ਕਹਿੰਦਾ ਗੱਲ ਓਦੋਂ ਦੀ ਹੈ ਜਦੋਂ ਰੂਸ ਅਜੇ ਟੁਟਿਆ ਨਹੀਂ ਸੀ ! ਏਜੰਟ ਨੇ ਯੂਰੋਪ ਦਾ ਲਾਰਾ ਲਾ ਡੌਂਕੀ ਲਵਾ ਤੀ ਅਤੇ ਰੂਸ ਵਾੜ ਦਿੱਤਾ ! ਅੰਤਾਂ ਦੀ ਠੰਡ ਅਤੇ ਉੱਤੋਂ ਨਾ ਕੋਈ ਜਾਣ ਨਾ ਕੋਈ ਪਛਾਣ ਮਰਨ ਕੰਡੇ ਪੁੱਜ ਤੁਰੇ ਜਾਂਦੇ ਨੇ ਇੱਕ ਦੂਰ ਦੁਰਾਡੇ ਫਾਰਮ ਹਾਊਸ ਮੂਹਰੇ ਜਾ ਦਸਤਕ ਦਿੱਤੀ ! ਅੰਦਰੋਂ ਇੱਕ ਔਰਤ ਨੇ ਮੇਰੀ ਹਾਲਤ ਦੇਖ ਛੇਤੀ ਨਾਲ ਅੰਦਰ ਵਾੜ ਲਿਆ !
ਕੁਝ ਦਿਨ ਆਪਣੇ ਫਾਰਮ ਹਾਊਸ ਵਿਚ ਰੱਖ ਬੜੀ ਹੀ ਸੇਵਾ ਕੀਤੀ ! ਵਕਤ ਲੰਘਦਾ ਗਿਆ ਤੇ ਮਗਰੋਂ ਉਸਦੀ ਹਮਦਰਦੀ ਪਿਆਰ ਵਿਚ ਬਦਲ ਗਈ ਤੇ ਅਸਾਂ ਦੋਵਾਂ ਵਿਆਹ ਕਰਵਾ ਲਿਆ ! ਵਿਆਹ ਵੀ ਕੋਈ ਐਸਾ ਵੈਸਾ ਵਕਤੀ ਸਰੀਰਕ ਖਿੱਚ ਵਾਲਾ ਰਾਤ ਗਈ ਬਾਤ ਗਈ ਵਾਲਾ ਨਹੀਂ ਸੀ ਸਗੋਂ ਜਨਮ ਜਨਮਾਂਤਰਾਂ ਵਾਲੇ ਸਾਥ ਦੇਣ ਵਾਲਾ !
ਉਸ ਔਰਤ ਨੂੰ ਜੱਦੀ ਪੁਰਖੀ ਕਾਫੀ ਜਾਇਦਾਤ ਮਿਲੀ ਹੋਈ ਸੀ !
ਅਖੀਰ ਮੇਰੇ ਕਹਿਣ ਤੇ ਸਾਰਾ ਕੁਝ ਵੇਚ ਵੱਟ ਕੇ ਚੋਖਾ ਪੈਸਾ ਲੈ ਕੇ ਮੇਰੇ ਨਾਲ ਯੂਰੋਪ ਆਉਣ ਲਈ ਤਿਆਰ ਹੋ ਗਈ !ਇਥੇ ਆ ਗੈਸ ਬਾਰ ਅਤੇ ਇੱਕ ਦੋ ਮੋਟਲ ਸ਼ੋਟਲ ਖਰੀਦ ਲਏ ! ਕਾਰੋਬਾਰ ਚੋਖਾ ਫੈਲ ਗਿਆ ਤੇ ਏਨੇ ਨੂੰ ਓਧਰੋਂ ਇੰਡੀਆਂ ਤੋਂ ਨਵੀਂ ਵਿਆਹੀ ਵੀ ਜ਼ੋਰ ਪਾਉਣ ਲੱਗੀ ਕੇ ਹੁਣ ਮੈਨੂੰ ਵੀ ਆਪਣੇ ਕੋਲ ਸੱਦ !

