ਹੁਣ ਨੀ ਆਉਂਦਾ ਬਲਾਤਕਾਰੀ ਰਾਮ ਰਹੀਮ ਕਦੇ ਵੀ ਜੇਲ੍ਹ ਤੋਂ ਬਾਹਰ
ਡੇਰਾ ਸਿਰਸਾ ‘ਚ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੈਠਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਪਣੇ ਖਿਲਾਫ਼ ਕੇਸਾਂ ਵਿਚ ਹੋਰ ਧੱਸਦਾ ਜਾ ਰਿਹਾ ਹੈ। ਤਿੰਨ ਕੇਸ ਤਾਂ ਪਹਿਲਾਂ ਹੀ ਰਾਮ ਰਹੀਮ ਨੂੰ ਘੇਰੀ ਬੈਠੇ ਹਨ ‘ਤੇ ਹੁਣ ਚੋਥਾ ਕੇਸ ਵੀ ਰਾਮ ਰਹੀਮ ਨੂੰ ਡੰਗਣ ਲਈ ਤਿਆਰ ਹੈ। ਰਾਮ ਰਹੀਮ ਇੱਕ ਹੋਰ ਕੇਸ ਵਿੱਚ ਫਸਦਾ ਵਿਖਾਈ ਦੇ ਰਿਹਾ ਹੈ। ਸੀ.ਬੀ.ਆਈ. ਨੇ ਪੰਚਕੁਲਾ ਅਦਾਲਤ ਵਿੱਚ ਰਾਮ ਰਹੀਮ ਅਤੇ ਦੋ ਡਾਕਟਰਾਂ ਵਿਰੁੱਧ ਦੋਸ਼ ਪੱਤਰ ਆਇਦ ਕਰ ਦਿੱਤਾ ਹੈ।
ਇਹ ਦੋਸ਼ ਪੱਤਰ ਡੇਰਾ ਮੁਖੀ ਅਤੇ ਇਸਦੇ ਡਾਕਟਰਾਂ ਦੇ ਖਿਲਾਫ਼ ਆਪਣੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਇਲਜ਼ਾਮ ‘ਚ ਦਾਇਰ ਕੀਤੇ ਗਏ ਹਨ। ਰਾਮ ਰਹੀਮ ਵਿਰੁੱਧ ਕੇਂਦਰੀ ਜਾਂਚ ਏਜੰਸੀ ਵੱਲੋਂ ਦਾਇਰ ਕੀਤੀ ਗਈ ਇਹ ਚੌਥੀ ਚਾਰਜਸ਼ੀਟ ਹੈ। ਰਾਮ ਰਹੀਮ ਖਿਲਾਫ਼ ਪਹਿਲਾ ਦੋਸ਼ ਪੱਤਰ ਸਾਧਵੀਆਂ ਨਾਲ ਬਲਾਤਕਾਰ, ਦੂਜਾ ਪੱਤਰਕਾਰ ਛੱਤਰਪਤੀ ਕਤਲ ਕੇਸ, ਤੀਜਾ ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਅਤੇ ਹੁਣ ਚੌਥਾ ਦੋਸ਼ ਪੱਤਰ ਡੇਰਾ ਸਾਧੂਆਂ ਨੂੰ ਨਿਪੁੰਸਕ ਬਣਾਉਣ ਤਹਿਤ ਪੰਚਕੁਲਾ ਸੀ.ਬੀ.ਆਈ. ਅਦਾਲਤ ਵਿੱਚ ਦਾਇਰ ਕੀਤਾ ਜਾ ਚੁੱਕਾ ਹੈ।
