ਜਰਮਨੀ ਤੋਂ ਇੱਕ ਦੋਸਤ ਨੇ ਫੋਨ ਤੇ ਗੱਲ ਸੁਣਾਈ ਕਹਿੰਦਾ ਅਜੇ ਮਸਾਂ ਪੜਾਈ ਤੋਂ ਵੇਹਲਾ ਹੋਇਆ ਹੀ ਸੀ ਕੇ ਪਿੰਡੋਂ ਬਾਪ ਨੂੰ ਕੋਲ ਬੁਲਾ ਲਿਆ
ਕੁਝ ਅਰਸੇ ਮਗਰੋਂ ਹੀ ਇੰਗਲੈਂਡ ਰਹਿੰਦੇ ਰਿਸ਼ਤੇਦਾਰਾਂ ਨੇ ਸੱਦਾ ਘੱਲ ਦਿੱਤਾ ਕੇ ਵਿਆਹ ਹੈ ਜਰੂਰ ਆਓ। ਬਥੇਰਾ ਸਮਝਾਇਆ ਕੇ ਬਾਪੂ ਛੱਡ ਪਰਾਂ ਕੀ ਲੈਣਾ ਵੱਡੀਆਂ ਗੱਲਾਂ ਵਾਲਿਆਂ ਦੇ ਵਿਆਹ ਜਾ ਕੇ ਪਰ ਉਹ ਖਹਿੜੇ ਪਿਆ ਨਾ ਹਟੇ ,ਕਹਿੰਦਾ ਜਾਣਾ ਜਰੂਰ ਏ, ਅਗਲਿਆਂ ਦਾ ਸਿਲਸਿਲਾ ਜਰੂਰ ਦੇਖ ਕੇ ਆਉਣਾ ਇੱਕ ਵਾਰ।
ਅੱਗੋਂ ਇੰਗਲੈਂਡ ਵਾਲੇ ਵੀ ਪੂਰਾਣੇ ਖਿਡਾਰੀ। ਸਾਲਾਂ ਵਿਚ ਲਹਿਰਾਂ ਬਹਿਰਾਂ ਹੋ ਗਈਆਂ। ਪੰਜਾਂ ਕਿੱਲਿਆਂ ਵਿਚ ਘਰ ,ਘਰ ਕਾਹਦਾ ਪੂਰਾ ਪਟਿਆਲੇ ਦਾ ਸ਼ੀਸ਼ ਮਹੱਲ। ਕਾਰਾਂ ਦੀਆਂ ਅਣਗਿਣਤ ਵਰੈਟੀਆਂ ਤੇ ਅਗਲਿਆਂ ਇੱਕ ਵਿਆਹ ਦੇ ਕੀਤੇ ਵੀ ਦਸ ਬਾਰਾਂ ਫ਼ੰਕਸ਼ਨ..ਉਹ ਵੀ ਵੱਖੋ ਵੱਖ ਹੋਟਲਾਂ ਵਿਚ।
ਗਲੈਂਡੋਂ ਮੁੜੇ ਬਾਪੂ ਦੀਆਂ ਨਜਰਾਂ ਹੀ ਹੋਰ ਹੋਰ ਲੱਗਣ, ਬਦਲਿਆ ਬਦਲਿਆ ਜਿਹਾ ਲਗਿਆ ਕਰੇ। ਆਖਿਆ ਕਰੇ ਕੇ ਮੈਨੂੰ ਮਹਿੰਗੇ ਮਹਿੰਗੇ ਘਰਾਂ ਵਾਲੇ ਇਲਾਕਿਆਂ ਵੱਲ ਦੀ ਸੈਰ ਕਰਾਇਆ ਕਰ। ਅਖੀਰ ਇੱਕ ਦਿਨ ਦਿਲ ਦੀ ਗੱਲ ਖੋਲ ਹੀ ਦਿੱਤੀ ! ਕਹਿੰਦਾ ਪੁੱਤ ਇੱਕ ਗੱਲ ਹੈ ਜੇ ਤੋੜ ਨਿਭਾਵੇਂ ਤਾਂ।
ਪੁੱਛਿਆ ਕੀ ?
