ਚੰਡੀਗੜ੍ਹ: ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਸਿੱਖ ਨੇਤਾ ਜਗਮੀਤ ਸਿੰਘ ਵੱਲੋਂ ਪੰਜਾਬ ਵਿੱਚ ਸਵੈ-ਨਿਰਨੈ ਨੂੰ ਮੁਢਲਾ ਹੱਕ ਕਹਿਣਾ ਪੰਜਾਬ ਦੀਆਂ ਸਿਆਸਤੀ ਸਫਾਂ ਨੂੰ ਹਜ਼ਮ ਨਹੀਂ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਜਗਮੀਤ ਸਿੰਘ ਨੂੰ ਇੱਥੋਂ ਤਕ ਸੁਣਾ ਦਿੱਤਾ ਕਿ ਕੈਨੇਡਾ ਦੇ ਨੇਤਾ ਨੂੰ ਭਾਰਤ ਦੇ ਮਾਮਲਿਆਂ ਵਿੱਚ ਨੇਤਾਗਿਰੀ ਨਹੀਂ ਕਰਨੀ ਚਾਹੀਦੀ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਗਮੀਤ ਸਿੰਘ ਨੂੰ ਉਸ ਦੀ ਪ੍ਰਾਪਤੀ ‘ਤੇ ਵਧਾਈ ਦਿੰਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਪੰਜਾਬ ਵਿੱਚ ਸਵੈ-ਨਿਰਨੈ ਬਾਰੇ ਬੋਲਣ। ਉਨ੍ਹਾਂ ਕਿਹਾ ਕਿ ਭਾਰਤ ਇੱਕ ਲੋਕਤੰਤਰ ਹੈ, ਜਿੱਥੇ ਸਰਪੰਚ ਤੋਂ ਲੈ ਕੇ ਸੰਸਦ ਮੈਂਬਰ ਤਕ ਸਾਰੇ ਨੁਮਾਇੰਦੇ ਲੋਕ ਚੁਣਦੇ ਹਨ। ਪੰਜਾਬ ਵੀ ਇਸੇ ਦੇਸ਼ ਦਾ ਇੱਕ ਹਿੱਸਾ ਹੈ।
ਮਾਨ ਨੇ ਕਿਹਾ ਕਿ ਅਸੀਂ ਸੰਵਿਧਾਨ ਦੀ ਸਹੁੰ ਚੁੱਕਦੇ ਹਾਂ। ਪੰਜਾਬ ਦੇਸ਼ ਦਾ ਅੰਨਦਾਤਾ ਹੈ। ਇਸ ਨੇ ਕਈ ਉਤਾਰ-ਚੜ੍ਹਾਅ ਵੇਖੇ ਹਨ ਪਰ ਇਹ ਛੇਤੀ ਹੀ ਪਹਿਲਾਂ ਵਾਲੀ ਚਮਕ ਹਾਸਲ ਕਰ ਲਵੇਗਾ।
ਆਪਣੇ ਕੈਨੇਡਾ ਦੇ ਜਾਣ-ਪਛਾਣ ਦੌਰੇ ‘ਤੇ ਨਿਕਲੇ 38 ਸਾਲਾ ਨੌਜਵਾਨ ਲੀਡਰ ਨੇ ਕਿਹਾ ਸੀ ਕਿ ਪੰਜਾਬ, ਕੈਟਲੋਨੀਆ ਤੇ ਕਿਊਬੈਕ ਵਰਗੀਆਂ ਥਾਵਾਂ ‘ਤੇ ਲੋਕਾਂ ਨੂੰ ਸਵੈ-ਨਿਰਨੈ ਦਾ ਮੁਢਲਾ ਹੱਕ ਹੋਣਾ ਚਾਹੀਦਾ ਹੈ। ਚੀਮਾ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਕੈਨੇਡਾ ਦੇ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਦੇ ਤਾਂ ਉਹ ਕਿਉਂ ਕਰਨ।
ਘੱਟ ਗਿਣਤੀਆਂ ਦੇ ਕੌਮੀ ਕਮਿਸ਼ਨ ਦੇ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਤੇ ਭਾਰਤ ਵਿੱਚ ਵਸਦੇ ਲੋਕਾਂ ਨੇ ਕਦੇ ਵੀ ਵੱਖਰੇ ਦੇਸ਼ ਦੀ ਮੰਗ ਨਹੀਂ ਕੀਤੀ, ਜੋ ਸਿਰਫ ਵਿਦੇਸ਼ਾਂ ਵਿੱਚ ਵਸਦੇ ਕੁਝ ਸਿੱਖਾਂ ਦੇ ਦਿਮਾਗ ਦੀ ਹੀ ਉਪਜ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੀ ਅਖੰਡਤਾ ਵਿੱਚ ਯਕੀਨ ਰੱਖਦੇ ਹਾਂ ਤੇ ਸਾਡੇ ਮਸਲੇ ਸੰਵਿਧਾਨਕ ਤਰੀਕੇ ਨਾਲ ਸੁਲਝਾਉਣਾ ਚਾਹੁੰਦੇ ਹਾਂ।
ਤਰਲੋਚਨ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਹੁੰਦੀਆਂ ਹਨ ਤੇ ਸਿੱਖ ਉਨ੍ਹਾਂ ਵਿੱਚ ਹਿੱਸਾ ਲੈਂਦੇ ਹਨ ਤੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇੱਕ ਸਿੱਖ ਸਾਡਾ ਰਾਸ਼ਟਰਪਤੀ ਰਿਹਾ ਹੈ ਤੇ ਪ੍ਰਧਾਨ ਮੰਤਰੀ ਵੀ। ਹੁਣੇ ਇੱਕ ਸਿੱਖ ਹੀ ਭਾਰਤ ਦੇ ਚੀਫ਼ ਜਸਟਿਸ ਵਜੋਂ ਸੇਵਾਮੁਕਤ ਵੀ ਹੋਇਆ ਹੈ।