ਪਿਛਲੇ ਦਿੰਨੀ ਸ਼ਾਮੀ ਅੱਠ ਕੂ ਵਜੇ ਰਿਸ਼ਤੇਦਾਰ ਔਰਤ ਦਾ ਫੋਨ ਆ ਗਿਆ ਕੇ ਐਮਰਜੰਸੀ ਹੈ ਛੇਤੀ ਆਓ! -25 ਡਿਗਰੀ ਵਾਲੀ ਠੰਡ ਵਿਚ ਘਰੇ ਪਹੁੰਚਿਆ ਤਾਂ ਇਕ ਵੀਹਾਂ ਬਾਈਆਂ ਸਾਲਾਂ ਦੀ ਕੁੜੀ ਸਹਿੰਮੀ ਹੋਈ ਖਲੋਤੀ ਸੀ।
ਦੋ ਕੂ ਮਹੀਨੇ ਪਹਿਲਾਂ ਹੀ ਸਟੂਡੈਂਟ ਬੇਸ ਤੇ ਆਈ ਉਹ ਕੁੜੀ ਅੱਜ ਘਰੇ ਮੁੜਦੀ ਹੋਈ ਗਲਤੀ ਨਾਲ ਗਾਰਡਨ ਸਿਟੀ ਦੇ ਲਾਗੇ ਕਿਸੇ ਗਲਤ ਸਟੋਪ ਤੇ ਉੱਤਰ ਗਈ ਤੇ ਮੁੜਕੇ ਰਾਹ ਭੁੱਲ ਗਈ ਸੀ।
ਫੇਰ ਮਾੜੀ ਕਿਸਮਤ ਨੂੰ ਫੋਨ ਦੀ ਬੈਟਰੀ ਵੀ ਡੈਡ ਹੋ ਗਈ ਤੇ ਓਥੋਂ ਡੇਢ ਕਿਲੋਮੀਟਰ ਤੁਰ ਕੇ ਸ਼ੇਪਰਡ ਸਟ੍ਰੀਟ ਤੱਕ ਆਉਂਦੀ ਆਉਂਦੀ ਦੇ ਠੰਡ ਨਾਲ ਹੱਥ-ਪੈਰ ਵੀ ਸੁੰਨ ਹੋ ਗਏ।
ਜਦੋ ਬਿਲਕੁਲ ਹੀ ਬੇਬਸ ਜਿਹੀ ਹੋ ਗਈ ਤਾਂ ਅੱਗੋਂ ਆਉਂਦੀ ਉਸ ਔਰਤ ਨੂੰ ਰੋਕ ਕੇ ਪੁੱਛਣ ਲੱਗੀ ਕੇ ਆਂਟੀ ਤੁਸੀਂ ਪੰਜਾਬੀ ਹੋ ? ਅੱਗੋਂ “ਹਾਂ” ਵਿਚ ਉੱਤਰ ਸੁਣ ਕੇ ਆਖਣ ਲੱਗੀ ਕੇ “ਮੈਨੂੰ ਬੱਸ ਪਲੀਜ ਆਪਣੇ ਘਰ ਵਾੜ ਲਵੋ। ਮੈਂ ਇੱਕ ਫੋਨ ਕਰਨਾ ਏ। ਮੇਰੀ ਠੰਡ ਨਾਲ ਬੜੀ ਬੁਰੀ ਹਾਲਤ ਹੈ”
ਵਾਕਿਫ ਦੱਸਣ ਲੱਗੀ ਕੇ ਉਹ ਕੁੜੀ ਅੰਦਰ ਆਉਂਦਿਆਂ ਹੀ ਉਸਦੇ ਗਲ਼ ਲੱਗ ਇੰਜ ਜ਼ਾਰੋ ਜਾਰ ਰੋਣ ਲੱਗ ਪਈ ਜਿਦਾਂ ਚਿਰਾਂ ਤੋਂ ਵਿਛੜੀ ਮਾਂ ਮਿਲ ਗਈ ਹੋਵੇ।
ਸਾਰੀ ਗੱਲ ਸੁਣ ਮੈਂ ਉਸ ਘਬਰਾਈ ਹੋਈ ਕੁੜੀ ਨੂੰ ਹੋਂਸਲਾ ਦਿੱਤਾ ਤੇ ਆਪਣਾ ਨੰਬਰ ਦੇ ਕੇ ਆਖਿਆ ਕੇ ਕੋਈ ਮੁਸ਼ਕਿਲ ਹੋਵੇ ਤਾਂ ਬਿਨਾ ਸੰਕੋਚ ਓਸੇ ਵੇਲੇ ਫੋਨ ਕਰ ਸਕਦੀ ਹੈ।
ਉਹ ਵਿਚਾਰੀ ਏਨੀ ਘਬਰਾਈ ਸੀ ਕੇ ਉਸਨੂੰ ਆਪਣੇ ਘਰ ਦਾ ਐਡਰੈੱਸ ਅਤੇ ਨੰਬਰ ਤੱਕ ਯਾਦ ਨਹੀਂ ਰਿਹਾ ਸਿਰਫ ਲੋਕੇਸ਼ਨ ਦਾ ਹੀ ਥੋੜਾ ਬਹੁਤ ਅੰਦਾਜਾ ਸੀ ਤੇ ਉੱਤੋਂ ਰਾਤ ਨੂੰ ਘਰਾਂ ਦੇ ਨੰਬਰ ਪੜਨੇ ਵੀ ਥੋੜੇ ਔਖੇ ਹੋਏ ਪਏ ਸਨ। ਕਿੰਨੀ ਦੇਰ ਟਰੱਕ ਤੇ ਬਿਠਾ ਏਧਰ ਓਧਰ ਘੁੰਮਦੇ ਰਹੇ। ਖੈਰ ਅੱਧੇ ਘੰਟੇ ਦੀ ਜੱਦੋਜਹਿਦ ਮਗਰੋਂ ਕੁੜੀ ਆਪਣੇ ਘਰ ਸੁਰਖਿਅਤ ਪੁੱਜ ਗਈ !
