ਪੁਲਿਸ ਕੋਲੋਂ ਇਹ ਕੰਮ ਕਰਕੇ ਬਚਦੀ ਰਹੀ ਸੀ ….
ਪੰਚਕੂਲਾ ਪੁਲਿਸ ਅੱਜ ਚੁੱਪ-ਚੁਪੀਤੇ ਹਨੀਪ੍ਰੀਤ ਨੂੰ ਜੰਗੀਰਾਣਾ ਲੈ ਆਈ, ਜਿਥੇ ਉਹ ਛੇ ਦਿਨ ਇਕ ਚੁਬਾਰੇ ’ਚ ਰਹੀ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਗੀਰਾਣਾ ਦੀ ਢਾਣੀ ’ਚ ਮਰਹੂਮ ਸਰਪੰਚ ਪ੍ਰੀਤਮ ਸਿੰਘ ਦੇ ਘਰ ਅੱਜ ਤਕਰੀਬਨ 12 ਵਜੇ ਪੰਚਕੂਲਾ ਪੁਲਿਸ ਦਾ ਕਾਫ਼ਲਾ ਪੁੱਜਿਆ। ਪੰਚਕੂਲਾ ਪੁਲਿਸ ਦੇ ਡੀਐਸਪੀ ਮੁਕੇਸ਼ ਕੁਮਾਰ ਤੇ ਇੰਸਪੈਕਟਰ ਕੁਲਭੂਸ਼ਨ ਦੀ ਅਗਵਾਈ ਹੇਠ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਜੰਗੀਰਾਣਾ ਲਿਆਂਦਾ ਗਿਆ।
ਪੁਲਿਸ ਤਕਰੀਬਨ ਅੱਧਾ ਘੰਟਾ ਢਾਣੀ ਦੀ ਇੱਕ ਕੋਠੀ ਵਿੱਚ ਰਹੀ। ਜਾਣਕਾਰੀ ਅਨੁਸਾਰ ਜਦੋਂ ਪੁਲਿਸ ਪੁੱਜੀ ਤਾਂ ਉਦੋਂ ਘਰ ’ਚ ਮਰਹੂਮ ਸਰਪੰਚ ਦੀ ਨੂੰਹ ਸ਼ਰਨਜੀਤ ਕੌਰ ਹਾਜ਼ਰ ਸੀ, ਜਿਸ ਤੋਂ ਪੁਲਿਸ ਨੇ ਸੁਆਲ ਪੁੱਛੇ। ਪੁਲਿਸ ਨੇ ਉਹ ਚੁਬਾਰਾ ਵੀ ਦੇਖਿਆ, ਜਿਸ ’ਚ ਹਨੀਪ੍ਰੀਤ ਨੇ ਛੇ ਰਾਤਾਂ ਗੁਜ਼ਾਰੇ ਸਨ। ਮਰਹੂਮ ਸਰਪੰਚ ਦੇ ਮੁੰਡੇ ਮਹਿੰਦਰ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਦੀ ਇੱਕ ਔਰਤ ਲੁਧਿਆਣਾ ਵਿੱਚ ਦਾਖ਼ਲ ਹੈ।
ਜਿਥੇ ਪਰਿਵਾਰ ਦੇ ਬਾਕੀ ਮੈਂਬਰ ਗਏ ਹੋਏ ਸਨ। ਪੁਲਿਸ ਦੀ ਛਾਣਬੀਣ ਮੌਕੇ ਪਿੰਡ ਜੰਗੀਰਾਣਾ ਦਾ ਮੌਜੂਦਾ ਸਰਪੰਚ ਨਿਰਮਲ ਸਿੰਘ ਵੀ ਹਾਜ਼ਰ ਸੀ। ਇਹ ਘਰ ਹਨੀਪ੍ਰੀਤ ਦੀ ਸਾਥਣ ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ਦੀ ਭੂਆ ਦਾ ਹੈ। ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਹਨੀਪ੍ਰੀਤ ਤੇ ਸੁਖਦੀਪ ਨੂੰ ਇੱਥੇ ਛੱਡ ਕੇ ਗਏ ਸਨ। ਹਨੀਪ੍ਰੀਤ ਛੇ ਦਿਨ ਚੁਬਾਰੇ ਅੰਦਰ ਹੀ ਰਹੀ।
ਸੁਖਦੀਪ ਕੌਰ ਹੀ ਉਸ ਦਾ ਰੋਟੀ ਪਾਣੀ ਚੁਬਾਰੇ ’ਚ ਲੈ ਕੇ ਜਾਂਦੀ ਸੀ। ਪੁਲਿਸ ਅਨੁਸਾਰ ਜਦੋਂ ਸੁਖਦੀਪ ਕੌਰ ਨੇ ਪਰਿਵਾਰ ਕੋਲ ਹਨੀਪ੍ਰੀਤ ਦੀ ਪਛਾਣ ਦੱਸੀ ਤਾਂ ਪਰਿਵਾਰ ਨੇ ਉਸੇ ਦਿਨ ਉਨ੍ਹਾਂ ਨੂੰ ਤਾੜਨਾ ਕਰ ਦਿੱਤੀ ਅਤੇ ਉਹ ਦੂਜੇ ਦਿਨ ਹੀ ਦੋ ਨੌਜਵਾਨਾਂ ਨਾਲ ਕਿਧਰੇ ਚਲੀਆਂ ਗਈਆਂ। ਪੰਚਕੂਲਾ ਪੁਲਿਸ ਹੁਣ ਇਨ੍ਹਾਂ ਨੂੰ ਲਿਜਾਣ ਵਾਲੇ ਨੌਜਵਾਨਾਂ ਦੀ ਤਲਾਸ਼ ਵਿੱਚ ਜੁਟ ਗਈ ਹੈ।
ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਪਰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਪੰਚਕੂਲਾ ਟੀਮ ਨੇ ਨੰਦਗੜ੍ਹ ਥਾਣੇ ’ਚ ਹਾਜ਼ਰੀ ਤੇ ਰਵਾਨਗੀ ਪਾਈ। ਥਾਣਾ ਨੰਦਗੜ੍ਹ ਦੇ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਚਕੂਲ ਪੁਲਿਸ ਕਰੀਬ ਅੱਧਾ ਘੰਟਾ ਜੰਗੀਰਾਣਾ ’ਚ ਰਹੀ। ਜਾਣਕਾਰੀ ਅਨੁਸਾਰ ਪਿੰਡ ਜੰਗੀਰਾਣਾ ਦੇ ਮਰਹੂਮ ਸਰਪੰਚ ਦੇ ਪਰਿਵਾਰ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਹੈ।
ਇਸ ਤੋਂ ਬਾਅਦ ਪੰਚਕੂਲਾ ਪੁਲਿਸ ਦੇਰ ਸ਼ਾਮ ਹਨੀਪ੍ਰੀਤ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ ਲੈ ਕੇ ਪੁੱਜੀ ਜਿਥੇ ਰਾਤ ਕਰੀਬ 10 ਵਜੇ ਤੱਕ ਪੁਲਿਸ ਨੇ ਡੇਰਾ ਮੁਖੀ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਪੁਲਿਸ ਨੇ ਦੁਪਹਿਰ ਮਗਰੋਂ ਹਨੀਪ੍ਰੀਤ ਦੇ ਉਹ ‘ਰਾਜਸਥਾਨੀ ਟਿਕਾਣੇ’ ਛਾਣੇ, ਜਿਥੇ ਉਸ ਨੇ ਆਪਣੀ ਠਹਿਰ ਬਣਾਈ ਹੋਈ ਸੀ। ਪੁਲਿਸ ਟੀਮ ਪਹਿਲਾਂ ਕਰੀਬ ਤਿੰਨ ਵਜੇ ਰਾਜਸਥਾਨ ਦੇ ਪਿੰਡ ਲਾਧੂਵਾਲਾ ਪੁੱਜੀ, ਜਿਸ ਨੂੰ ਗੰਗਾਨਗਰ ਪੁਲਿਸ ਦਾ ਸਹਿਯੋਗ ਵੀ ਹਾਸਲ ਸੀ।
ਟੀਮ ਨੇ ਲਾਧੂਵਾਲਾ ਦੇ ਇੱਕ ਘਰ ’ਚ ਹਨੀਪ੍ਰੀਤ ਦੇ ਠਹਿਰਨ ਦੇ ਵੇਰਵੇ ਇਕੱਠੇ ਕੀਤੇ, ਜਿਥੇ ਕਾਫ਼ੀ ਸਮਾਂ ਛਾਣਬੀਣ ਚੱਲੀ।ਟੀਮ ਕਰੀਬ 7.15 ਵਜੇ ਗੁਰੂਸਰ ਮੋਡੀਆ ਪੁੱਜੀ, ਜਿਥੇ ਡੇਰਾ ਮੁਖੀ ਦਾ ਪਰਿਵਾਰ ਰਹਿ ਰਿਹਾ ਹੈ। ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਮੁਢਲੇ ਕੁਝ ਦਿਨ ਇਥੇ ਹੀ ਪਰਿਵਾਰ ਨਾਲ ਬਿਤਾਏ।
ਸੂਤਰ ਦੱਸਦੇ ਹਨ ਕਿ ਪੁਲਿਸ ਨੇ ਡੇਰਾ ਮੁਖੀ ਦੇ ਸਾਰੇ ਪਰਿਵਾਰਕ ਜੀਆਂ ਨਾਲ ਲੰਮੀ ਚੌੜੀ ਗੱਲਬਾਤ ਕੀਤੀ ਹੈ ਅਤੇ ਹਨਪ੍ਰੀਤ ਦੀ ਨਿਸ਼ਾਨਦੇਹੀ ’ਤੇ ਘਰ ਦੇ ਕਮਰਿਆਂ ਦੀ ਛਾਣਬੀਣ ਕੀਤੀ ਹੈ। ਪਤਾ ਲੱਗਾ ਹੈ ਕਿ ਦੇਰ ਰਾਤ ਪੰਚਕੂਲਾ ਪੁਲਿਸ ਪਰਤ ਗਈ।