ਹੁਣ ਹਨੀਪ੍ਰੀਤ ਦਾ ਕੀ ਬਣੂੰ…..

ਹੁਣ ਹਨੀਪ੍ਰੀਤ ਦਾ ਕੀ ਬਣੂੰ, ਅਦਾਲਤ ਨੇ ਕੀਤੀ ਜ਼ਮਾਨਤ ਅਰਜ਼ੀ ਰੱਦ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅੱਜ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੀ ਗਾਇਬ ਹੋਈ ਕਥਿਤ ਧੀ ਹਨੀਪ੍ਰੀਤ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਅਦਾਲਤ ਨੇ ਹਨੀਪ੍ਰੀਤ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਗ੍ਰੇਟਰ ਕੈਲਾਸ਼ ਦੇ ਪਤੇ ਤੋਂ ਹਨੀਪ੍ਰੀਤ ਨੇ ਬੀਤੇ ਕੱਲ੍ਹ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਹਨੀਪ੍ਰੀਤ ਦਾ ਗ੍ਰਿਫਤਾਰੀ ਵਾਰੰਟ ਹਾਸਲ ਕਰ ਲਿਆ ਹੈ।

ਦੱਸ ਦੇਈਏ ਕਿ ਦਿੱਲੀ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਦੀ ਕਥਿਤ ਧੀ ਹਨੀਪ੍ਰੀਤ ਨੂੰ ਝਾੜ ਪਾਈ ਸੀ। ਅਗਾਊਂ ਜ਼ਮਾਨਤ ਲੈਣ ਗਈ ਹਨੀਪ੍ਰੀਤ ਨੂੰ ਅਦਾਲਤ ਨੇ ਪੁੱਛਿਆ ਸੀ ਕਿ ਜੇ ਜਾਨ ਨੂੰ ਖਤਰਾ ਹੈ ਤਾਂ ਫਿਰ ਉਹ ਅਦਾਲਤ ਵਿੱਚ ਆਤਮ ਸਮਰਪਣ ਕਿਉਂ ਨਹੀਂ ਕਰ ਦਿੰਦੀ। ਹਾਨੀਪ੍ਰੀਤ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਬਾਹਰ ਨਾ ਆਉਣ ਦੇ ਆਧਾਰ ‘ਤੇ ਅਰਜ਼ੀ ਦਾਇਰ ਕਰਕੇ ਅਗਾਊਂ ਜ਼ਮਾਨਤ ਮੰਗੀ ਸੀ। ਇਸ ‘ਤੇ ਹਾਈਕੋਰਟ ਨੇ ਸੁਣਵਾਈ ਦੌਰਾਨ ਫੈਸਲਾ ਰਾਖਵਾਂ ਰੱਖ ਲਿਆ ਸੀ। ਦੇਰ ਸ਼ਾਮ ਸੁਣਾਏ ਇਸ ਫ਼ੈਸਲੇ ਵਿੱਚ ਅਦਾਲਤ ਨੇ ਹਨੀਪ੍ਰੀਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਹਨੀਪ੍ਰੀਤ ਦੇ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਹਨੀਪ੍ਰੀਤ ਦੀ ਜਾਨ ਨੂੰ ਖ਼ਤਰਾ ਹੈ। ਇਸ ਲਈ ਚੰਡੀਗੜ੍ਹ ਜਾਣ ਲਈ ਤਿੰਨ ਹਫ਼ਤਿਆਂ ਦੀ ਅਗਾਊਂ ਜ਼ਮਾਨਤ ਦਿੱਤੀ ਜਾਵੇ। ਇਹ ਵੀ ਕਿਹਾ ਗਿਆ ਸੀ ਕਿ ਦਿੱਲੀ ਵਿੱਚ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ।

ਅੱਜ ਗ੍ਰੇਟਰ ਕੈਲਾਸ਼ ਵਿੱਚ ਪੁਲਿਸ ਨੇ ਉਸ ਦੇ ਘਰ ਛਾਪਾ ਵੀ ਮਾਰਿਆ ਸੀ। ਇਸ ‘ਤੇ ਅਦਾਲਤ ਨੇ ਕਿਹਾ ਸੀ ਕਿ ਦਿੱਲੀ ਤੋਂ ਚੰਡੀਗੜ੍ਹ ਸਿਰਫ਼ 4 ਘੰਟੇ ਦੀ ਦੂਰੀ ‘ਤੇ ਹੈ ਤਾਂ ਤਿੰਨ ਹਫ਼ਤਿਆਂ ਦੀ ਜ਼ਮਾਨਤ ਕਿਉਂ ਚਾਹੀਦੀ ਹੈ। ਅਦਾਲਤ ਨੇ ਇਹ ਵੀ ਪੁੱਛਿਆ ਸੀ ਕਿ ਜੇਕਰ ਤੁਹਾਨੂੰ ਡਰ ਲੱਗਦਾ ਹੈ ਤਾਂ ਇੱਥੇ ਅਦਾਲਤ ਵਿੱਚ ਆਤਮ-ਸਮਰਪਣ ਕਿਉਂ ਨਹੀਂ ਕਰ ਦਿੰਦੇ, ਅਸੀਂ ਸੁਰੱਖਿਆ ਵੀ ਦਿਆਂਗੇ। ਹੁਣ ਪੁਲਿਸ ਲਈ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਵੀ ਮਿਲ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੀ 25 ਅਗਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ. ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਨੂੰ ਸਜ਼ਾ ਸੁਣਾਈ ਸੀ, ਉਦੋਂ ਤੋਂ ਹੀ ਹਨੀਪ੍ਰੀਤ ਗਾਇਬ ਹੋ ਗਈ ਸੀ। ਪੁਲਿਸ ਨੇ ਉਸ ਦੀ ਭਾਲ ਲਈ ਵੱਖ-ਵੱਖ ਸੂਬਿਆਂ ਤੋਂ ਇਲਾਵਾ ਨੇਪਾਲ ਵਿੱਚ ਵੀ ਤਲਾਸ਼ੀ ਮੁਹਿੰਮ ਕੀਤੀ ਜਾ ਚੁੱਕੀ ਸੀ।

error: Content is protected !!