ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਦੂਰ ਦੁਰਾਡੇ ਤੋਂ ਸਿੱਖ ਸੰਗਤ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਆਪਣੀ ਹਾਜ਼ਰੀ ਲਗਾਵਾਉਂਦੀ ਹੈ, ਨਾਲ ਹੀ ਦੂਰ-ਦੂਰ ਤੋਂ ਸਿੱਖ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ।
ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਦੇਸ਼ ‘ਤੇ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਪੁੱਜੀ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ। ਇਸ ਦਿਨ ਨੂੰ ਸਿੱਖ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਪਰ ਹੁਣ ਇਹ ਦਿਨ ਸਾਡੇ ਪੰਜਾਬ ਦੇ ਗਾਇਕਾਂ ਨੂੰ ਵੀ ਯਾਦ ਰਹਿਣ ਲੱਗ ਪਏ ਹਨ, ਇਸੇ ਲਈ ਹੀ ਸ਼ਾਇਦ ਗਾਇਕ ਇੱਕ ਹੀ ਟਰੈਕ ‘ਤੇ ਚੱਲ ਪਏ ਹਨ।
ਇਸ ਸ਼ਹੀਦੀ ਜੋੜ ਮੇਲ ‘ਤੇ ਪੰਜਾਬ ਦੇ ਸਾਰੇ ਹੀ ਗਾਇਕ ਲੱਗਦਾ ਜਿਵੇਂ ਇੱਕ ਹੀ ਰਸਤੇ ‘ਤੇ ਚੱਲ ਪਏ ਹੋਣ। ਭਾਵੇਂ ਕਿ ਇਹ ਚੰਗੀ ਸ਼ੁਰੂਆਤ ਹੈ ਪਰ ਸਵਾਲ ਇਹ ਹੈ ਕਿ ਇਸ ਦੇ ਪਿੱਛੇ ਅਸਲੀ ਕਾਰਨ ਕੀ ਹਨ? ਕਿਹਾ ਜਾਵੇ ਤਾਂ ਟੀਆਰਪੀ ਵਧਾਉਣ ਦਾ ਇਸ ਤੋਂ ਵਧੀਆ ਰਸਤਾ ਕੋਈ ਨਹੀਂ ਲੱਗਾ।ਪਹਿਲਾਂ ਦੇ ਕਈ ਸਿੰਗਰਸ ਸਿੱਖ ਕੌਮ ਦੇ ਇਸ ਇਤਿਹਾਸ ਬਾਰੇ ਆਪਣੇ ਗੀਤਾਂ ਰਾਹੀਂ ਬਹੁਤ ਕੁੱਝ ਬਿਆਨ ਕਰ ਚੁੱਕੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਸਿੰਗਰਾਂ ਦੇ ਨਾਂਅ ਸਾਨੂੰ ਯਾਦ ਹਨ। ਸਭ ਤੋਂ ਪਹਿਲਾ ਨਾਮ ਸਤਵਿੰਦਰ ਬਿੱਟੀ ਸੀ, ਜਿਹਨਾਂ ਨੇ ਅਣਗਿਣਤ ਹੀ ਗੀਤਾਂ ਵਿੱਚ ਸਿੱਖ ਇਤਿਹਾਸ ਦੇ ਮਾੜੇ ਦੌਰ ਨੂੰ ਦਿਖਾਉਣ ਦੀ ਕੋਸ਼ਿਸ ਕੀਤੀ।
