ਰਿਲਾਇੰਸ ਇੰਡਸਟਰੀ ਸਮੂਹ ਦੀ ਦੂਰਸੰਚਾਰ ਕੰਪਨੀ ਜਿਓ ਨੇ 19 ਅਕਤੂਬਰ ਤੋਂ ਆਪਣੇ ਪਲਾਨ 50 ਫੀਸਦੀ ਮਹਿੰਗੇ ਕਰ ਦਿੱਤੇ ਹਨ। ਜਿਓ ਦੀ ਵੈੱਬਸਾਈਟ ਮੁਤਾਬਕ ਹੁਣ ਤਕ ਇਹ ਤਿੰਨ ਮਹੀਨੇ ਵਾਲਾ ਪਲਾਨ 399 ਰੁਪਏ ਦਾ ਸੀ, ਜੋ ਹੁਣ 15 ਫੀਸਦੀ ਮਹਿੰਗਾ ਹੋ ਗਿਆ ਹੈ।
ਜਿਓ ਨੇ ਦੱਸਿਆ ਕਿ 399 ਰੁਪਏ ‘ਚ ਹੁਣ ਅਨਲਿਮਟਿਡ ਕਾਲਿੰਗ ਅਤੇ ਇਕ ਜੀ.ਬੀ. ਰੋਜ਼ਾਨਾ ਡਾਟਾ ਵਾਲਾ 70 ਦਿਨ ਦਾ ਪਲਾਨ ਲਿਆਇਆ ਗਿਆ ਹੈ। ਇਸ ਤਰ੍ਹਾਂ ਇਹ 20 ਫੀਸਦੀ ਮਹਿੰਗਾ ਹੋਇਆ ਹੈ। ਜਿਓ ਨੇ ਹਾਲਾਂਕਿ ਨਵੇਂ ਪਲਾਨ ਦੀਵਾਲੀ ਧਮਾਕਾ ‘ਧਨ ਧਨਾ ਧਨ ਪਲਾਨ’ ਦੇ ਨਾਂ ਨਾਲ ਇਸ ਨੂੰ ਲਾਂਚ ਕੀਤਾ ਹੈ, ਜਿਵੇਂ ਇਨ੍ਹਾਂ ‘ਚੋਂ ਗ੍ਰਾਹਕਾਂ ਨੂੰ ਫਾਇਦਾ ਹੋਣ ਵਾਲਾ ਹੈ। ਕੰਪਨੀ ਨੇ ਦੱਸਿਆ ਕਿ ਨਵੇਂ ਪਲਾਨ ਸਾਰੇ ਮੌਜੂਦਾ ਅਤੇ ਨਵੇਂ ਖਪਤਕਾਰਾਂ ਲਈ ਲਾਗੂ ਹੋਣਗੇ।
ਕੰਪਨੀ ਨੇ 149 ਰੁਪਏ ਦੇ 28 ਦਿਨ ਵਾਲੇ ਪਲਾਨ ‘ਚ ਡਾਟਾ ਦੀ ਦੈਨਿਕ ਹੱਦ ਵਧਾ ਕੇ 0.15 ਜੀ.ਬੀ. ਕਰ ਦਿੱਤੀ ਹੈ। 2 ਜੀ.ਬੀ. ਰੋਜ਼ਾਨਾ ਡਾਟਾ ਦੇ 509 ਰੁਪਏ ਵਾਲੇ ਪਲਾਨ ਦਾ ਪੀਰੀਅਡ 56 ਦਿਨ ਤੋਂ ਘਟਾ ਕੇ 49 ਦਿਨ ਤੱਕ ਕਰ ਦਿੱਤਾ ਗਿਆ ਹੈ। ਇਹ 14 ਫੀਸਦੀ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ 999 ਰੁਪਏ ਵਾਲੇ 90 ਦਿਨ ਦੇ ਪਲਾਨ ‘ਚ ਹਾਈਸਪੀਡ ਡਾਟਾ ਦੀ ਹੱਦ 90 ਜੀ.ਬੀ. ਦੀ ਥਾਂ 60 ਜੀ.ਬੀ. ਹੋ ਗਏ ਹਨ। ਹੁਣ 1999 ਰੁਪਏ ਵਾਲਾ ਪਲਾਨ 180 ਦੀ ਥਾਂ 120 ਦਿਨ ਦਾ ਹੋਵੇਗਾ। ਇਸ ਤਰ੍ਹਾਂ ਇਹ 50 ਫੀਸਦੀ ਮਹਿੰਗਾ ਹੋਇਆ ਹੈ। ਇਸ ‘ਚ ਡਾਟਾ ਦੀ ਹੱਦ ਵੀ 155 ਜੀ.ਬੀ. ਤੋਂ ਘਟਾ ਕੇ 125 ਜੀ.ਬੀ. ਕਰ ਦਿੱਤੀ ਗਈ ਹੈ। 4999 ਰੁਪਏ ਵਾਲੇ ਪਲਾਨ ਦਾ ਪੀਰੀਅਡ 210 ਦਿਨ ਤੋਂ ਘਟਾ ਕੇ 180 ਦਿਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਇਹ ਕਰੀਬ 17 ਫੀਸਦੀ ਮਹਿੰਗਾ ਹੋਇਆ ਹੈ। ਇਸ ‘ਚ ਡਾਟਾ ਦੀ ਹੱਦ ਵੀ 780 ਜੀ.ਬੀ. ਤੋਂ ਘਟਾ ਕੇ 350 ਜੀ.ਬੀ. ਕੀਤੀ ਗਈ ਹੈ। ਉਥੇ ਹੀ 9999 ਰੁਪਏ ਦੇ 390 ਦਿਨ ਵਾਲੇ ਪਲਾਨ ਨੂੰ ਖਤਮ ਕਰ ਦਿੱਤਾ ਗਿਆ ਹੈ।