ਸਿੱਖਾਂ ਦੀ ਵੱਕਾਰੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇੱਕ ਸਕੂਲ ਪ੍ਰਿੰਸੀਪਲ ਨਾਲ ਕਥਿਤ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਥੇ ਪੁਲਿਸ ਵੱਲੋਂ ਉਸ ਅਸ਼ਲੀਲ ਵੀਡੀਓ ਨੂੰ ਸੋਸ਼ਲ ਮੀਡੀਆ ‘ਚ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਚੋਥੇ ਦੋਸ਼ੀ ਗੁਰਸੇਵਕ ਸਿੰਘ ਨੂੰ ਡਿਊਟੀ ਮੈਜਿਸਟਰੇਟ ਅਰੁਣ ਸ਼ੋਰੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਪੁਲਸ ਨੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਸੀ।
ਪਰ ਹੁਣ ਅਦਾਲਤ ਨੇ ਉਸਨੂੰ ਇਕ ਦਿਨ ਦਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਤਾਂ ਜੋ ਪੁਲਿਸ ਉਸ ਕੋਲੋਂ ਮਾਮਲੇ ਦੀ ਜਾਂਚ ਕਰ ਸਕੇ। ਵੀਡੀਓ ‘ਤੇ ਹੁਣ ਸਿਆਸਤ ਵੀ ਹੋ ਸਕਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੀਡੀਓ ਵਿਚ ਜਿਸ ਔਰਤ ਨਾਲ ਚੱਢਾ ਨੂੰ ਅਸ਼ਲੀਲ ਹਰਕਤਾਂ ਕਰਦੇ ਹੋਏ ਦੇਖਿਆ ਗਿਆ ਸੀ, ਕਿਸੇ ਸਮੇਂ ਚੱਢਾ ਨੇ ਉਸ ਔਰਤ ਕੋਲੋਂ ਰੱਖੜੀ ਬੰਨ੍ਹਵਾਈ ਸੀ। ਇਹੀ ਨਹੀਂ ਸ਼ਗਨ ਵਜੋਂ ਚੱਢਾ ਆਪਣੀ ਧਰਮ ਦੀ ਭੈਣ ਨੂੰ 500 ਰੁਪਏ ਵੀ ਦਿੱਤੇ ਸਨ ਪਰ ਉੱਧਰ ਚਰਨਜੀਤ ਸਿੰਘ ਚੱਢਾ ਨੇ ਇਸ ਵੀਡੀਓ ਨੂੰ ਆਪਣੇ ਖਿ਼ਲਾਫ਼ ਇੱਕ ਸਾਜਿਸ਼ ਕਰਾਰ ਦਿੱਤਾ ਹੈ।
ਚਰਨਜੀਤ ਸਿੰਘ ਚੱਢਾ ਦੀਆਂ ਉਸ ਔਰਤ ਨਾਲ ਰੱਖੜੀ ਬੰਨ੍ਹਦੇ ਹੋਏ ਤਸਵੀਰਾਂ ਵੀ ਜਾਰੀ ਹੋਈਆਂ ਹਨ। ਰੱਖੜੀ ਦਾ ਧਾਗਾ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ। ਭਰਾ ਅਤੇ ਭੈਣ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ, ਉਹ ਭਾਵੇਂ ਸਗੀ ਭੈਣ ਹੋਵੇ ਜਾਂ ਧਰਮ ਦੀ ਭੈਣ ਹੋਵੇ ਪਰ ਚੱਢਾ ਨੇ ਇਸ ਪਵਿੱਤਰ ਰਿਸ਼ਤੇ ਨੂੰ ਵੀ ਤਾਰ-ਤਾਰ ਕਰ ਦਿੱਤਾ। ਚੱਢਾ ਤੋਂ ਪਹਿਲਾਂ ਇੱਕ ਸੀਨੀਅਰ ਅਕਾਲੀ ਨੇਤਾ ਦੀ ਅਸ਼ਲੀਲ ਵੀਡੀਓ ਨੇ ਸਿੱਖਾਂ ਕਾਫ਼ੀ ਸ਼ਰਮਸਾਰ ਕੀਤਾ ਸੀ।
ਚੀਫ਼ ਖ਼ਾਲਸਾ ਦੀਵਾਨ ਸਿੱਖ ਪੰਥ ਦੀ ਧਾਰਮਿਕ ਤੇ ਵਿਦਿਅਕ ਯੂਨੀਵਰਸਿਟੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਸੰਸਥਾ ਦੀ ਸਿੱਖ ਧਰਮ ਵਿਚ ਕਾਫ਼ੀ ਜ਼ਿਆਦਾ ਮਹੱਤਤਾ ਹੈ ਪਰ ਮੌਜੂਦਾ ਸਮੇਂ ਸ਼ੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਇਸ ਵੱਕਾਰੀ ਸੰਸਥਾ ਨਾਲ ਜੁੜੇ ਇੱਕ ਅਹਿਮ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਔਰਤ ਨਾਲ ਜ਼ਬਰਦਸਤੀ ਕਰਦਾ ਦਿਖਾਈ ਦੇ ਰਿਹਾ ਹੈ, ਉਹ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਹੈ।
ਇਸ ਵੀਡਿਓ ਦੇ ਸਾਹਮਣੇ ਆਉਣ ਤੋਂ ਬਾਅਦ ਚੱਢਾ ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨਗੀ ਅਹੁਦੇ ਤੋਂ ਖਾਰਜ ਕਰਨ ਦੇ ਨਾਲ-ਨਾਲ ਉਸ ਨੂੰ ਚੀਫ਼ ਖ਼ਾਲਸਾ ਦੀਵਾਨ ‘ਚੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਭਾਵੇਂ ਉਨ੍ਹਾਂ ਖ਼ਿਲਾਫ਼ ਵਿਰੋਧੀ ਸੁਰਾਂ ਸਿਖਰ ’ਤੇ ਹਨ, ਪਰ ਵਿਵਾਦ ਦੇ ਬਾਵਜ਼ੂਦ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਾ ਦੇਣ ਲਈ ਬਜ਼ਿੱਦ ਹਨ। ਦੂਜੇ ਪਾਸੇ ਅਸਤੀਫੇ ਦੀ ਮੰਗ ਨੂੰ ਲੈ ਕੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਨੇ ਉਨ੍ਹਾਂ ਦੇ ਦਫ਼ਤਰ ਬਾਹਰ ਧਰਨਾ ਦਿੱਤਾ। ਮੈਂਬਰਾਂ ਨੇ ਦੀਵਾਨ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਦੀ ਗ਼ੈਰ ਹਾਜ਼ਰੀ ਵਿੱਚ ਧਨਰਾਜ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।