ਸੋ ਦੋਸਤੋ ਆਪਣੇ ਨਵੇਂ ਆਏ ਬੱਚੇ ਬੱਚੀਆਂ ਲਈ ਕੁਝ ਸੁਝਾਓ ਨੇ
1.ਜੇ ਬੱਸ ਤੇ ਸਫ਼ਰ ਕਰਦੇ ਹੋਏ ਆਪਣੇ ਸਟੋਪ ਬਾਰੇ ਕੋਈ ਭੁਲੇਖਾ ਹੈ ਤਾਂ ਬੱਸ ਦੇ ਡਰਾਈਵਰ ਨੂੰ ਪੁੱਛ ਕੇ ਤੱਸਲੀ ਕਰ ਲਵੋ ਉਹ ਤੁਹਾਨੂੰ ਏਨੀ ਠੰਡ ਵਿਚ ਥੱਲੇ ਉਤਰਨ ਲਈ ਮਜਬੂਰ ਨਹੀਂ ਕਰੇਗਾ!
2.ਫੋਨ ਦੀ ਚਾਰਜਿੰਗ ਬੈਕ-ਅਪ ਲਈ ਇੱਕ ਵੀਹਾਂ ਬਾਈਆਂ ਡਾਲਰਾਂ ਦੀ ਇੱਕ ਬੈਟਰੀ ਆਉਂਦੀ ਹੈ ਜਿਹੜੀ ਤੁਹਾਡੇ ਫੋਨ ਨੂੰ ਤਿੰਨ-ਚਾਰ ਵਾਰ ਆਸਾਨੀ ਨਾਲ ਚਾਰਜ ਕਰਨ ਦੀ ਸਮਰਥਾ ਰੱਖਦੀ ਹੈ ..ਉਹ ਹਮੇਸ਼ਾਂ ਕੋਲ ਰੱਖੋ!
3.ਠੰਡ ਵਿਚ ਪੈਦਲ ਹੀ ਆਪਣੀ ਮੰਜਿਲ ਵੱਲ ਤੁਰਨ ਨਾਲੋਂ ਕਿਸੇ ਲਾਗੇ ਦੇ ਗਰੋਸਰੀ ਸਟੋਰ ਰੇਸਟੌਰੈਂਟ ਤੇ ਜਾਂ ਫੇਰ ਕਿਸੇ ਹੋਰ ਗਰਮ ਜਗਾ ਤੇ ਜਾ ਕੇ ਕਿਸੇ ਕੋਲੋਂ ਹੈਲਪ ਲਈ ਜਾ ਸਕਦੀ ਹੈ!
4.ਪਰਸ ਅਤੇ ਬੈਗਾਂ ਵਿਚ ਵਾਧੂ ਦਸਤਾਨੇ ਗਲਵਜ ਰੱਖਣੇ ਕੋਈ ਮਾੜੇ ਨਹੀਂ ਅਤੇ ਤਾਪਮਾਨ ਮੁਤਾਬਿਕ ਮਲਟੀਪਲ ਲੇਅਰਾਂ ਵਾਲੇ ਕੱਪੜੇ ਅਤੇ ਮਜਬੂਤ ਬੂਟ ਪੌਣੇ ਬਹੁਤ ਹੀ ਜਰੂਰੀ ਹਨ!
5.ਜੇ ਕਿਸੇ ਕਾਰਨ ਤੁਰ ਹੀ ਪਏ ਹੋ ਅਤੇ ਘਰ ਨਹੀਂ ਲੱਭਦਾ ਤਾਂ ਕਿਸੇ ਕੋਲੋਂ ਲੰਘਦੇ ਟੈਕਸੀ ਵਾਲੇ ਕੋਲੋਂ ਵੀ ਮਦਦ ਮੰਗਣ ਤੋਂ ਸੰਕੋਚ ਨਾ ਕਰੋ ਕਿਓੰਕੇ ਸ਼ਹਿਰ ਵਿਚ ਚਲਦੀਆਂ ਜਿਆਦਾਤਰ ਟੈਕਸੀਆਂ ਦੇ ਡਰਾਈਵਰ ਵੀਰ ਆਪਣੀ ਹੀ ਕਮਿਊਨਿਟੀ ਨਾਲ ਸਬੰਧਿਤ ਹਨ!
6.ਫੇਰ ਵੀ ਜੇ ਚਾਰੇ ਬੰਨੇ ਗੱਲ ਵੱਸੋਂ ਬਾਹਰ ਹੋ ਹੀ ਗਈ ਹੈ ਤਾਂ 911 ਕਰ ਕੇ ਪੁਲਸ ਨੂੰ ਆਪਣੀ ਲੋਕੇਸ਼ਨ ਦਸ ਕੇ ਮਦਦ ਵੀ ਲਈ ਜਾ ਸਕਦੀ ਹੈ !
ਹਰਪ੍ਰੀਤ ਸਿੰਘ ਜਵੰਦਾ
Sikh Website Dedicated Website For Sikh In World