ਪਿੰਡ ਹਰਰੰਗਪੁਰਾ ਵਿਖੇ ਕੁਝ ਦਿਨ ਪਹਿਲਾਂ ਆਪਣੀ 100ਵੀਂ ਵਰ੍ਹੇਗੰਢ ਮਨਾਉਣ ਵਾਲੇ ਬਜ਼ੁਰਗ ਜੋੜੇ ਨੇ ਇਸ ਦੁਨੀਆ ਨੂੰ ਇਕੱਠੇ ਹੀ ਅਲਵਿਦਾ ਕਹਿ ਦਿੱਤਾ ਹੈ। ਵਰ੍ਹੇਗੰਢ ਮਨਾਉਣ ਦੇ ਕੁਝ ਦਿਨਾਂ ਬਾਅਦ ਹੀ 120 ਸਾਲਾ ਬਜ਼ੁਰਗ ਬਾਬੇ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ, ਜਦੋਂ ਕਿ ਉਸ ਦੀ ਮੌਤ ਤੋਂ 48 ਘੰਟੇ ਬਾਅਦ ਹੀ ਉਸ ਦੀ 122 ਸਾਲਾ ਉਸ ਦੀ ਪਤਨੀ ਧੰਨ ਕੌਰ ਵੀ ਇਸ ਜਹਾਨ ਨੂੰ ਅਲਵਿਦਾ ਕਹਿ ਗਈ। ਬਜ਼ੁਰਗ ਮਾਤਾ ਦੀ ਅੱਜ ਮੌਤ ਹੋ ਗਈ, ਦੋਹਾਂ ਨੇ ਵਿਆਹ ਤੋਂ ਬਾਅਦ 100 ਸਾਲ ਇਕੱਠਿਆਂ ਗੁਜ਼ਾਰੇ ਹਨ, ਜੋ ਕਿ ਇਕ ਵਿਸ਼ਵ ਰਿਕਾਰਡ ਹੈ। ਉਹ ਅਕਸਰ ਕਹਿ ਦਿੰਦੇ ਸਨ ਕਿ ਦੁਨੀਆਂ ‘ਤੇ ਆਏ ਤਾਂ ਇਕੱਠੇ ਨਹੀਂ, ਪਰ ਜਾਵਾਂਗਾ ਇਕੱਠੇ ਹੀ। ਉਹੀ ਹੋਇਆ ਕਿ 48 ਘੰਟਿਆਂ ਦੇ ਫਰਕ ਨਾਲ ਦੋਵੇਂ ਹੀ ਚੱਲ ਵਸੇ।

ਜਾਣਕਾਰੀ ਮੁਤਾਬਕ ਇੰਗਲੈਂਡ ‘ਚ ਰਹਿੰਦੇ ਪੰਜਾਬੀ ਮੂਲ ਦੇ 110 ਸਾਲਾ ਕਰਮ ਸਿੰਘ ਤੇ 103 ਸਾਲਾ ਕਰਤਾਰੀ ਦੇਵੀ ਦੇ ਨਾਂ ਇਕ ਵਿਸ਼ਵ ਰਿਕਾਰਡ ਸੀ ਕਿ ਉਨ੍ਹਾਂ ਵਿਆਹ ਤੋਂ ਬਾਅਦ ਕਰੀਬ 90 ਸਾਲ ਇਕੱਠਿਆਂ ਗੁਜ਼ਾਰੇ ਹਨ ਪਰ ਫਿਰ ਪਿੰਡ ਹਰਰੰਗਪੁਰਾ ਦਾ ਇਕ ਬਜ਼ੁਰਗ ਜੋੜਾ 120 ਸਾਲਾ ਭਗਵਾਨ ਸਿੰਘ ਤੇ 122 ਸਾਲਾ ਧੰਨ ਕੌਰ ਸਾਹਮਣੇ ਆਏ, ਜਿਨ੍ਹਾਂ ਕੁਝ ਮਹੀਨੇ ਪਹਿਲਾਂ ਹੀ ਵਿਆਹ ਦੇ 100 ਵਰ੍ਹੇ ਪੂਰੇ ਕੀਤੇ ਹਨ। ਜੋ ਕਿ ਆਪਣੇ ਆਪ ‘ਚ ਇਕ ਵਿਸ਼ਵ ਰਿਕਾਰਡ ਬਣ ਚੁੱਕਾ ਹੈ। ਇਸ ਜੋੜੇ ਦੀਆਂ ਪੰਜ ਪੀੜ੍ਹੀਆਂ ਅੱਜ ਵਜੂਦ ਵਿਚ ਹਨ। ਬਜ਼ੁਰਗ ਜੋੜੇ ਦੇ ਪਰਿਵਾਰ ‘ਚ ਕੁੱਲ 143 ਮੈਂਬਰ ਹਨ। ਜਿਨ੍ਹਾਂ ‘ਚ ਸਭ ਤੋਂ ਵੱਡੀ ਲੜਕੀ ਗੁਰਨਾਮ ਕੌਰ 90 ਸਾਲ ਦੀ ਹੈ, ਜਿਸਦੇ ਪੜਪੋਤੇ ਦੀ ਉਮਰ ਦੋ ਸਾਲ ਹੈ। ਜੋ ਕਿ ਭਗਵਾਨ ਸਿੰਘ ਤੇ ਧੰਨ ਕੌਰ ਦਾ ਪੜਪੜਦੋਹਤਾ ਅਤੇ ਇਹ ਬਜ਼ੁਰਗ ਜੋੜੇ ਦੀ ਪੰਜਵੀਂ ਪੀੜ੍ਹੀ ਹੈ। ਇਹ ਜੋੜਾ ਤਿੰਨ ਦਿਨ ਪਹਿਲਾਂ ਤੱਕ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਆਪਣੀ ਲੰਬੀ ਉਮਰ ਦਾ ਰਾਜ ਨਸ਼ਾਰਹਿਤ ਰਹਿਣ ਤੇ ਸਾਦਾ ਖਾਣਪਾਣ ਦੱਸਿਆ।  ਬੀਤੀ 5 ਮਾਰਚ 2018 ਨੂੰ ਭਗਵਾਨ ਸਿੰਘ ਦੀ ਅਚਾਨਕ ਮੌਤ ਹੋ ਗਈ। ਜਦਕਿ ਅੱਜ 7 ਮਾਰਚ ਨੂੰ ਧੰਨ ਕੌਰ ਵੀ ਸਦੀਵੀਂ ਵਿਛੋੜਾ ਦੇ ਗਏ। ਅੱਜ ਦੁਪਹਿਰ ਉਨ੍ਹਾਂ ਦਾ ਅੰਤਿਮ ਸੰਸਕਾਰ ਬੜੀ ਧੂਮਧਾਮ ਨਾਲ ਕੀਤਾ ਗਿਆ। ਜਿਸ ਵਿਚ ਇਕੱਲਾ ਹਰਰੰਗਪੁਰਾ ਹੀ ਨਹੀਂ, ਸਗੋਂ ਆਸਪਪਾਸ ਦੇ ਵੀ ਕਈ ਪਿੰਡ ਪਹੁੰਚੇ ਹੋਏ ਸਨ।
Sikh Website Dedicated Website For Sikh In World