ਧਿਆਣਾ(ਮਹੇਸ਼)-12 ਸਾਲਾ ਇਕ ਬੱਚੇ ਦਾ ਬੁੱਧਵਾਰ ਨੂੰ ਦਿਨ-ਦਿਹਾੜੇ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਖੂਨ ਨਾਲ ਲਥਪਥ ਲਾਸ਼ ਉਸ ਦੇ ਘਰ ਤੋਂ ਸਿਰਫ 300 ਕਦਮ ਦੂਰ ਨਵੀਂ ਸਬਜ਼ੀ ਮੰਡੀ ਕੋਲ ਖਾਲੀ ਪਲਾਟ ਦੀਆਂ ਝਾੜੀਆਂ ‘ਚੋਂ ਮਿਲੀ। ਮ੍ਰਿਤਕ ਦੀ ਪਛਾਣ ਆਜ਼ਾਦ ਨਗਰ ਦੇ ਮੁਹੰਮਦ ਇਮਾਮ ਵਜੋਂ ਹੋਈ ਹੈ, ਜੋ ਕਿ ਆਪਣੇ 6 ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ ਅਤੇ ਉਸ ਦੇ ਪਿਤਾ ਮੁਹੰਮਦ ਮੁਬਾਰਕ ਅੰਸਾਰੀ ਦੀ ਮੀਟ ਦੀ ਦੁਕਾਨ ਹੈ। ਉਧਰ ਘਟਨਾ ਦਾ ਪਤਾ ਲੱਗਣ ‘ਤੇ ਅਸਿਸਟੈਂਟ ਪੁਲਸ ਕਮਿਸ਼ਨਰ ਪਵਨਜੀਤ, ਬਸਤੀ ਜੋਧੇਵਾਲ ਥਾਣਾ ਮੁਖੀ ਇੰਸ. ਜਸਵਿੰਦਰ ਸਿੰਘ, ਕ੍ਰਾਈਮ ਸ਼ਾਖਾ-2 ਦੇ ਮੁਖੀ ਇੰਸ. ਪ੍ਰੇਮ ਸਿੰਘ ਪੁਲਸ ਪਾਰਟੀ ਨਾਲ ਪੁੱਜੇ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਬੇਦਰਦੀ ਨਾਲ ਬੱਚੇ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ, ਉਸ ਨਾਲ ਮਾਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਪੁਲਸ ਨੂੰ ਲਾਸ਼ ਕੋਲੋਂ ਕਰੀਬ 12 ਇੰਚ ਲੰਬਾ ਇਕ ਚਾਕੂ, ਮੀਟ ਵੱਢਣ ਵਾਲਾ ਟੋਕਾ ਅਤੇ ਇਕ ਕਮੀਜ਼ ਮਿਲੀ ਹੈ, ਜੋ ਕਿ ਲਾਸ਼ ਨੂੰ ਲੁਕੋਣ ਲਈ ਉਸ ਦੇ ਉੱਪਰ ਪਾਈ ਗਈ ਸੀ। ਹਾਲ ਦੀ ਘੜੀ ਪੁਲਸ ਨੇ ਲਾਸ਼ ਦਾ ਪੰਚਨਾਮਾ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਕੇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਕਿ ਮਾਨਸਿਕ ਤੌਰ ‘ਤੇ ਬੀਮਾਰ ਦੱਸਿਆ ਜਾਂਦਾ ਹੈ। ਘਟਨਾ ਦਾ ਪਤਾ ਸ਼ਾਮ ਕਰੀਬ 5.30 ਵਜੇ ਲੱਗਾ ਜਦੋਂ ਮੁਹੰਮਦ ਆਪਣੇ ਬੇਟੇ ਇਮਾਮ ਨੂੰ ਲੱਭਦਾ ਹੋਇਆ ਖਾਲੀ ਪਲਾਟ ਵਿਚ ਪੁੱਜਾ। ਖੂਨ ਨਾਲ ਲਥਪਥ ਬੇਟੇ ਦੀ ਲਾਸ਼ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਰੌਲਾ ਪਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕੀਤਾ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।
ਫੁਟੇਜ ਦੇ ਆਧਾਰ ‘ਤੇ ਨੌਜਵਾਨ ਨੂੰ ਲਿਆ ਹਿਰਾਸਤ ‘ਚ