ਜ਼ਿਆਦਾ ਵਧੀਆ ਤਰੀਕੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਫਿਲਮ ਨਿਰਦੇਸ਼ਕ ਹੈਰੀ ਬਵੇਜ਼ਾ ਨੇ ਆਪਣੀ ਫਿਲਮ ਵਿੱਚ ਦਿਖਾਇਆ ਸੀ। ਇਸ ਤੋਂ ਇਲਾਵਾ ਰਣਜੀਤ ਬਾਵਾ, ਇੰਦਰਜੀਤ ਨਿੱਕੂ, ਕੁਲਦੀਪ ਮਾਣਕ, ਕੁਝ ਅਜਿਹੇ ਸਿੰਗਰਸ ਹਨ, ਜਿਨ੍ਹਾਂ ਨੇ ਕਾਫ਼ੀ ਪੈਸੇ ਕਮਾਏ ਅਤੇ ਕਾਫ਼ੀ ਨਾਮਣਾ ਵੀ ਖੱਟਿਆ ਪਰ ਉਹਨਾਂ ਨੇ ਕਦੇ ਵੀ ਸਿੱਖ ਕੌਮ ਜਾਂ ਫਿਰ ਕਿਸੇ ਵੀ ਧਾਰਮਿਕ ਇਸ਼ੂ ‘ਤੇ ਗਾਣਾ ਨਹੀਂ ਗਾਇਆ।
ਕਈ ਅਜਿਹੇ ਗਾਇਕ ਸਨ, ਜਿਹਨਾਂ ਨੇ ਪੰਜਾਬ ਦੇ ਸਿੱਖ ਇਤਿਹਾਸ ਨੂੰ ਦਿਖਾਇਆ ਪਰ ਅੱਜਕੱਲ੍ਹ ਦੇ ਗਾਇਕ ਪਤਾ ਨਹੀਂ ਕਿਸ ਰਸਤੇ ਜਾ ਰਹੇ ਹਨ।ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਕਈ ਗਾਇਕਾਂ ਨੇ ਇਹ ਨੇਕ ਕੰਮ ਕਰਨ ਦੀ ਕੋਸ਼ਿਸ ਕੀਤੀ। ਅਨਮੋਲ ਗਗਨ ਮਾਨ, ਰਣਜੀਤ ਬਾਣਾ ਅਤੇ ਜੈਜੀ ਬੀ ਕਈ ਅਜਿਹੇ ਪੰਜਾਬ ਦੇ ਗਾਇਕ ਹਨ, ਜਿਹਨਾਂ ਨੇ ਧਾਰਮਿਕ ਗੀਤ ਖ਼ਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਗੀਤ ਗਾਏ।
ਇਸ ਨੂੰ ਸ਼ਲਾਘਾਯੋਗ ਉਪਰਾਲਾ ਵੀ ਕਿਹਾ ਜਾਵੇਗਾ ਪਰ ਸਵਾਲ ਫਿਰ ਵੀ ਉਹੀ ਕਿ ਕੀ ਹੋ ਰਿਹਾ ਹੈ ਪੰਜਾਬ ਦੇ ਗਾਇਕਾਂ ਨੂੰ ਇੱਕ ਹੀ ਭੇਡ ਚਾਲ ਦੇ ਪਿੱਛੇ ਆਖਿਰ ਇਹ ਕਿਉਂ ਚੱਲ ਪਏ ਹਨ? ਸਿੱਖ ਨੌਜਵਾਨ ਬਾਣੀ ਅਤੇ ਬਾਣੇ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੇ ਹਨ।ਅਸਲ ਵਿਚ ਟੀਵੀ ਚੈਨਲਾਂ ਉਪਰ ਚਲਦੇ ਅਸ਼ਲੀਲ ਪੰਜਾਬੀ ਗਾਣੇ ਵੀ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਪਤਿਤਪੁਣੇ ਲਈ ਪ੍ਰੇਰਿਤ ਕਰ ਰਹੇ ਹਨ। ਇਹਨਾਂ ਗਾਣਿਆਂ ਵਿਚ ਨਸ਼ੇ ਅਤੇ ਹਥਿਆਰਾਂ ਦਾ ਗੁਣਗਾਨ ਕੀਤਾ ਹੁੰਦਾ ਹੈ। ਇਹਨਾਂ ਗਾਣਿਆਂ ਵਿਚਲੇ ਕਿਰਦਾਰਾਂ ਨੂੰ ਵੇਖਕੇ ਅਨੇਕਾਂ ਹੀ ਸਿੱਖ ਨੌਜਵਾਨ ਇਹਨਾਂ ਵਰਗੇ ਬਣਨ ਦਾ ਯਤਨ ਕਰਦੇ ਹੇਨ ਅਤੇ ਸਿੱਖੀ ਰਹਿਤ ਮਰਿਆਦਾ ਤੋਂ ਦੂਰ ਜਾ ਕੇ ਪਤਿਤਪੁਣੇ ਦਾ ਸ਼ਿਕਾਰ ਹੋ ਜਾਂਦੇ ਹਨ।
