ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਚ ਉਸ ਵੇਲੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਹੇ ਦੇ ਪਿੰਡ ਨੂਰਪੁਰ ਨੇੜੇ ਅੱਜ ਇਕ ਨਿੱਜੀ ਸਕੂਲ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ।
ਇਸ ਮੰਦਭਾਗੀ ਘਟਨਾ ਨਾਲ ਜਿੱਥੇ ਬੱਸ ਡਰਾਈਵਰ ਦੀ ਮੌਤ ਹੋਈ ਉਥੇ ਹੀ ਇਸ ਬੱਸ ਵਿੱਚ ਸਵਾਰ ਬੱਚਿਆਂ ਵਿਚੋਂ 26 ਬੱਚਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਸਕੂਲ ਤੋਂ ਛੁੱਟੀ ਹੋਣ ਉਪਰੰਤ ਬੱਚਿਆਂ ਨੂੰ ਉਹਨਾਂ ਦੇ ਘਰ ਛੱਡਣ ਲਈ ਰਵਾਨਾ ਹੋਈ ਸੀ ਅਤੇ ਜਿਵੇਂ ਹੀ ਇਹ ਬੱਸ ਨੂਰਪੁਰ ਦੇ ਲਾਗੇ ਪਹੁੰਚੀ ਤਾਂ ਰਸਤੇ ਵਿਚ ਬੱਸ ਦਾ ਸੰਤੁਲਤ ਵਿਗੜਨ ਕਾਰਨ ਬੱਸ ਸਿੱਧੀ ਡੂੰਘੀ ਖੱਡ ਵਿਚ ਜਾ ਡਿੱਗੀ ਅਤੇ ਜਿਸ ਨਾਲ ਇਹ ਮੰਦਭਾਗੀ ਘਟਨਾ ਵਾਪਰ ਗਈ। ਹਾਲਾਂਕਿ ਬੱਸ ਦਾ ਖੱਡ ਵਿਚ ਡਿੱਗਣ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸਥਾਨਕ ਸਥਿਤੀ ਅਨੁਸਾਰ ਬੱਸ ਦਾ ਬੇਕਾਬੂ ਹੋਣ ਦਾ ਅਨੁਮਾਨ ਲਗਾਇਆ ਜਾਣਾ ਸੁਭਾਵਿਕ ਜਿਹੀ ਗੱਲ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਬੱਸ ਵਿਚ ਸੱਠ ਤੋਂ ਜ਼ਿਆਦਾ ਬੱਚੇ ਮੌਜੂਦ ਸਨ ਜਿੰਨ੍ਹਾਂ ਵਿਚੋਂ 9 ਬੱਚੇ ਅਤੇ ਬੱਸ ਦਾ ਡਰਾਈਵਰ ਮੌਕੇ `ਤੇ ਹੀ ਦਮ ਤੋੜ ਗਿਆ ਅਤੇ ਵਧੇਰੇ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਬੱਸ ਕਰੀਬ 200 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਘਟਨਾ ਦੀ ਜਿਉਂ ਹੀ ਖ਼ਬਰ ਨਜਦੀਕੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲੈਂਦਿਆ ਰਾਹਤ ਕਾਰਜਾਂ ਨੂੰ ਸ਼ੁਰੂ ਕਰਵਾ ਦਿੱਤਾ।
ਜ਼ਖਮੀਆਂ ਨੂੰ ਨਜਦੀਕੀ ਹਸਪਤਾਲ ਵਿਚ ਭਰਤੀ ਕਰਵਾ ਕੇ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਫਿਲਹਾਲ ਕੋਈ ਵੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਇਹ ਬੱਸ ਡੂੰਘੀ ਖੱਡ ਵਿਚ ਕਿਸ ਤਰ੍ਹਾਂ ਡਿੱਗੀ। ਹਾਲਾਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਸਕੂਲੀ ਬੱਚਿਆਂ ਨਾਲ ਭਰੀਆਂ ਬੱਸਾਂ ਕਿਸੇ ਨਾ ਕਿਸੇ ਦੁਰਘਟਨਾ ਦਾ ਸ਼ਿਕਾਰ ਨਾ ਹੋਈਆਂ ਹੋਣ। ਪਰ ਇੱਕ ਡਰਾਈਵਰ ਦੀ ਨਿੱਕੀ ਜਿਹੀ ਗਲਤੀ ਇਹਨਾਂ ਮਸੂਮ ਬੱਚਿਆਂ ਦੀਆਂ ਜਾਨਾਂ ਲੈ ਬੈਠਦੀ ਹੈ।