ਕੈਨੇਡਾ ਦੇ ਚੱਕਰ ‘ਚ ‘ਲਾਵਾਰਿਸ ਲਾਸ਼’ ਬਣਿਆ ਟਾਂਡਾ ਦਾ ਪਾਲੀ
ਪਿੰਡ ਕਲਿਆਣਪੁਰ ਦੇ ਰਹਿਣ ਵਾਲੇ ਨੌਜਵਾਨ ਨੂੰ ਕੈਨੇਡਾ ਜਾਣ ਦਾ ਲਾਲਚ ਇਸ ਕਦਰ ਲੈ ਡੁੱਬਿਆ ਕਿ ਆਖ਼ਰੀ ਸਮੇਂ ਉਸ ਦੀ ਲਾਸ਼ ਨੂੰ ਕੋਈ ਮੋਢਾ ਲਾਉਣ ਵਾਲਾ ਵੀ ਨਸੀਬ ਨਾ ਹੋਇਆ। ਕੈਨੇਡਾ ਜਾਣ ਲਈ ਪਾਲੀ ਨੇ ਗੁਰਦਾਸਪੁਰ ਦੇ ਏਜੰਟਾਂ ਨਾਲ 22 ਲੱਖ ਵਿੱਚ ਸੌਦਾ ਤੈਅ ਕੀਤਾ ਸੀ। ਸਾਰੇ ਪੈਸੇ ਵੀ ਬਾਅਦ ਵਿੱਚ ਹੀ ਦੇਣ ਦਾ ਕਰਾਰ ਸੀ ਪਰ 2 ਮਹੀਨੇ ਬੀਤ ਜਾਣ ‘ਤੇ ਪਰਿਵਾਰ ਨੂੰ ਆਪਣੇ ਪੁੱਤ ਦੀ ਮੌਤ ਹੋ ਜਾਣ ਤੋਂ ਵੱਧ ਕੁਝ ਨਹੀਂ ਪਤਾ ਲੱਗਾ।
ਮ੍ਰਿਤਕ ਸੁਰਿੰਦਰ ਪਾਲ ਸਿੰਘ ਉਰਫ ਪਾਲੀ ਦੇ ਸਾਲਾ ਗੋਬਿੰਦ ਸਿੰਘ ਮੁਤਾਬਕ ਟਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੇ ਉਸ ਦੇ ਜੀਜਾ ਨੂੰ 3 ਦਸੰਬਰ, 2017 ਨੂੰ ਕੈਨੇਡਾ ਭੇਜਣ ਲਈ ਘਰੋਂ ਲਿਆ ਸੀ। ਉਸ ਨੇ ਦੱਸਿਆ ਕਿ ਸ਼ੈਲੀ ਨੇ ਕਿਹਾ ਸੀ ਕਿ ਪਾਲੀ ਨੂੰ ਅੰਮ੍ਰਿਤਸਰ ਤੋਂ ਮੁੰਬਈ ਤੇ ਫਿਰ ਬੰਗਲੁਰੂ ਤੋਂ ਕੈਨੇਡਾ ਦੀ ਫਲਾਈਟ ਵਿੱਚ ਬਿਠਾਉਣਾ ਹੈ। ਉਦੋਂ ਤੋਂ ਪਾਲੀ ਲਾਪਤਾ ਹੋ ਗਿਆ ਤੇ ਬੀਤੇ ਕੱਲ੍ਹ ਉਸ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਾ।
ਗੋਬਿੰਦ ਸਿੰਘ ਨੇ ਇਲਜ਼ਾਮ ਲਾਇਆ ਕਿ ਟਰੈਵਲ ਏਜੰਟ ਸ਼ੈਲੀ ਨੇ ਉਸ ਦੇ ਜੀਜਾ ਨੂੰ ਕੈਨੇਡਾ ਭੇਜਣ ਦੀ ਥਾਂ ਬੰਗਲੁਰੂ ਵਿੱਚ ਹੀ ਅਗ਼ਵਾ ਕਰ ਲਿਆ ਸੀ। ਟਾਂਡਾ ਪੁਲਿਸ ਨੇ 15 ਜਨਵਰੀ, 2018 ਨੂੰ ਪਾਲੀ ਦੇ ਗਾਇਬ ਹੋਣ ਤੋਂ ਬਾਅਦ ਉਸ ਦੇ ਸਾਲਾ ਗੋਬਿੰਦ ਸਿੰਘ ਦੇ ਬਿਆਨ ਦੇ ਆਧਾਰ ‘ਤੇ ਹਰਮਿੰਦਰ ਸਿੰਘ ਸ਼ੈਲੀ, ਜੇ.ਡੀ. ਪਟੇਲ, ਸੰਜੀਵ ਤੇ ਨਰੇਸ਼ ਪਟੇਲ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਸੀ। ਦੋ ਹਫਤੇ ਬੀਤ ਜਾਣ ਬਾਅਦ ਵੀ ਪੁਲਿਸ ਨੇ ਇਸ ਮਾਮਲੇ ‘ਤੇ ਕੋਈ ਖਾਸ ਕਾਰਵਾਈ ਨਹੀਂ ਕੀਤੀ ਹੈ।