਾ ਧੀਰਪੁਰ, ਦਿੱਲੀ ਨਕਲੀ ਨਿਰੰਕਾਰੀਆਂ ਦੇ ਹੈਡ ਕਵਾਰਟਰ ਦੇ ਸਾਹਮਣੇ ਹੈ। ਇਹ ਗੁਰਦੁਆਰਾ ਇਕ ਫੌਜੀ ਭਾਈ ਜੈਮਲ ਸਿੰਘ ਨੇ ਜ਼ਮੀਨ ਲੈ ਕੇ ਬਣਾਇਆ। ਜਦੋਂ ਵੀ ਨਕਲੀ ਨਿਰੰਕਾਰੀ ਆਪਣਾ ਕੂੜ ਪ੍ਰਚਾਰ ਸ਼ੁਰੂ ਕਰਦੇ ਤਾਂ ਇਧਰੋਂ ਭਾਈ ਜੈਮਲ ਸਿੰਘ ਲਾਊਡ ਸਪੀਕਰ ਲਗਾ ਕੇ ਬੋਲਦਾ ਹੁੰਦਾ ਸੀ, ਲੋਕੋ ਇਹ ਰੱਬ ਦੇ ਚੋਰ ਹਨ ਅਤੇ ਮੈਂ ਰੱਬ ਦਾ ਕੁਤਾ ਹਾਂ। ਇਸ ਗੁਰਦੁਆਰਾ ਸਾਹਿਬ ਦਾ ਨਾਮ ਹੀ ਰੱਬ ਦਾ ਕੁਤਾ ਰਖ ਦਿੱਤਾ। 1978 ਦੇ ਕਾਂਡ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਕੌਮ ਦੇ ਕੰਮ ਆ ਗਿਆ। ਹੁਣ ਇਹ ਗੁਰਦੁਆਰਾ ਦਿੱਲੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਬੰਧ ਅਧੀਨ ਹੈ। ਇਸ ਇਤਿਹਾਸਕ ਸਥਾਨ ਦੀ ਸੇਵਾ ਸੰਭਾਲ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਲੋੜ ਹੈ। ਭਾਈ ਜੈਮਲ ਸਿੰਘ ਦੀ ਇਹ ਅਦੁੱਤੀ ਸੇਵਾ ਹੈ।ਕਈਆਂ ਨੇ ਕਹਿਣਾ ਕਿ ਖੁਦ ਨੂੰ ਕੁੱਤਾ ਕਹਾਉਣਾ ਬੜਾ ਸ਼ਰਮਨਾਕ ਹੈ ਪਰ ਇਸ ਬਾਬਤ ਗੁਰਬਾਣੀ ਕੀ ਕਹਿੰਦੀ ਹੈ ਜਰਾ ਕਬੀਰ ਸਾਹਿਬ ਦਾ ਸਬਦ ਪੜੋ- ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥ ਕਬੀਰ ਜੀ ਆਖ ਰਹੇ ਹਨ ਕਿ ਮੈਂ ਸਾਹਿਬ ਦੇ ਦਰ ਦਾ ਕੂਕਰ ਹਾਂ ਤੇ ਮੇਰਾ ਨਾਮ ਮੋਤੀ ਪੈ ਗਿਆ ਹੈ।ਸਾਹਿਬ ਨੇ ਮੇਰੇ ਗਲ ਵਿਚ ਪ੍ਰੇਮ ਵਾਲੀ ਜੇਵਰੀ(ਰਸੀ) ਪਾਈ ਹੈ ਓਹ ਜਿਧਰ ਨੂੰ ਖਿਚਦਾ ਹੈ ਮੈ ਓਧਰ ਨੂੰ ਜਾਂਦਾ ਹਾਂ।ਸਮਝਣ ਵਾਲੀ ਗੱਲ ਹੈ ਕਿ ਇੱਕ ਸੱਚੇ ਸਾਹਿਬ ਦੇ ਦਰ ਦਾ ਕੁੱਤਾ ਬਣ ਜਾਣ ਤੇ ਭਟਕਨਾ ਖਤਮ ਹੋ ਜਾਂਦੀ ਹੈ। ਜੀਵਨ ਦੀਆਂ ਲੋੜਾਂ ਕਰਕੇ ਦਰ ਦਰ ਤੇ ਧੱਕੇ ਨਹੀ ਖਾਣੇ ਪੈਂਦੇ। ਸਾਹਿਬ ਜੋ ਮਾਲਿਕ ਹੈ ਹਰ ਲੋੜ ਖੁਦ ਹੀ ਪੂਰੀ ਕਰ ਦਿੰਦਾ ਹੈ ਭਾਵੇ ਓਹ ਸੰਸਾਰ ਤਲ ਤੇ ਹੋਵੇ ਜਾਂ ਅਧਿਆਤਮਿਕ ਤਲ। ਬਸ ਸ਼ਰਤ ਇਹ ਹੈ ਕਿ ਸਾਹਿਬ ਦੇ ਹੁਕਮ ਵਿਚ ਚੱਲਣਾ ਪਵੇਗਾ।ਹੁਕਮ ਦੀ ਡੋਰ ਨਾਲ ਬੱਝੇ ਰਹਿਣਾ ਹੀ ਸਾਹਿਬ ਦੇ ਮਨ ਭਉਂਦਾ ਹੈ। ((ਗੁਰਬਾਣੀ ਵਿਚ ਦੋ ਪ੍ਰਕਾਰ ਦੀ ਜੇਵਰੀ ਦਾ ਜਿਕਰ ਹੈ ਇਕ ਪ੍ਰੇਮ ਵਾਲੀ ਤੇ ਦੂਜੀ ਬੰਧਨ ਵਾਲੀ))