210 ਰੁਪਏ ਜਮ੍ਹਾ ਕਰਾਉਣ ‘ਤੇ ਜੀਵਨ ਭਰ ਮਿਲਣਗੇ 5,000 ਰੁਪਏ….

ਜੇਕਰ ਤੁਸੀਂ ਇਨਕਮ ਟੈਕਸ ਦੇ ਦਾਇਰੇ ‘ਚ ਨਹੀਂ ਆਉਂਦੇ ਹੋ ਅਤੇ ਭਵਿੱਖ ਨੂੰ ਲੈ ਕੇ ਅਸੁਰੱਖਿਆ ਮਹਿਸੂਸ ਕਰਦੇ ਹੋ, ਤਾਂ ਇਹ ਯੋਜਨਾ ਤੁਹਾਡੇ ਬੁਢਾਪੇ ਦਾ ਸਹਾਰਾ ਬਣ ਸਕਦੀ ਹੈ। ਇਸ ਯੋਜਨਾ ‘ਚ ਸਿਰਫ 210 ਰੁਪਏ ਹਰ ਮਹੀਨੇ ਜਮ੍ਹਾ ਕਰਾਉਣ ਨਾਲ ਤੁਸੀਂ 5,000 ਰੁਪਏ ਦੀ ਪੈਨਸ਼ਨ ਦੇ ਹੱਕਦਾਰ ਬਣ ਸਕਦੇ ਹੋ। ਇਹ ਯੋਜਨਾ ਹੈ ਅਟਲ ਪੈਨਸ਼ਨ ਯੋਜਨਾ, ਜੋ ਕਿ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ।

 

ਇਸ ਦਾ ਮਕਸਦ ਉਨ੍ਹਾਂ ਮਜ਼ਦੂਰਾਂ ਅਤੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਮੁਹੱਈਆ ਕਰਾਉਣਾ ਹੈ, ਜਿਨ੍ਹਾਂ ਦੀ ਆਮਦਨ ਦਾ ਕੋਈ ਪੱਕਾ ਸਰੋਤ ਨਹੀਂ ਹੈ। ਇਸ ਪੈਨਸ਼ਨ ਯੋਜਨਾ ਦੇ ਧਾਰਕ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਵੀ ਪੈਨਸ਼ਨ ਮਿਲੇਗੀ। ਉੱਥੇ ਹੀ, ਜੇਕਰ ਖਾਤਾ ਧਾਰਕ ਜਾਂ ਉਸ ਦੀ ਪਤਨੀ ਦੋਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਅੱਗੇ ਉਨ੍ਹਾਂ ਦੇ ਬੱਚੇ ਨੂੰ ਜਮ੍ਹਾ ਕਰਾਇਆ ਗਿਆ ਫੰਡ ਮਿਲ ਜਾਵੇਗਾ। ਅਟਲ ਪੈਨਸ਼ਨ ਯੋਜਨਾ ਤਹਿਤ 1,000, 2,000, 3,000, 4,000 ਅਤੇ 5,000 ਰੁਪਏ ਦੀ ਪੈਨਸ਼ਨ ਯੋਜਨਾ ਲਈ ਜਾ ਸਕਦੀ ਹੈ। ਇਸ ਵਾਸਤੇ ਤੁਹਾਨੂੰ ਇਕ ਤੈਅ ਰਕਮ ਹਰ ਮਹੀਨੇ ਜਮ੍ਹਾ ਕਰਾਉਣੀ ਹੋਵਗੀ, ਜਿਸ ਦੇ ਆਧਾਰ ‘ਤੇ ਪੈਨਸ਼ਨ ਦੀ ਰਕਮ ਹੋਵੇਗੀ।

ਕੌਣ ਲੈ ਸਕਦੈ ਇਹ ਯੋਜਨਾ ਦਾ ਫਾਇਦਾ, ਕਿੰਨੀ ਮਿਲੇਗੀ ਪੈਨਸ਼ਨ?
ਇਸ ਯੋਜਨਾ ‘ਚ 18 ਤੋਂ 40 ਸਾਲ ਦੀ ਉਮਰ ਵਿਚਕਾਰ ਦਾ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ। ਸਰਕਾਰ ਨੇ ਉਮਰ ਅਤੇ ਜਿੰਨੀ ਪੈਨਸ਼ਨ ਤੁਸੀਂ ਹਰ ਮਹੀਨੇ ਲੈਣਾ ਚਾਹੁੰਦੇ ਹੋ, ਉਸ ਮੁਤਾਬਕ ਹਰ ਮਹੀਨੇ ਪੈਸੇ ਜਮ੍ਹਾ ਕਰਾਉਣ ਲਈ ਸਪੱਸ਼ਟ ਨੀਤੀ ਬਣਾਈ ਹੈ। ਜਿਵੇਂ ਕਿ ਤੁਸੀਂ ਹਰ ਮਹੀਨੇ ਜੇਕਰ 1,000 ਰੁਪਏ ਦੀ ਪੈਨਸ਼ਨ ਲੈਣਾ ਚਾਹੁੰਦੇ ਹੋ ਅਤੇ ਤੁਹਾਡੀ ਉਮਰ 18 ਸਾਲ ਹੈ ਤਾਂ, ਤੁਹਾਨੂੰ 42 ਸਾਲ ਤਕ ਹਰ ਮਹੀਨੇ 42 ਰੁਪਏ ਜਮ੍ਹਾ ਕਰਾਉਣੇ ਹੋਣਗੇ। ਉੱਥੇ ਹੀ, 40 ਸਾਲ ਦੀ ਉਮਰ ਵਾਲਿਆਂ ਨੂੰ 291 ਰੁਪਏ 20 ਸਾਲ ਤਕ ਹਰ ਮਹੀਨੇ ਜਮ੍ਹਾ ਕਰਾਉਣਗੇ ਹੋਣਗੇ। ਉੱਥੇ ਹੀ, ਜੇਕਰ 18 ਸਾਲ ਵਾਲੇ ਨੌਜਵਾਨ ਦੇ ਭਵਿੱਖ ਲਈ ਪੈਨਸ਼ਨ ਯੋਜਨਾ ਸ਼ੁਰੂ ਕਰਨੀ ਹੈ ਤਾਂ ਹਰ ਮਹੀਨੇ ਸਿਰਫ 210 ਰੁਪਏ 42 ਸਾਲਾਂ ਤਕ ਜਮ੍ਹਾ ਕਰਾਉਣੇ ਹੋਣਗੇ।

ਜਦੋਂ ਉਸ ਨੌਜਵਾਨ ਦੀ ਉਮਰ 60 ਸਾਲ ਤੋਂ ਉਪਰ ਹੋ ਜਾਵੇਗੀ ਤਾਂ ਉਸ ਨੂੰ 5,000 ਰੁਪਏ ਮਹੀਨਾ ਪੈਨਸ਼ਨ ਲੱਗ ਜਾਵੇਗੀ। ਜੇਕਰ ਕੋਈ 30 ਸਾਲ ਦਾ ਵਿਅਕਤੀ 5,000 ਰੁਪਏ ਪੈਨਸ਼ਨ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ 30 ਸਾਲ ਤਕ 577 ਰੁਪਏ ਜਮ੍ਹਾ ਕਰਾਉਣੇ ਹੋਣਗੇ। 40 ਸਾਲ ਦਾ ਵਿਅਕਤੀ 20 ਸਾਲ ਤਕ 1,454 ਰੁਪਏ ਹਰ ਮਹੀਨੇ ਜਮ੍ਹਾ ਕਰਾ ਕੇ 5,000 ਰੁਪਏ ਪੈਨਸ਼ਨ ਲਗਵਾ ਸਕਦਾ ਹੈ। ਉੱਥੇ ਹੀ, ਜੇਕਰ 5000 ਰੁਪਏ ਦੇ ਪੈਨਸ਼ਨ ਯੋਜਨਾ ਧਾਰਕ ਅਤੇ ਜਾਂ ਉਸ ਦੀ ਪਤਨੀ ਦੋਹਾਂ ਦੀ ਮੌਤ ਹੋ ਜਾਂਦੀ ਹੈ, ਤਾਂ ਖਾਤਾ ਧਾਰਕ ਦੇ ਨਾਮਜ਼ਦ ਵਾਰਸ ਨੂੰ 8.5 ਲੱਖ ਰੁਪਏ ਦਾ ਫੰਡ ਮਿਲ ਜਾਵੇਗਾ। ਇਸ ਯੋਜਨਾ ਨੂੰ ਤੁਸੀਂ ਆਪਣੇ ਬੈਂਕ ‘ਚ ਸ਼ੁਰੂ ਕਰਵਾ ਸਕਦੇ ਹੋ। ਅਟਲ ਪੈਨਸ਼ਨ ਯੋਜਨਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਬਾਰੇ ਤੁਸੀਂ ਆਪਣੇ ਬੈਂਕ ਕੋਲੋਂ ਜ਼ਿਆਦਾ ਜਾਣਕਾਰੀ ਹਾਸਲ ਕਰਕੇ ਆਪਣੇ ਬੇਫਿਕਰ ਭਵਿੱਖ ਦੀ ਸ਼ੁਰੂਆਤ ਕਰ ਸਕਦੇ ਹੋ।

ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ
ਜੇਕਰ ਕੋਈ ਵਿਅਕਤੀ ਅਟਲ ਪੈਨਸ਼ਨ ਯੋਜਨਾ ਦੇ ਖਾਤੇ ‘ਚ ਲਗਾਤਾਰ 6 ਮਹੀਨੇ ਤਕ ਪੈਸੇ ਨਾ ਜਮ੍ਹਾ ਕਰਾਏ ਤਾਂ ਉਸ ਦਾ ਖਾਤਾ ਰੋਕ ਦਿੱਤਾ ਜਾਂਦਾ ਹੈ। 12 ਮਹੀਨੇ ਪੈਸੇ ਨਾ ਜਮ੍ਹਾ ਕਰਾਉਣ ‘ਤੇ ਖਾਤਾ ਬੰਦ ਕਰ ਦਿੱਤਾ ਜਾਂਦਾ ਹੈ। ਇਸ ਲਈ ਸਮੇਂ ਸਿਰ ਯੋਜਨਾ ‘ਚ ਪੈਸੇ ਜਮ੍ਹਾ ਹੋਣੇ ਜ਼ਰੂਰੀ ਹਨ, ਨਹੀਂ ਤਾਂ 1 ਰੁਪਏ ਤੋਂ 10 ਰੁਪਏ ਤਕ ਦਾ ਜੁਰਮਾਨਾ ਵੀ ਲੱਗਦਾ ਹੈ। ਇਸ ਲਈ ਇਕ ਵਾਰ ਇਹ ਯੋਜਨਾ ਸ਼ੁਰੂ ਕਰਨ ‘ਤੇ ਸਹੀ ਸਮੇਂ ‘ਤੇ ਪੈਸੇ ਜਮ੍ਹਾ ਕਰਾਉਂਦੇ ਰਹੋ। ਹਾਲਾਂਕਿ ਤੁਸੀਂ ਆਪਣੇ ਬੈਂਕ ਖਾਤੇ ਨਾਲ ਇਸ ਨੂੰ ਲਿੰਕ ਕਰਾ ਸਕਦੇ ਹੋ, ਜਿਸ ਨਾਲ ਤੁਹਾਡੇ ਪੈਸੇ ਤਰੀਕ ਆਉਣ ‘ਤੇ ਆਪਣੇ-ਆਪ ਕੱਟੇ ਜਾਂਦੇ ਹਨ।

 

ਇਸ ਯੋਜਨਾ ‘ਚ ਤੁਸੀਂ 60 ਸਾਲ ਦੀ ਉਮਰ ਤੋਂ ਪਹਿਲਾਂ ਪੈਸੇ ਨਹੀਂ ਕਢਵਾ ਸਕਦੇ। ਜੇਕਰ 60 ਸਾਲ ਦੀ ਉਮਰ ਤੋਂ ਪਹਿਲਾਂ ਖਾਤਾ ਧਾਰਕ ਦੀ ਮੌਤ ਹੋ ਜਾਂਦੀ ਹੈ, ਤਾਂ ਸਾਰਾ ਫੰਡ ਉਸ ਦੀ ਪਤਨੀ ਜਾਂ ਬੱਚੇ ਨੂੰ ਦੇ ਦਿੱਤਾ ਜਾਵੇਗਾ। ਜੇਕਰ ਖਾਤਾ ਧਾਰਕ ਦੀ ਮੌਤ 60 ਸਾਲ ਤੋਂ ਬਾਅਦ ਹੁੰਦੀ ਹੈ ਤਾਂ ਪੈਨਸ਼ਨ ਦਾ ਲਾਭ ਪਤਨੀ ਨੂੰ ਮਿਲੇਗਾ। ਸਰਕਾਰ ਦੇ ਐਲਾਨ ਮੁਤਾਬਕ, ਅਜਿਹੇ ਲੋਕ ਜੋ ਆਮਦਨ ਟੈਕਸ ਦੇ ਦਾਇਰੇ ‘ਚ ਆਉਂਦੇ ਹਨ, ਸਰਕਾਰੀ ਕਰਮਚਾਰੀ ਹਨ ਉਹ ਅਟਲ ਪੈਨਸ਼ਨ ਯੋਜਨਾ ਦਾ ਹਿੱਸਾ ਨਹੀਂ ਬਣ ਸਕਦੇ ਹਨ, ਹੋਰ ਪੂਰੀ ਜਾਣਕਾਰੀ ਤੁਸੀਂ ਆਪਣੀ ਬੈਂਕ ਕੋਲੋਂ ਹਾਸਲ ਕਰ ਸਕਦੇ ਹੋ।

error: Content is protected !!