ਆਹਂਦਾ ਕੇ ਪੁੱਤ ਘਰ ਵੱਡਾ ਲੈਣਾ, ਤੇ ਲੈਣਾ ਵੀ ਐਸਾ ਕੇ ਜਿਹੜਾ ਲੱਗੇ ਵੀ ਮੋਤੀ ਮਹਿਲ ਵਰਗਾ। ਘਰ ਮੂਹਰੇ ਫੋਟੋ ਖਿੱਚ ਕੇ ਗਲੈਂਡ ਭੇਜਣੀ ਏ ਤੇਰੇ ਮਾਸੜ ਨੂੰ।
ਕਹਿੰਦਾ ਬਾਪੂ ਗੱਲ ਈ ਕੋਈ ਨੀ..ਕਿਸੇ ਮੂੰਹ ਮੱਥੇ ਲੱਗਦੇ ਘਰ ਅੱਗੇ ਖਲੋ ਫੋਟੋ ਖਿੱਚ ਲੈਣੇ ਆ ਤੇ ਭੇਜ ਦਿੰਨੇ ਗਲੈਂਡ ,ਓਹਨਾ ਨੂੰ ਕਿਹੜਾ ਪਤਾ ਲੱਗਣਾ ਕੇ ਘਰ ਆਪਣਾ ਕੇ ਕਿਸੇ ਦਾ।
ਅੱਗੋਂ ਕਹਿੰਦਾ ਨੀ ਏਦਾਂ ਨੀ ਕਰਨਾ, ਮਗਰੋਂ ਚੱਠ ਵੀ ਕਰਨੀ ਏ ਤੇ ਗਲੈਂਡ ਵਾਲਿਆਂ ਨੂੰ ਸੱਦਾ ਪੱਤਰ ਵੀ ਭੇਜਣਾ। ਮੁੜਕੇ ਕੋਈ ਉੱਨੀ ਇੱਕੀ ਨੀ ਹੋਣੀ ਚਾਹੀਦੀ! ਆਖਿਆ ਬਾਪੂ ਇਹ ਕੰਮ ਤੇ ਫੇਰ ਮੇਰੇ ਵੱਸੋਂ ਬਾਹਰ ਏ। ਮਸਾਂ-ਮਸਾਂ ਕਿਰਾਇਆ ਦੇ ਹੁੰਦਾ ਉਹ ਵੀ ਦੋ ਦੋ ਜੋਬਾਂ ਕਰ ਕੇ, ਅੱਗੋਂ ਆਹਂਦਾ ਗੱਲ ਈ ਕੋਈ ਨੀ ਪੁੱਤ..ਪਿੰਡ ਵਾਲੇ ਕੀਲੇ ਵੇਚ ਦਿੰਨੇ ਆ ਇੱਕ ਦੋ, ਤੇਰੇ ਪਿਓ ਦੀ ਮੁੱਛ ਦਾ ਸੁਆਲ ਏ।
ਆਖਿਆ ਬਾਪੂ ਫੇਰ ਮਗਰੋਂ ਲੋਨ ਦੀਆਂ ਕਿਸ਼ਤਾਂ ਕੌਣ ਭਰੂ ? ਗੱਲ ਕੀ ਬਈ ਦੋਹਾ ਵਿਚ ਬੋਲ ਬੁਲਾਰਾ ਹੋ ਪਿਆ ਤੇ ਉੱਦਣ ਤੋਂ ਬਾਪ ਨੇ ਮੈਨੂੰ ਕੁਆਉਣਾ ਛੱਡ ਤਾ!