ਟੀਵੀ ਚੈਨਲਾਂ ਉਪਰ ਜਿਹੜੇ ਧਾਰਮਿਕ ਗਾਣੇ ਵੀ ਦਿਖਾਏ ਜਾਂਦੇ ਹਨ, ਉਹਨਾਂ ਗਾਣਿਆਂ ਨੂੰ ਗਾਉਣ ਵਾਲੇ ਕਲਾਕਾਰ ਖੁਦ ਹੀ ਪਤਿਤ ਹੁੰਦੇ ਹਨ ਅਤੇ ਉਹ ਸਿੱਖੀ ਸਰੂਪ ਤੋਂ ਕੋਹਾਂ ਦੂਰ ਹੁੰਦੇ ਹਨ।ਅਜਿਹੇ ਧਾਰਮਿਕ ਗਾਣੇ ਗਾਉਣ ਵਾਲੇ ਅਕਸਰ ਹੀ ਕੇਸਰੀ ਦਸਤਾਰ ਜਾਂ ਕੇਸਰੀ ਸਿਰੋਪਾਓ ਸਿਰ ਦੇ ਉਪਰ ਸਜਾ ਲੈਂਦੇ ਹਨ ਪਰ ਉਹਨਾਂ ਨੇ ਦਾੜ੍ਹੀ ਕੱਟੀ ਹੋਈ ਹੁੰਦੀ ਹੈ ਜਾਂ ਫਿਰ ਸ਼ੇਪ ਕੀਤੀ ਹੁੰਦੀ ਹੈ। ਜਿਸ ਕਾਰਨ ਅਜਿਹੇ ਧਾਰਮਿਕ ਗਾਣਿਆਂ ਦਾ ਉਲਟਾ ਅਸਰ ਹੀ ਹੋ ਜਾਂਦਾ ਹੈ ਅਤੇ ਅਨੇਕਾਂ ਹੀ ਸਿੱਖ ਨੌਜਵਾਨ ਅਜਿਹੇ ਗਾਇਕਾਂ ਵਰਗੇ ਬਣਨ ਦਾ ਯਤਨ ਕਰਦੇ ਹਨ।
ਇਹ ਜੋ ਸਿੰਗਰਸ ਹਨ ਕਿ ਇਹਨਾਂ ਦੇ ਨਾ ਤਾਂ ਕੇਸ ਰੱਖੇ ਹਨ ਅਤੇ ਨਾ ਹੀ ਦਾੜ੍ਹੀ ਰੱਖੀ ਹੋਈ ਹੈ ਪਰ ਫਿਰ ਵੀ ਇਹ ਧਾਰਮਿਕ ਗੀਤ ਗਾਉਂਦੇ ਹਨ। ਕੀ ਇਨ੍ਹਾਂ ਨੂੰ ਇਹ ਪਰਮਿਸ਼ਨ ਹੋਣੀ ਚਾਹੀਦੀ ਹੈ? ਅਸੀਂ ਇਹ ਨਹੀਂ ਕਹਿ ਰਹੇ ਕਿ ਇਨ੍ਹਾਂ ਨੇ ਕੋਈ ਮਾੜਾ ਕੰਮ ਕੀਤਾ ਹੈ ਪਰ ਇਹ ਸਿੰਗਰ ਮੌਜੂਦਾ ਸਮੇਂ ਯੂਥ ਲਈ ਆਈਕਨ ਬਣੇ ਹੋਏ ਹਨ।
ਯੂਥ ਲਈ ਇਨ੍ਹਾਂ ਨੇ ਕਈ ਗਾਣੇ ਗਾਏ ਹਨ, ਨਾਲ ਹੀ ਇਹ ਹੁਣ ਧਾਰਮਿਕ ਗਾਣੇ ਗਾ ਕੇ ਇਸ ਤਰ੍ਹਾਂ ਦੀ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ। ਅਸੀਂ ਪ੍ਰਸ਼ੰਸਾ ਕਰਦੇ ਹਾਂ ਕਿ ਸਾਡੇ ਗਾਇਕ ਧਰਮ ਦੇ ਲਈ ਕੋਈ ਕੰਮ ਕਰ ਰਹੇ ਹਨ ਪਰ ਹੋਰ ਵੀ ਕਈ ਧਾਰਮਿਕ ਤਿਉਹਾਰ ਪੰਜਾਬ ਵਿੱਚ ਆਉਂਦੇ ਹਨ ਪਰ ਉਹਨਾਂ ਨੂੰ ਕੋਈ ਵੀ ਪ੍ਰਮੋਟ ਨਹੀਂ ਕਰਦਾ। ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ‘ਤੇ ਹੀ ਇਹਨਾਂ ਦੀ ਨੀਦ ਕਿਵੇਂ ਖੁੱਲ੍ਹ ਜਾਂਦੀ ਹੈ। ਕੀ ਇਹ ਸ਼ਰਧਾ ਹੈ ਜਾਂ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਆਪਣੀ ਟੀਆਰਪੀ ਵਧਾਉਣ ਦਾ ਯਤਨ?