ਅਮਰੀਕੀ ਰਾਸ਼ਟਰਪਤੀ ਦਾ ਵੱਡਾ ਫੈਸਲਾ, ਹੁਣ ਪੱਕੇ ਹੋਣਾ ਨਹੀਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨ ਕਾਰਡ ਲਾਟਰੀ ਸਿਸਟਮ ਖਤਮ ਕਰਨ ਦਾ ਵੱਡਾ ਫੈਸਲਾ ਲਿਆ ਹੈ। ਦਰਅਸਲ, ਨਿਊਯਾਰਕ ‘ਚ ਹੋਏ ਅੱਤਵਾਦੀ ਹਮਲੇ ਨੇ ਇਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖੁਲਾਸਾ ਕੀਤਾ ਹੈ ਕਿ 8 ਲੋਕਾਂ ਦੀ ਮੌਤ ਦੇ ਦੋਸ਼ੀ ਨੂੰ ਇਸੇ ਲਾਟਰੀ ਪ੍ਰੋਗਰਾਮ ਜ਼ਰੀਏ ਫਾਇਦਾ ਮਿਲਿਆ ਹੈ।ਲਾਟਰੀ ਪ੍ਰੋਗਰਾਮ ਉਹ ਪ੍ਰਕਿਰਿਆ ਜਿਸ ਰਾਹੀਂ ਅਕਸਰ ਦੋ ਸਾਲਾਂ ਤੋਂ ਵੀ ਘੱਟ ਸਮੇਂ ‘ਚ ਪੱਕੇ ਹੋਣ ਦਾ ਮੌਕਾ ਮਿਲਦਾ ਹੈ।
ਹੁਣ ਤਕ ਇਸ ਪ੍ਰੋਗਰਾਮ ਜ਼ਰੀਏ ਤਕਰੀਬਨ 10 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮਿਲ ਚੁੱਕਾ ਹੈ।ਹੋਰ ਪ੍ਰਵਾਸੀਆਂ ਦੇ ਉਲਟ, ਲਾਟਰੀ ਦੇ ਜੇਤੂ ਲਈ ਉਸ ਦੇ ਕਰੀਬੀ ਰਿਸ਼ਤੇਦਾਰ ਦਾ ਉੱਥੇ ਹੋਣਾ ਜਾਂ ਉਸ ਨੂੰ ਕੋਈ ਖਾਸ ਹੁਨਰ ਦੀ ਜ਼ਰੂਰਤ ਨਹੀਂ ਹੁੰਦੀ। ਮੈਨਹਟਨ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਟਰੰਪ ਨੇ ਕੈਬਨਿਟ ਬੈਠਕ ‘ਚ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਸਾਨੂੰ ਲਾਟਰੀ ਪ੍ਰੋਗਰਾਮ ਖਤਮ ਕਰਨ ਦੀ ਜ਼ਰੂਰਤ ਹੈ।
ਟਰੰਪ ਨੇ ਟਵੀਟ ਕਰਕੇ ਵੀ ਕਿਹਾ ਕਿ ਅਸੀਂ ਮੈਰਿਟ ਆਧਾਰਿਤ ਪ੍ਰਵਾਸ ‘ਤੇ ਸਖਤ ਮਿਹਨਤ ਕਰ ਰਹੇ ਹਾਂ, ਹੁਣ ਹੋਰ ਲਾਟਰੀ ਸਿਸਟਮ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਨਹਟਨ ਦਾ ਹਮਲਾਵਰ ਲਾਟਰੀ ਸਿਸਟਮ ਜ਼ਰੀਏ ਹੀ ਸਾਡੇ ਦੇਸ਼ ਆਇਆ ਹੈ। ਉਨ੍ਹਾਂ ਨੇ ਨਵੇਂ ਮੈਰਿਟ ਆਧਾਰਿਤ ਪ੍ਰਣਾਲੀ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਹੁਣ ਸਿਰਫ ਮੈਰਿਟ ਸਿਸਟਮ ਹੀ ਚਾਹੀਦਾ ਹੈ। ਲਾਟਰੀ ਸਿਸਟਮ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਗ੍ਰੀਨ ਕਾਰਡ ਲਾਟਰੀ ਸਿਸਟਮ ਰਾਹੀਂ ਹਰ ਸਾਲ 50,000 ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਪੱਕੇ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਲਾਟਰੀ ਵਾਂਗ ਚੁਣਿਆ ਜਾਂਦਾ ਹੈ। ਇਹ ਪ੍ਰੋਗਰਾਮ 1990 ‘ਚ ਸ਼ੁਰੂ ਕੀਤਾ ਗਿਆ ਸੀ। ਰੀਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁਸ਼ ਦੇ ਕਾਰਜਕਾਲ ਦੌਰਾਨ ਇਹ ਕਾਨੂੰਨ ਪਾਸ ਹੋਇਆ ਸੀ ਅਤੇ ਇਸ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਵੋਟ ਵੀ ਮਿਲੇ ਸਨ।