ਕੈਮਰੇ ਦੀ ਫੁਟੇਜ ਦੇ ਆਧਾਰ ‘ਤੇ ਹੀ ਪੁਲਸ ਨੇ 2 ਨੌਜਵਾਨਾਂ ‘ਚੋਂ ਇਕ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ, ਜੋ ਕਿ ਇਮਾਮ ਤੋਂ ਕੁਝ ਦੇਰ ਬਾਅਦ ਕੰਧ ਟੱਪ ਕੇ ਪਲਾਟ ਵਿਚ ਵੜੇ ਸਨ, ਜਿਸ ਪਲਾਟ ਵਿਚ ਇਮਾਮ ਗਿਆ ਸੀ। ਉਸ ਵਿਚੋਂ ਇਕ ਨੌਵਜਾਨ ਤਾਂ ਪੁਲਸ ਦੇ ਹੱਥ ਲੱਗ ਗਿਆ, ਜਦੋਂ ਕਿ ਦੂਜੇ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ।
ਬੱਕਰੀਆਂ ਨੂੰ ਪਾਉਣ ਲਈ ਦਰੱਖ਼ਤ ਦੇ ਪੱਤੇ ਲੈਣ ਗਿਆ ਸੀ ਇਮਾਮ
ਮੁਹੰਮਦ ਨੇ ਦੱਸਿਆ ਕਿ ਉਸ ਦੀ ਆਜ਼ਾਦ ਨਗਰ ਵਿਚ ਹੀ ਮੀਟ ਦੀ ਦੁਕਾਨ ਹੈ। ਉਸ ਨੇ ਬੱਕਰੀਆਂ ਪਾਲ ਰੱਖੀਆਂ ਹਨ, ਜਿਨ੍ਹਾਂ ਨੂੰ ਪੱਠੇ ਪਾਉਣ ਲਈ ਇਮਾਮ ਰੋਜ਼ ਦਰੱਖਤਾਂ ਦੇ ਪੱਤੇ ਇਕੱਠੇ ਕਰ ਕੇ ਲਿਆਉਂਦਾ ਸੀ। ਅੱਜ ਦੁਪਹਿਰੇ ਕਰੀਬ 12 ਵਜੇ ਪੱਤੇ ਲਿਆਉਣ ਲਈ ਘਰੋਂ ਟੋਕਾ ਲੈ ਕੇ ਨਿਕਲਿਆ ਸੀ, ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਉਸ ਨੂੰ ਉਸ ਦੀ ਚਿੰਤਾ ਸਤਾਉਣ ਲੱਗੀ ਅਤੇ ਉਹ ਉਸ ਨੂੰ ਲੱਭਦੇ ਹੋਏ ਇੱਥੇ ਪੁੱਜ ਗਿਆ।
ਸੀ. ਸੀ. ਟੀ. ਵੀ. ਫੁਟੇਜ ‘ਚ ਕੰਧ ‘ਤੇ ਖੜ੍ਹਾ ਦਿਖਾਈ ਦਿੱਤਾ ਇਮਾਮ
ਮੁਹੰਮਦ ਨੇ ਦੱਸਿਆ ਕਿ ਜਦੋਂ ਇਮਾਮ ਦਾ ਕੁਝ ਪਤਾ ਨਾ ਲੱਗਾ ਤਾਂ ਉਹ ਸਬਜ਼ੀ ਮੰਡੀ ਦੇ ਗੇਟ ਨੰਬਰ 3 ਦੇ ਕੋਲ ਸਿੰਧਵਾਨੀ ਬਿਲਡਿੰਗ ਮਟੀਰੀਅਲ ਸਟੋਰ ਦੇ ਮਾਲਕ ਕੋਲ ਗਿਆ, ਜਿਸ ਦੀ ਦੁਕਾਨ ਦੇ ਬਾਹਰ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਇਆ ਸੀ। ਜਦੋਂ ਉਸ ਨੇ ਉਸ ਦੀ ਫੁਟੇਜ ਚੈੱਕ ਕੀਤੀ ਤਾਂ 12.10 ਵਜੇ ਇਮਾਮ ਕੰਧ ‘ਤੇ ਚੜ੍ਹਦਾ ਅਤੇ ਉਸ ‘ਤੇ ਬੈਠਾ ਹੋਇਆ ਦਿਖਾਈ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਇਮਾਮ ਕੰਧ ‘ਤੇ ਇਕ ਪਾਸੇ ਚਲਦਾ ਹੋਇਆ ਖਾਲੀ ਪਲਾਟ ਵਿਚ ਕੁੱਦ ਗਿਆ। ਉਸ ਤੋਂ ਬਾਅਦ ਉਹ ਬਾਹਰ ਆਉਂਦਾ ਦਿਖਾਈ ਨਹੀਂ ਦਿੱਤਾ। ਜਦੋਂ ਉਹ ਉਸ ਨੂੰ ਝਾੜੀਆਂ ਵਿਚ ਲੱਭਦਾ ਹੋਇਆ ਟੋਏ ਵੱਲ ਗਿਆ ਤਾਂ ਇਮਾਮ ਦੀ ਲਾਸ਼ ਦੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ। ਉਸ ਨੇ ਦੱਸਿਆ ਕਿ ਉਸ ਦੀ ਜਾਂ ਉਸ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਸ ਦੇ ਬੇਟੇ ਨੂੰ ਕਿਸ ਨੇ ਅਤੇ ਕਿਉਂ ਮਾਰਿਆ ਹੈ, ਉਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ।