ਉਹ ਹਸਪਤਾਲ ਚ ਪਈ ਸੀ,ਕੈਂਸਰ ਨਾਲ ਜੂਝਦੀ ਪਲ ਪਲ ਮੌਤ ਵੱਲ ਨੂੰ ਜਾ ਰਹੀ ਸੀ, ਪਰ ਮੈਂ ਫਿਰ ਵੀ ਬੇਫਿਕਰ ਸਾਂ ਜਿਵੇਂ ਉਹਦੇ ਹਰ ਦੁੱਖ ਸੁੱਖ ਤੋਂ ਸਾਰੀ ਉਮਰ ਬੇਖਬਰ ਤੇ ਬੇਫਿਕਰ ਸਾਂ, ਸੋਚ ਰਿਹਾ ਸੀ ਲੈ ਇਹਨੂੰ ਕੀ ਹੋਣਾਂ ?
ਇਹਨੇਂ ਚਾਰ ਦਿਨਾਂ ਨੂੰ ਘਰ ਆ ਜਾਣਾ , ਹਸਪਤਾਲ ਦੇ ਨੇੜੇ ਇਕ ਠੇਕਾ ਸੀ, ਮੈਂ ਹਮੇਸ਼ਾ ਡਿਊਟੀ ਤੋਂ ਵਾਪਸ ਪਰਤਦਾ ਉਹਨੂੰ ਮਿਲਦਾ ਤੇ ਫਿਰ ਹਮੇਸ਼ਾ ਵਾਂਗ ਸ਼ਰਾਬ ਪੀਣ ਬੈਠ ਜਾਂਦਾ ਉਸ ਠੇਕੇ ਤੇ। ਉਹਦੇ ਬਿਮਾਰ ਹੋਣ ਤੋਂ ਪਹਿਲਾਂ ਵੀ ਮੈਂ ਤਕਰੀਬਨ ਜਦੋਂ ਤੋਂ ਉਹ ਵਿਆਹ ਕੇ ਮੇਰੇ ਘਰ ਆਈ ਸੀ ਉਦੋਂ ਤੋਂ ਹੀ ਮੇਰੀ ਇਹੀ ਆਦਤ ਸੀ ਕਿ ਮੈਂ ਨੌਕਰੀ ਤੋਂ ਵਾਪਸ ਪਰਤਦਾ ਅਕਸਰ ਠੇਕੇ ਤੇ ਬੈਠ ਜਾਂਦਾ ਸੀ ਤੇ ਤਕਰੀਬਨ ਬਹੁਤ ਪੀਣ ਤੋਂ ਬਾਅਦ ਹੀ ਘਰ ਜਾਂਦਾ।

” ਮੇਰੇ ਘਰ ਜਾਂਦਿਆਂ ਨੂੰ ਉਹ ਅਕਸਰ, ਤਕਰੀਬਨ ਉਹੀ ਨਿੱਤ ਦੇ ਕੰਮਾਂ ਚ ਲੱਗੀ ਹੁੰਦੀ। ਮੈਂ ਉਹਨੂੰ ਕਦੀ ਪੁੱਛਿਆ ਹੀ ਨਾਂ ਕਿ ਉਹਨੂੰ ਕੋਈ ਦੁੱਖ ਸੁੱਖ ਤਾਂ ਨੀ? ਸੋਚਦਾ ਸਾਂ ਮੋਟੀ ਤਨਖਾਹ ਏ ਮੇਰੀ, ਮਹਿਲ ਵਰਗਾ ਘਰ ਏ, ਇਹਨੂੰ ਕੀ ਦੁੱਖ ਹੋਣਾਂ। ਮੇਰਾ ਮਿਜਾਜ ਇਹੋ ਜਿਹਾ ਸੀ ਔਰਤ ਨਾਲ ਬੁਰਾ ਕਰਨਾਂ ਕਈਆਂ ਨੂੰ ਆਪਣੇ ਘਰ ਦੀ ਪਰਵਰਿਸ਼ ਚੋਂ ਹੀ ਮਿਲ ਜਾਂਦਾ।
ਮੈਨੂੰ ਕਦੀ ਲੱਗਦਾ ਹੀ ਨੀਂ ਸੀ ਕਿ ਉਹ ਸ਼ਾਇਦ ਕੁੱਝ ਅਲੱਗ ਸੁਹਜ ਦੀ ਔਰਤ ਏ। ਉਹ ਹੱਸਦੀ ਮੁਸਕਰਾਉਂਦੀ ਜਿਹੀ ਹੌਲੀ ਹੌਲੀ ਸ਼ਾਤ ਜਿਹੇ ਸੁਭਾਅ ਚ ਤਬਦੀਲ ਹੁੰਦੀ ਗਈ। ਹੋਲੀ ਹੌਲੀ ਉਦਾਸੀਆਂ ਦੇ ਨੇੜੇ ਪਹੁੰਚ ਗਈ ਤੇ ਫਿਰ ਚੁੱਪ ਚਾਪ ਕੋਈ ਸ਼ਿਕਵਾ ਨਾਂ ਕਰਦੀ, ਬਸ ਫਿਰ ਕਦੀ ਕੋਈ ਸ਼ਕਾਇਤ ਨਾਂ ਕਰਦੀ। ਰਿਸ਼ਤੇਦਾਰਾਂ ਤੇ ਜਾਨ ਦਿੰਦੀ। ਮੈਂ ਪੀਕੇ ਘਰ ਆਉਂਦਾ ਉਹ ਸ਼ਾਤ ਹੋ ਜਾਂਦੀ ਜਿਵੇਂ ਘਰ ਚ ਹੋਵੇ ਹੀ ਨਾਂ। ਡਰੀ ਡਰੀ ਜਿਹੀ। ਸ਼ਾਇਦ
ਮੇਰੇ ਕੌੜੇ ਸ਼ਬਦਾਂ ਤੋਂ ਡਰਦੀ। ਅਖੀਰ ਦੋਂ ਪੁੱਤਰਾਂ ਤੇ ਇਕ ਧੀ ਦੀ ਮਾਂ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ। ਉਹਦਾ ਦੁੱਖ ਵੇਖੋ ਮੈਂ ਉਦੋਂ ਵੀ ਉਹਦੇ ਕੋਲ ਨੀਂ ਸੀ। ਮੈਂ ਉਦੋਂ ਮਹਿਸੂਸ ਕੀਤਾ ਕਿ ਦੁਨੀਆਂ ਤੋਂ ਮੇਰਾ ਕੀ ਚਲਾ ਗਿਆ। ਫਿਰ ਇਕ ਦਿਨ ਮੈਂ ਉਹਦੀਆਂ ਰਿਪੋਰਟਾਂ ਵੇਖਣ ਲੱਗ ਪਿਆ ਬੈਠਾ ਬੈਠਾ। ਮੈਨੂੰ ਯਾਦ ਆਇਆ ਕਿ ਉਹਦੀਆਂ ਰਿਪੋਰਟਾਂ ਨਾਲ ਡਾਕਟਰ ਨੇ ਇਕ ਲਿਫਾਫਾ ਰੱਖਿਆ ਸੀ ਤੇ ਕਹਿੰਦੀ ਸੀ ਇਹ ਵੀ ਤੁਹਾਡੀ ਪਤਨੀਂ ਦਾ ਹੀ ਏ।
ਮੈਂ ਲਿਫਾਫਾ ਖੋਲ ਲਿਆ। ਵਿੱਚ ਤਿੰਨ ਵਰਕੇ ਸੀ। ਉਹਦਾ ਸਬਰ ਵੇਖੋ। ਜਾਂਦੀ ਜਾਂਦੀ ਵੀ ਤਿੰਨ ਵਰਕਿਆਂ ਚ ਹੀ ਸਭ ਲਿਖ ਗਈ । “ਮੇਰੀ ਜਿੰਦਗੀ ਦੇ ਇਹ ਸਤਾਰਾਂ ਵਰੇ ਕਿਹੋ ਜਿਹੇ ਸੀ, ਮੈਂ ਸੋਚਿਆ ਦੱਸ ਜਾਵਾਂ, ਕਿਓਂਕਿ ਤੁਸੀਂ ਕੋਲ ਨੀਂ ਸੀ ਹੁੰਦੇ। ਮੇਰਾ ਬੜਾ ਜੀਅ ਕਰਦਾ ਸੀ ਕਿ ਮੈਂ ਬਹੁਤ ਗੱਲਾਂ ਕਰਾਂ ਤੁਹਾਡੇ ਨਾਲ, ਪਰ ਤੁਹਾਡੀ ਕੁੜੱਤਣ ਨੇ ਮੇਰੇ ਸ਼ਬਦਾਂ ਨੂੰ ਸਦਾ ਲਈ ਸੁਕਾ ਦਿੱਤਾ। ਜਦੋਂ ਤੁਸੀਂ ਪੀ ਕੇ ਆਉਂਦੇ ਸੀ ਤਾਂ ਮੈਨੂੰ ਦੁਨੀਆਂ ਭਰ ਦੇ ਮੰਦੇ ਸ਼ਬਦ ਬੋਲਦੇ।

