ਸਾਰੀ ਦੁਨੀਆਂ ਵਿੱਚ ਵਖ-ਵਖ ਧਰਮ ਹਨ। ਜੋ ਵਖ-ਵਖ ਦੇਸ਼ਾਂ, ਖਿਤਿਆਂ ਵਿੱਚ ਵਸਣ ਵਾਲੇ ਲੋਕ ਆਪਣੇ-ਆਪਣੇ ਅਕੀਦੇ ਅਨੁਸਾਰ ਮੰਨਦੇ ਹਨ। ਹਰੇਕ ਧਰਮ ਆਪਣੀ-ਆਪਣੀ ਜਗ੍ਹਾ ਸਤਿਕਾਰਯੋਗ ਹੈ। ਹਰੇਕ ਧਰਮ ਦੀਆਂ ਆਪਣੀਆਂ-ਆਪਣੀਆਂ ਖੂਬੀਆਂ ਹਨ। ਪ੍ਰੰਤੂ ਸਿੱਖ ਧਰਮ ਧਰਮਾਂ ਦੀ ਦੁਨੀਆਂ ਅੰਦਰ ਵਿਦਵਾਨਾਂ ਦੀ ਨਜ਼ਰ ਵਿੱਚ ‘ਨਵੇ ਯੁੱਗ ਦਾ ਧਰਮ` ਹੈ।
ਸਿੱਖ ਧਰਮ ਨੂੰ ਗੁਰੂ ਸਾਹਿਬ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਸੇ ਵਿੱਚ ਮਿਲਿਆ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ “ਧੁਰ ਕੀ ਬਾਣੀ ਆਈ।। “ ਭਾਵ ਇਹ ਜੋ ਸਾਰੀ ਬਾਣੀ ਹੈ ਇਹ ਪ੍ਰਮਾਤਮਾ ਵਲੋਂ ਭੇਜੀ ਗਈ ਹੈ। ਦੁਨੀਆਂ ਦੇ ਕਿਸੇ ਵੀ ਧਰਮ ਦਾ ਗ੍ਰੰਥ ਜਿਸ ਤੇ ਉਸ ਧਰਮ ਦੇ ਲੋਕ ਅਕੀਦਾ ਰੱਖਦੇ ਹਨ ਉਸ ਧਰਮ ਦੇ ਚਲਾਉਣ ਵਾਲੇ/ ਮੁਖੀ ਵਲੋਂ ਆਪ ਨਹੀਂ ਲਿਖਿਆ ਗਿਆ ਸਗੋਂ ਬਾਅਦ ਵਿੱਚ ਉਸ ਧਰਮ ਦੇ ਪ੍ਰਚਾਰਕਾਂ/ ਪੈਰੋਕਾਰਾਂ ਦੇ ਮੁਖੀ ਵਲੋਂ ਦਿਤੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਗਿਆ ਹੈ ਜਿਸ ਵਿੱਚ ਕਈ ਤਰਾਂ ਦੇ ਵਾਧੇ-ਘਾਟੇ ਹੋਣ ਦੀ ਗੁੰਜਾਇਸ਼ ਹੋ ਸਕਦੀ ਹੈ। ਪਰ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਆਪ ਹੀ ਤਿਆਰ ਕਰਵਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਕੋਲ ਇੱਕ ਬਿਲਕੁਲ ਸਹੀ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਮੌਜੂਦ ਹੈ। ਜਿਸ ਅਨੁਸਾਰ ਅਮਲੀ ਜਿੰਦਗੀ ਬਣਾ ਕੇ ਪ੍ਰਮਾਤਮਾ ਨਾਲ ਸਿੱਧਾ ਮੇਲ ਕੀਤਾ ਜਾ ਸਕਦਾ ਹੈ। ਇਹ ਬਾਣੀ ਹਰ ਉਸ ਮਨੁੱਖ ਲਈ ਹੈ ਜੋ ਆਪਣਾ ਜੀਵਨ ਇਸ ਅਨੁਸਾਰ ਢਾਲਣਾ ਚਾਹੁੰਦਾ ਹੋਵੇ। ਦੁਨੀਆਂ ਵਿਚਲੇ ਕਿਸੇ ਹੋਰ ਧਰਮ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਸ ਨੂੰ ਇਹ ਦਰਜਾ ਪ੍ਰਾਪਤ ਹੈ।ਸਿੱਖ ਧਰਮ ਇੱਕ ਅਮਲੀ ਧਰਮ ਹੈ। ਇਸ ਧਰਮ ਦੇ ਮੁਖੀ 10 ਗੁਰੂ ਸਾਹਿਬਾਨ ਨੇ ਆਪ ਵੀ ਅਮਲੀ ਜੀਵਨ ਬਤੀਤ ਕੀਤਾ ਅਤੇ ਆਪਣੇ ਸਿੱਖਾਂ ਨੂੰ ਇਸ ਰਸਤੇ ਤੇ ਚਲਣ ਦੀ ਪ੍ਰੇਰਣਾ ਕੀਤੀ। ਇਤਿਹਾਸ ਗਵਾਹ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਉਪਦੇਸ਼ ਦਿਤਾ ਤੇ ਆਪ ਵੀ ਖੁਦ ਕਰਤਾਪੁਰ ਵਿਖੇ ਆਪਣੇ ਹਥੀਂ ਖੇਤੀ ਕਰਦੇ ਰਹੇ ਅਤੇ ਸਾਰੀ ਉਪਜ ਸੰਗਤ ਵਿੱਚ ਵੰਡ ਕੇ ਹੀ ਛਕਦੇ ਰਹੇ। ਇਸੇ ਤਰਾਂ ਗੁਰੂ ਸਾਹਿਬ ਨੇ ਹੋਰ ਜੋ ਵੀ ਉਪਦੇਸ਼ ਕੀਤੇ ਉਹ ਸਾਰੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਅਮਲ ਵਿੱਚ ਲਿਆਂਦੇ। ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਭਗਤਾਂ, ਭਟਾਂ, ਗੁਰਸਿਖਾਂ ਦੀ ਹੀ ਬਾਣੀ ਦਰਜ ਕੀਤੀ ਗਈ ਜੋ ਅਮਲੀ ਜੀਵਨ ਬਤੀਤ ਕਰਦੇ ਸਨ ਅਤੇ ਹੱਥੀਂ ਕਿਰਤ ਕਰਦੇ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਵੰਡ ਕੇ ਛਕਦੇ ਸਨ।