ਦੇਸੀ ਜੁਗਾੜ: ਇੱਕ ਲੀਟਰ ਪੈਟਰੋਲ ਨਾਲ 12 ਮਿੰਟ ਹਵਾਈ ਸਫ਼ਰ ਅਤੇ ….

ਚੰਡੀਗੜ੍ਹ: ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਇਹ ਸਾਬਤ ਕੀਤਾ ਹੈ ਜ਼ਿਲ੍ਹਾ ਹਿਸਾਰ ਦੇ ਹਲਕੇ ਆਦਮਪੁਰ ਦੇ ਪਿੰਡ ਢਾਣੀ ਮੁਹੱਬਤਪੁਰ ਦੇ ਕਿਸਾਨ ਦੇ ਪੁੱਤਰ ਕੁਲਦੀਪ ਟਾਂਕ ਨੇ। ਤਿੰਨ ਸਾਲ ਦੀ ਮਿਹਨਤ ਨਾਲ ਇੱਕ ਅਜਿਹਾ ਹੈਲੀਕਾਪਟਰ ਈਜਾਦ ਕੀਤਾ ਹੈ ਜੋ ਇੱਕ ਲੀਟਰ ਪੈਟਰੋਲ ਨਾਲ 12 ਮਿੰਟ ਹਵਾਈ ਸਫ਼ਰ ਕਰਵਾ ਸਕਦਾ ਹੈ।

 

ਕਿਸਾਨ ਪ੍ਰਹਿਲਾਦ ਸਿੰਘ ਟਾਂਕ ਦੇ ਪੁੱਤਰ ਕੁਲਦੀਪ ਨੇ ਬੀ.ਟੈਕ. ਦੀ ਪੜ੍ਹਾਈ ਤੋਂ ਬਾਅਦ ਆਪਣੇ ਇਸ ਸੁਫਨੇ ਨੂੰ ਸੱਚ ਕਰਨ ਲਈ ਦਿਨ-ਰਾਤ ਮਿਹਨਤ ਕੀਤੀ। ਆਪਣੀ ਇਸ ਫਲਾਇੰਗ ਮਸ਼ੀਨ ਵਿੱਚ ਕੁਲਦੀਪ ਨੇ ਸਥਾਨਕ ਪੱਧਰ ‘ਤੇ ਆਸਾਨੀ ਨਾਲ ਮਿਲਣ ਵਾਲਾ ਸਾਮਾਨ ਹੀ ਵਰਤਿਆ ਹੈ।

IMG-20171023-WA0066

ਇਸ ਵਿੱਚ 200 ਸੀ.ਸੀ. ਦੀ ਸਮਰੱਥਾ ਵਾਲਾ ਮੋਟਰਸਾਈਕਲ ਦਾ ਇੰਜਣ ਲਾਇਆ ਗਿਆ ਹੈ। ਇਸ ਤੋਂ ਇਲਾਵਾ ਲੱਕੜ ਦਾ ਪੱਖਾ, ਉਡਾਨ ਭਰਨ ਤੇ ਉੱਤਰਨ ਲਈ ਪੈਰਾਗਲਾਈਡਰ ਵੀ ਲਾਇਆ ਗਿਆ ਹੈ। 5-6 ਲੀਟਰ ਦੀ ਟੈਂਕੀ ਹੈ ਜੋ ਪੈਟਰੋਲ ਨਾਲ ਪੂਰੀ ਭਰੀ ਹੋਣ ‘ਤੇ ਇੱਕ ਘੰਟੇ ਦੀ ਉਡਾਣ ਦਾ ਨਜ਼ਾਰਾ ਦਿੰਦੀ ਹੈ।

ਕੁਲਦੀਪ ਨੇ ਦੱਸਿਆ ਕਿ ਉਸ ਨੇ ਆਪਣੇ ਪਿੰਡ ਤੇ ਆਲੇ-ਦੁਆਲੇ ਦੇ ਕਈ ਪਿੰਡਾਂ ਤਕ ਤਕਰੀਬਨ ਦੋ ਹਜ਼ਾਰ ਫੁੱਟ ਦੀ ਉਚਾਈ ਤਕ ਉਡਾਇਆ ਹੈ। ਉਸ ਨੇ ਕਿਹਾ ਕਿ ਇਹ ਹੈਲੀਕਾਪਟਰ 10 ਹਜ਼ਾਰ ਫੁੱਟ ਦੀ ਉਚਾਈ ਤਕ ਉੱਡਣ ਦੀ ਸਮਰੱਥਾ ਰੱਖਦਾ ਹੈ। ਉਸ ਨੇ ਦੱਸਿਆ ਕਿ ਫਿਲਹਾਲ ਇਸ ਵਿੱਚ ਇੱਕ ਵਿਅਕਤੀ ਹੀ ਬੈਠ ਸਕਦਾ ਹੈ, ਪਰ ਛੇਤੀ ਹੀ ਉਹ ਇਸ ਵਿੱਚ ਇੱਕ ਸੀਟ ਹੋਰ ਲਾਵੇਗਾ ਤੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਬਿਠਾਏਗਾ।

ਇੰਜਨੀਅਰਿੰਗ ਦੇ ਵਿਦਿਆਰਥੀ ਕੁਲਦੀਪ ਨੇ 6 ਮਹੀਨੇ ਪਹਿਲਾਂ ਗੋਆ ਤੋਂ ਪਾਇਲਟ ਬਣਨ ਲਈ 3 ਮਹੀਨਿਆਂ ਦੀ ਸਿਖਲਾਈ ਵੀ ਪ੍ਰਾਪਤ ਕੀਤੀ ਹੋਈ ਹੈ। ਪੜ੍ਹਾਈ ਤੇ ਸਿਖਲਾਈ ਦੀ ਸੁਚੱਜੀ ਵਰਤੋਂ ਕਰਦਿਆਂ ਆਪਣਾ ਸੁਫਨਾ ਪੂਰਾ ਕਰ ਲਿਆ ਹੈ।

error: Content is protected !!