ਪਹਿਲਾਂ ਪਹਿਲਾਂ ਮੈਨੂੰ ਬਹੁਤ ਬੁਰਾ ਲੱਗਦਾ ਸੀ ਪਰ ਬਾਅਦ ਚ ਆਦਤ ਪੈ ਗਈ, ਪਰ ਫਿਰ ਮੈਂ ਕਈ ਵਾਰ ਰਾਤ ਨੂੰ ਚੋਰੀ ਚੋਰੀ ਰੋ ਲੈਂਦੀ, ਮੇਰੇ ਤਿੰਨੋਂ ਬੱਚੇ ਮੈਨੂੰ ਚਿਪਕੇ ਰਹਿੰਦੇ ਸਾਰੀ ਸਾਰੀ ਰਾਤ ਡਰੇ- ਡਰੇ ਤੇ ਸਹਿਮੇ ਜਿਹੇ। ਮੈਂ ਉਨਾਂ ਨੂੰ ਕਹਿੰਦੀ ਕੋਈ ਗੱਲ ਨੀਂ ਘਰਾਂ ਚੋ ਇਹ ਸਭ ਚੱਲਦਾ ਰਹਿੰਦਾ, ਪਰ ਮੈਂ ਆਪਣੇ ਮਨ ਨੂੰ ਹਮੇਸ਼ਾ ਪੁੱਛਦੀ ਕਿ ਮੇਰੇ ਨਾਲ ਹੀ ਕਿਓਂ।
ਇਕ ਵਾਰ (ਤੁਹਾਡੀ ਭੈਣ) ਜੀਤ ਦੇ ਸਹੁਰੇ ਘਰ ਉਹਦੇ ਜਨਮ ਦਿਨ ਤੇ ਉਹਦੇ ਪਤੀ ਵੱਲੋਂ ਦਿੱਤੇ ਗਏ ਸੋਨੇ ਦੇ ਕੰਗਣ ਤੇ ਜੀਤ ਵੱਲੋਂ ਕੇਕ ਕੱਟਦੇ ਵੇਖ ਮੈਨੂੰ ਉਦਾਸ ਵੇਖ ਤੁਸੀਂ ਆਖਿਆ ਸੀ ਕਿ ਮੈਂ ਸੜਦੀ ਹਾਂ ਜੀਤ ਤੋਂ, ਪਰ ਮੈਂ ਤਾਂ ਇਹੀ ਸੋਚ ਰਹੀਂ ਸਾਂ ਕਿ ਮੈਂ ਵੀ ਕਿਸੇ ਦੀ ਧੀ ਹਾਂ। ਮੇਰੇ ਲੇਖਾਂ ਚ ਸ਼ਾਇਦ ਇਹ ਸਤਿਕਾਰ ਲਿਖਿਆ ਹੀ ਨੀ ਰੱਬ ਨੇਂ।
ਮੈਂ ਸਦਾ ਦੁਆ ਕਰਦੀ ਕਿ ਇਸ ਘਰ ਦੀ ਕੋਈ ਧੀ ਕਦੀ ਦੁਖੀ ਨਾਂ ਹੋਵੇ ਕਿਉਂਕਿ ਉਸੇ ਘਰ ਦੀ ਇਕ ਧੀ ਮੇਰੀ ਵੀ ਆਂਦਰ ਦਾ ਟੁਕੜਾ ਏ।
ਤੁਹਾਡੀ ਤਨਖਾਹ ਦਾ ਕੋਈ ਪੈਸਾ ਮੈਂ ਕਦੀ ਆਪਣੇਂ ਤੇ ਨੀਂ ਖਰਚਿਆ, ਤੁਸੀਂ ਆਖਦੇ ਰਹਿੰਦੇ ਸੀ ਨਾਂ ਕਿ “ਘਰ ਬੈਠ ਖਾਣਾਂ ਸੌਖਾ, ਕਦੀ ਕਮਾਉਣਾਂ ਪਏ ਤਾਂ ਪਤਾ ਲੱਗਦਾ।”
ਉਹ ਖਰਚਾ ਸਿਰਫ ਘਰ ਤੇ ਜੁਆਕਾਂ ਤੇ ਕਰਕੇ ਮੈਂ ਜੋ ਬਚਦਾ ਸੀ ਉਹ ਤੁਹਾਡੀ ਲੱਕੜ ਦੀ ਵੱਡੀ ਅਲਮਾਰੀ ਚ ਇਕ ਕਾਪੀ ਪਈ ਏ ਸਾਰਾ ਉਸ ਖਾਤੇ ਚ ਜਮਾਂ ਏ। ਮੈਨੂੰ ਤਾਂ, ਮੇਰੀ ਮਾਂ ਦਾ ਦਿੱਤਾ ਹੀ ਨੀਂ ਮੁੱਕਿਆ ਸਾਰੀ ਉਮਰ। ਮੈਂ ਹਮੇਸ਼ਾ ਕਹਿੰਦੀ ਸਾਂ ਮੇਰੇ ਸਿਰ ਨੂੰ ਕੁੱਝ ਹੁੰਦਾ, ਫਟ ਰਿਹਾ। ਪਰ ਤੁਸੀਂ ਕਹਿੰਦੇ ਸੀ ਖੇਖਨ ਹੁੰਦੇ ਨੇਂ ਜਨਾਨੀਆਂ ਦੇ,