ਇੱਕ ਮਿਆਨ ਵਿਚ ਦੋ ਤਲਵਾਰਾਂ ਵਾਲੀ ਗੱਲ ਹੋ ਗਈ ਇੱਕ ਦਿਨ ਨਾਲਦੀ ਨੂੰ ਘੁੰਮਣ ਫਿਰਾਉਣ ਦੇ ਬਹਾਨੇ ਦੂਰ ਦੁਰਾਡੇ ਉਜਾੜ ਬੀਆਬਾਨ ਖੜ ਉੱਚੀ ਜਗਾ ਤੋਂ ਧੱਕਾ ਦੇ ਦਿੱਤਾ ! ਪੁਲਸ ਨੇ ਕੁਝ ਚਿਰ ਮਗਰੋਂ ਹਾਦਸਾ ਮੰਨ ਕੇਸ ਬੰਦ ਦਿੱਤਾ ! ਸਾਰੀ ਜਾਇਦਾਤ ਮੇਰੇ ਨਾਂਓਂ ਲੱਗ ਗਈ ! ਚਾਰੇ ਪਾਸੇ ਇੱਕ ਵਾਰ ਤੇ ਧੁੰਮਾ ਪੈ ਗਈਆਂ ਅਤੇ ਬੱਲੇ ਬੱਲੇ ਹੋ ਗਈ ਕੇ ਬੰਦੇ ਨੇ ਪਤਾ ਨੀ ਕੀ ਚੱਕਰ ਚਲਾਇਆ ਕੁਝ ਸਾਲਾਂ ਵਿਚ ਹੀ ਐਡਾ ਵੱਡਾ ਸਿਲਸਿਲਾ ਖੜਾ ਕਰ ਦਿੱਤਾ !

ਪਰ ਹੁਣ ਦੱਸਦਾ ਪਿਛਲੇ ਕੁਝ ਅਰਸੇ ਤੋਂ ਰਾਤ ਸੁੱਤੇ ਪਏ ਦੀ ਛਾਤੀ ਤੇ ਦਬਾਓ ਜਿਹਾ ਪੈਂਦਾ ਤੇ ਕੋਈ ਕੰਨਾਂ ਕੋਲ ਮੂੰਹ ਕਰ ਉਚੀ ਉੱਚੀ ਪੁੱਛਦਾ ਕੇ ਜਦੋਂ ਸਾਰਾ ਕੁਝ ਤੇਰਾ ਹੀ ਸੀ ਫੇਰ ਤੂੰ ਇੰਜ ਕਿਓਂ ਕੀਤਾ ?
ਨੀਂਦ ਦੀਆ ਗੋਲੀਆਂ ਵੀ ਅਸਰ ਕਰਨਾ ਬੰਦ ਕਰ ਦਿੱਤਾ ! ਡਾਕਟਰਾਂ ਵੀ ਹੱਥ ਖੜੇ ਕਰ ਦਿੱਤੇ ! ਗੁਰੂ ਘਰ ਵੀ ਲੱਖ ਵਾਰ ਅਰਦਾਸਾਂ ਕਰਵਾ ਕੇ ਦੇਖ ਲਈਆਂ ਕੋਈ ਫਰਕ ਨੀ ਪਿਆ ! ਇਸ ਸਾਰੇ ਚੱਕਰ ਵਿਚ ਕੁਝ ਅਰਸੇ ਵਿਚ ਹੀ ਸੁੱਕ ਕੇ ਤੀਲਾ ਹੋ ਗਿਆ !
ਕਹਿੰਦਾ ਅਸਲ ਵਿਚ ਬੜੀ ਤਕੜੀ ਗਲਤੀ ਹੋ ਗਈ ..ਮੈਨੂੰ ਉਹ ਕੰਮ ਨਹੀਂ ਸੀ ਕਰਨਾ ਚਾਹੀਦਾ ! ਕਦੀ ਕਦੀ ਦੋ ਘੁੱਟ ਲਾ ਇਹ ਵੀ ਆਖ ਦਿੰਦਾ ਕੇ

“ਹੁਣ ਥੋੜੀ ਥੋੜੀ ਸਮਝ ਆਉਣ ਲੱਗੀ ਕੇ ਦੁਨਿਆਵੀ ਅਦਾਲਤਾਂ ਥੋਂਨੂੰ ਸ਼ੱਕ ਦੀ ਬਿਨਾ ਤੇ ਭਾਵੇਂ ਸੌ ਵਾਰ ਬਰੀ ਕਰ ਦੇਣ ਪਰ ਉੱਪਰ ਵਾਲੀ ਅਦਾਲਤ ਵਾਲਾ ਵਹੀ ਖਾਤਾ ਓਨੀ ਦੇਰ ਖੁੱਲ੍ਹਾ ਰਹਿੰਦਾ ਜਿੰਨੀ ਦੇਰ ਤੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨੀ ਹੋ ਜਾਂਦਾ “!
Sikh Website Dedicated Website For Sikh In World
				