ਰਾਮ ਰਹੀਮ ਦੀ ਮੁਸ਼ਕਿਲਾਂ ਇਥੇ ਹੀ ਨਹੀਂ ਰੁੱਕ ਰਹੀਆਂ। ਹਨੀਪ੍ਰੀਤ ਵੀ ਰਾਮ ਰਹੀਮ ਨੂੰ ਇਕ ਹੋਰ ਝਟਕਾ ਦੇਣ ਜਾ ਰਹੀ ਹੈ। ਹਨੀਪ੍ਰੀਤ ਨੇ ਆਪਣੇ ਵਕੀਲਾਂ ਨਾਲ ਸਲਾਹ ਕਰ ਕੇ ਹਰਿਆਣਾ ਪੁਲਿਸ ਅਤੇ ਅਦਾਲਤ ਅਗੇ ਆਪਣੇ ਆਪ ਨੂੰ ਸਰਕਾਰੀ ਗਵਾਹ ਬਣਨ ਦਾ ਪ੍ਰਪੋਜ਼ਲ ਰੱਖ ਰਹੀ ਹੈ। ਸੂਤਰਾਂ ਅਨੁਸਾਰ ਹਨੀਪ੍ਰੀਤ ਜਲਦ ਹੀ ਸਰਕਾਰੀ ਗਵਾਹ ਬਣ ਸਕਦੀ ਹੈ। ਹਨੀਪ੍ਰੀਤ ਨੇ ਇਹ ਪ੍ਰੋਪੋਜ਼ਲ ਹਰਿਆਣਾ ਪੁਲਿਸ, ਸਰਕਾਰ ਅਤੇ ਆਪਣੇ ਕੁਝ ਵਕੀਲਾਂ ਨੂੰ ਦਿੱਤਾ ਹੈ।
ਪ੍ਰਪੋਜ਼ਲ ‘ਚ ਇਹ ਕਿਹਾ ਗਿਆ ਹੈ ਜੇਕਰ ਪੁਲਿਸ ਵਿਭਾਗ 25 ਅਗਸਤ ਦੀ ਹਿੰਸਾ ਅਤੇ ਹੋਰ ਮਾਮਲਿਆਂ ‘ਚ ਉਸਨੂੰ ਸਰਕਾਰੀ ਗਵਾਹ ਬਣਾ ਲੈਂਦੀ ਹੈ ਤਾਂ ਉਹ ਆਪਣੇ ਵਕੀਲ ਦੀ ਸਹਾਇਤਾ ਨਾਲ ਅਦਾਲਤ ‘ਚ ਪਟੀਸ਼ਨ ਰਾਹੀਂ ਪੁਲਿਸ ਸੁਰੱਖਿਆ ‘ਚ 3 ਦਿਨ ਦੀ ਅੰਤਰਿਮ ਰਾਹਤ ਲੈ ਕੇ ਫਰਾਰ ਚੱਲ ਰਹੀ ਵਿਪਾਸਨਾ ਅਤੇ ਹੋਰ ਲੋਕਾਂ ਨੂੰ ਵੀ ਪਕੜਵਾ ਸਕਦੀ ਹੈ। ਜਿਸ ਨਾਲ ਇਹ ਕੇਸ ਹੋਰ ਮਜਬੂਤ ਹੋ ਜਾਣਗੇ।
ਪੁਲਿਸ ਪ੍ਰਸ਼ਾਸਨ ਵਲੋਂ ਵਿਪਾਸਨਾ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇਸ ਕਾਰਨ ਪੁਲਿਸ ਹੁਣ ਵਿਪਾਸਨਾ ‘ਤੇ ਇਨਾਮ ਦੀ ਘੋਸ਼ਣਾ ਕਰਨ ਬਾਰੇ ਸੋਚ ਰਹੀ ਹੈ। ਹਾਲਾਂਕਿ ਪੁਲਿਸ ਨੂੰ ਵਿਪਾਸਨਾ ਕੋਲੋਂ ਕੋਈ ਵੱਡਾ ਖੁਲਾਸਾ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ 17 ਅਗਸਤ ਨੂੰ ਡੇਰੇ ਵਿਚ ਹੋਈ ਮੀਟਿੰਗ ਦੀ ਪ੍ਰਧਾਨਗੀ ਹਨੀਪ੍ਰੀਤ ਨੇ ਹੀ ਕੀਤੀ ਸੀ। ਇਸ ਬਾਰੇ ਹਨੀਪ੍ਰੀਤ ਪੁਲਿਸ ਦੇ ਸਾਹਮਣੇ ਹਲਫਨਾਮੇ ‘ਚ ਦੋਸ਼ ਕਬੂਲ ਕਰ ਚੁੱਕੀ ਹੈ ਪਰ ਫਿਰ ਵੀ ਪੰਚਕੂਲਾ ਹਿੰਸਾ ਦੇ ਕੇਸ ਨੂੰ ਮਜਬੂਤ ਕਰਨ ਲਈ ਵਿਪਾਸਨਾ ਦੀ ਗ੍ਰਿਫ਼ਤਾਰੀ ਅਹਿਮ ਹੈ।