ਪੰਜਾਬ ਚ ਸੜਕ ਹਾਦਸੇ ਰੁਕਣ ਦਾ ਨਾਮ ਹੀ ਨਹੀ ਲੈ ਰਹੇ ਪੰਜਾਬ ਚ ਆਏ ਦਿਨ ਕੋਈ ਨਾ ਕੋਈ ਹਾਦਸਾ ਹੋਇਆ ਰਹਿੰਦਾ ਹੈ ਅੱਜ ਰਾਤ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਿਸ ਨੂੰ ਦੇਖ ਕੇ ਹਰ ਅੱਖ ਨਮ ਹੋ ਗਈ
ਧੂਰੀ-ਸੰਗਰੂਰ ਮੁੱਖ ਮਾਰਗ ‘ਤੇ ਵਾਪਰੇ ਇਕ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਅਤੇ 3 ਬੱਚਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਇੰਦਰਜੀਤ ਸਿੰਘ (19) ਪੁੱਤਰ ਅਮਰੀਕ ਸਿੰਘ ਵਾਸੀ ਮਾਲੇਰਕੋਟਲਾ ਐਤਵਾਰ ਸ਼ਾਮ ਨੂੰ ਕਰੀਬ 6 ਵਜੇ ਆਪਣੇ ਛੋਟੇ ਭਰਾ ਸਰਬਜੀਤ ਸਿੰਘ (11) ਅਤੇ ਦੋ ਹੋਰ ਬੱਚਿਆਂ ਨਾਲ ਆਪਣੀ ਕਾਰ ਵਿਚ ਧੂਰੀ ਤੋਂ ਸੰਗਰੂਰ ਵੱਲ ਜਾ ਰਿਹਾ ਸੀ।
ਮੁੱਖ ਮਾਰਗ ‘ਤੇ ਸਥਿਤ ਪਿੰਡ ਬੇਨੜਾ ਵਿਖੇ ਇਸ ਕਾਰ ਦੀ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ ਕਾਰ ਚਾਲਕ ਇੰਦਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਸਵਾਰ ਉਸ ਦਾ ਭਰਾ ਸਰਬਜੀਤ, ਏਕਮਪ੍ਰਤਾਪ ਸਿੰਘ (10) ਅਤੇ ਸੀਰਤ ਧੀਮਾਨ (8) ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ‘ਚ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ‘ਚ ਜ਼ਖਮੀ ਹੋਏ ਤਿੰਨਾਂ ਬੱਚਿਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁੱਢਲੀ ਸਿਹਤ ਮੁਹਈਆ ਕਰਵਾਉਣ ਤੋਂ ਉਪਰੰਤ ਪਟਿਆਲਾ ਰੈਫਰ ਕੀਤਾ ਗਿਆ ਹੈ। ਮ੍ਰਿਤਕ ਇੰਦਰਜੀਤ ਸਿੰਘ ਧੂਰੀ ਤੋਂ ਅਕਾਲੀ ਦਲ (ਬ) ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਲੜਣ ਵਾਲੇ ਪ੍ਰੀਤ ਕੰਬਾਇਨ ਨਾਭਾ ਦੇ ਚੇਅਰਮੈਨ ਹਰੀ ਸਿੰਘ ਦਾ ਸਕਾ ਭਾਣਜਾ ਸੀ।
ਭਾਣਜੇ ਦੀ ਮੌਤ ਦੀ ਦੁਖਦ ਖਬਰ ਸੁਨਣ ‘ਤੇ ਉਹ ਵੀ ਸਥਾਨਕ ਸਿਵਲ ਹਸਪਤਾਲ ਵਿਖੇ ਪੁੱਜੇ, ਜਿੱਥੇ ਕਿ ਉਨ੍ਹਾਂ ਦੇ ਭਾਣਜੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ। ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ ਹਸਪਤਾਲ ਵਿਖੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਆਮ ਲੋਕ ਵੀ ਸਥਾਨਕ ਸਿਵਲ ਹਸਪਤਾਲ ਵਿਖੇ ਪੁੱਜੇ। ਇਸ ਮੌਕੇ ਮੌਜੂਦ ਥਾਣਾ ਸਦਰ ਧੂਰੀ ਦੇ ਮੁਖੀ ਪਰਮਿੰਦਰ ਸਿੰਘ ਅਨੁਸਾਰ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ।