ਬਰਨਾਲਾ: ਜ਼ਿਲ੍ਹੇ ਦੇ ਪਿੰਡ ਬਡਬਰ ਵਿੱਚ ਇੱਕ ਕੁੱਤੇ ਨੂੰ ਗੋਲੀ ਮਾਰ ਕੇ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਸਖ਼ਤ ਨੋਟਿਸ ਲਿਆ ਹੈ। ਇਸ ਤੋਂ ਬਾਅਦ ਕੁੱਤੇ ਦੇ ਮਾਲਕ ਸਤਵੀਰ ਸਿੰਘ ਤੇ ਗੁਆਂਢੀ ਸਾਬਕਾ ਫੌਜੀ ਅਜੀਤ ਸਿੰਘ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਵੇਂ ਮੁਲਜ਼ਮ ਫਰਾਰ ਹਨ।
ਬਰਨਾਲਾ ਪੁਲਿਸ ਨੇ ਇਹ ਕਾਰਵਾਈ ਪਸ਼ੂ ਅੱਤਿਆਚਾਰ ਖ਼ਿਲਾਫ ਆਵਾਜ਼ ਬੁਲੰਦ ਕਰਨ ਵਾਲੀ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਦਖਲ ਤੋਂ ਬਾਅਦ ਕੀਤੀ ਹੈ। ਜਾਂਚ ਅਧਿਕਾਰੀ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਦੋਵੇਂ ਮੁਲਜ਼ਮਾਂ ਖਿਲਾਫ ਐਨੀਮਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਮੁਲਜ਼ਮ ਫਰਾਰ ਹਨ।
ਦੂਜੇ ਪਾਸੇ ਸਤਵੀਰ ਦੇ ਭਰਾ ਪ੍ਰਭਜੋਤ ਸਿੰਘ, ਮਾਤਾ ਤੇ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ ਕੁੱਤੇ ਨੂੰ ਮਾਰਨ ਦੀ ਕਾਰਵਾਈ ਨੂੰ ਜਾਇਜ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੁੱਤਾ ਕਈ ਦਿਨਾਂ ਤੋਂ ਇਨਸਾਨਾਂ ਤੇ ਜਾਨਵਰਾਂ ਨੂੰ ਕੱਟ ਰਿਹਾ ਸੀ, ਜਿਸ ਕਾਰਨ ਉਸ ਨੂੰ ਮਾਰਿਆ ਗਿਆ ਸੀ।