ਹੁਣ ਮੈਂ ਹਸਪਤਾਲ ਚ ਵੀ ਬਹੁਤਾ ਨੀਂ ਸੀ ਉਡੀਕਦੀ ਤੁਹਾਨੂੰ। ਇੰਨੇਂ ਸਾਲਾਂ ਤੋਂ ਰਗ ਰਗ ਪਛਾਣ ਗਈ ਸਾਂ। ਬੈਠੇ ਤਾਂ ਹੁੰਦੇ ਹੀ ਸੀ ਚਾਹੇ ਕੁਝ ਕੁ ਮੀਟਰਾਂ ਦੀ ਦੂਰੀ ਤੇ ਹੀ ਸਹੀ। ਮੇਰੇ ਹੋਣ ਦੀ ਕੋਈ ਖੁਸ਼ੀ ਨਹੀਂ ਸੀ ਤਾਂ ਜਾਣ ਦਾ ਗਮ ਵੀ ਨਾਂ ਕਰਨਾਂ। ਮੇਰੇ ਬੱਚਿਆਂ ਨੂੰ ਸਾਰੀ ਉਮਰ ਹਿੱਕ ਨਾਲ ਲਾ ਕੇ ਰੱਖਣਾ, ਇਹੋ ਇੱਕ ਮੰਗ ਏ ਸਤਾਰਾਂ ਵਰਿਆਂ ਦੀ ਖਿਦਮਤ ਬਦਲੇ।
ਪੜਦਿਆਂ ਪੜਦਿਆਂ ਪਹਿਲੀ ਵਾਰ ਮੇਰੇ ਹੰਝੂ ਛਲਕੇ। ਹੁਣ ਦਸ ਵਰਿਆਂ ਤੋਂ ਰੋਜ ਪੜਨਾਂ ਉਹਦਾ ਖਤ। ਧੀ ਵਿਆਹਕੇ ਕਨੇਡਾ ਭੇਜ ਦਿੱਤੀ ਤੇ ਪੁੱਤਰ ਵੀ ਭੈਣ ਕੋਲ ਹੀ ਚਲੇ ਗਏ। ਪਰ ਹੁਣ ਕਈ ਵਾਰ ਰਾਤ ਨੂੰ ਪਿਆ ਸੋਚਦਾ ਰਹਿੰਦਾ ਕਿ ਕਿਤੇ ਮੇਰੀ ਧੀ ਤਾਂ ਨੀਂ ਰਾਤਾਂ ਨੂੰ ਚੋਰੀ ਚੋਰੀ…
ਪਰ ਸੋਚਦਾ ਉਹਦੀ ਮਾਂ ਦੀਆਂ ਦੁਆਵਾਂ ਨੇਂ ਉਹਦੇ ਨਾਲ ਤਾਂ। ਹੁਣ ਇਹ ਘਰ ਖਾਣ ਨੂੰ ਆਉਂਦਾ, ਰੋਜ ਡਿਊਟੀ ਤੋਂ ਪਰਤਦਾ ਉਸੇ ਹਸਪਤਾਲ ਦੇ ਨੇੜੇ ਠੇਕੇ ਤੇ ਜਾ ਬੈਠਦਾ ਜਿਥੇ ਉਹਨੇਂ ਆਖਰੀ ਸਾਹ ਲਏ ਤੇ ਆਖ ਦਿੰਦਾਂ “ਤੂੰ ਅਰਾਮ ਨਾਲ ਸੌਂ ਜਾ, ਆਹ ਵੇਖ ਲੈ ਤੇਰੇ ਕੋਲ ਹੀ ਬੈਠਾ ,ਕੁੱਝ ਕੁ ਮੀਟਰਾਂ ਦੀ ਦੂਰੀ ਤੇ।
ਬਸ ਉਹਦੇ ਤੇ ਚੁੱਕੇ ਹੱਥ ਹੁਣ ਤਾਂ ਪੈੱਗ ਵੀ ਨੀਂ ਚੁੱਕਦੇ, ਕਾਸ਼ ਪਹਿਲਾਂ ਸਮਝ ਸਕਦਾ, ਕਿਸੇ ਦੀ ਧੀ ਨੂੰ ਤੇ ਸੋਚ ਸਕਦਾ ਕਿ ਉਹਦੇ ਅੰਦਰ ਇੱਕ ਔਰਤ ਤੋਂ ਵੱਧਕੇ ਵੀ ਬੜਾ ਕੁੱਝ ਸੀ।
ਲੇਖਕ – Rupinder Sandhu
Sikh Website Dedicated Website For Sikh In World