ਅਖੀਰ ਹਾਰ ਕੇ ਬਾਪੂ ਦੀ ਜ਼ਿਦ ਅੱਗੇ ਗੋਡੇ ਟੇਕਣੇ ਪਏ। ਤਿੰਨ ਲੱਖ ਅਠੱਤੀ ਹਜਾਰ ਯੂਰੋ ਵਾਲੇ ਘਰ ਦੀ ਆਫਰ ਭਰਨ ਲੱਗੇ ਤਾਂ ਗੋਰੀ ਏਜੰਟ ਮੇਰੇ ਮੂੰਹ ਵੱਲ ਦੇਖੇ। ਆਖਦੀ ਕਿਸ਼ਤਾਂ ਭਰ ਲਵੋਗੇ ? ਆਖਿਆ ਹੁਣ ਜੋ ਹੁੰਦਾ ਬੱਸ ਦੇਖੀ ਜਾਊ।ਦੋ ਸੱਟਾਂ ਵੱਧ ਕੀ ਤੇ ਘੱਟ ਕੀ।
ਖੈਰ ਕੁਝ ਦਿਨ ਮਗਰੋਂ ਇੱਕ ਦਿਨ ਤੀਜੀ ਜੋਬ ਦੀ ਸ਼ਿਫਟ ਲਾ ਕੇ ਖਪਿਆ ਤਪਿਆ ਘਰੇ ਆਇਆ ਤਾਂ ਬਾਪੂ ਆਹਂਦਾ ਚੱਲ ਪੁੱਤ ਕੋਠੇ ਤੇ ਗੱਲ ਬਾਤ ਕਰਦੇ ਆਂ।
ਕੋਠੇ ਤੇ ਵਗਦੀ ਹਵਾ ਅਤੇ ਡੁੱਬਦੇ ਸੂਰਜ ਦੀ ਲਾਲੀ ਦੇਖ ਆਹਂਦਾ ਪੁੱਤ ਹੁਣ ਆਇਆ ਨਾ ਸੁਆਦ। ਕਹਿੰਦਾ ਮੈਂ ਸੜੇ-ਬਲੇ ਨੇ ਅੱਗੋਂ ਆਖ ਦਿੱਤਾ ਬਾਪੂ ਸੁਆਦ ਤੇ ਆਪਾਂ ਬਥੇਰੇ ਲੈ ਲਏ ,ਚੱਲ ਇੱਕ ਕੰਮ ਹੋਰ ਕਰੀਏ।
ਪੁੱਛਦਾ ਉਹ ਕੀ ਪੁੱਤ?
ਆਖਿਆ ਚੱਲ ਦੋਵੇਂ ਕੋਠਿਓਂ ਥੱਲੇ ਛਾਲ ਮਾਰੀਏ ! ਅੱਗੋਂ ਆਂਹਦਾ ਉਹ ਕਿਓਂ ਪੁੱਤ ਸੁਖੀ ਸਾਂਦੀ ? ਆਖਿਆ ਬਾਪੂ ਕੁਰਬਾਨੀ ਦੇ ਕੇ ਇੱਕ ਸੁਨੇਹਾਂ ਛੱਡ ਜਾਵਾਂਗੇ ਦੁਨੀਆ ਲਈ ਕੇ ਅੱਡੀਆਂ ਚੁੱਕ ਫਾਹੇ ਲੈਣ ਦਾ ਅੰਜਾਮ ਕਿੰਨਾ ਮਿੱਠਾ ਹੁੰਦਾ, ਨਾਲੇ ਕਿਸੇ ਹੋਰ ਵਿਚਾਰੇ ਦਾ ਵੀ ਭਲਾ ਹੋ ਜੂ। ਉੱਤੋਂ ਪੂਰਾਣੇ ਬਜ਼ੁਰਗ ਵੀ ਦੱਸਦੇ ਹੁੰਦੇ ਭੀ ਕਿਸੇ ਦਾ ਭਲਾ ਕਰਦੇ ਹੋਏ ਸੁਆਸ ਛੱਡੀਏ ਤਾਂ ਅਗਲੇ ਜਹਾਨ ਸਿੱਧੀ ਸਵਰਗ ਵਿਚ ਢੋਈ ਮਿਲਦੀ ਏ”।
(ਇਸ ਸਚੇ ਬਿਰਤਾਂਤ ਦਾ ਪਾਤਰ ਜਿਉਂਦਾ ਜਾਗਦਾ ਹੈ ਤੇ ਮੇਰੀ ਮਿੱਤਰ ਸੂਚੀ ਵਿਚ ਹੈ )
ਹਰਪ੍ਰੀਤ ਸਿੰਘ ਜਵੰਦਾ