ਗੁਰੂ ਗ੍ਰੰਥ ਸਹਿਬ `ਤੇ ਭਰੋਸਾ ਰੱਖਣ ਵਾਲਾ ਕਦੇ ਕਿਸੇ ਹੋਰ ਰਚਨਾ ਦਾ ਗੁਰੂ ਦੇ ਬਰਾਬਰ ਪ੍ਰਕਾਸ਼ ਨਹੀਂ ਕਰੇਗਾ।
ਮਨੁੱਖ ਦੇ ਸੁਭਾਅ ਵਿੱਚ ਇੱਕ ਚਾਹਨਾ ਬਣੀ ਰਹਿੰਦੀ ਹੈ ਕਿ ਮੈਂ ਪੂਰੇ ਰੱਬ ਜੀ ਦੇ ਦਰਸ਼ਨ ਕਰਾਂ। ਜੇ ਮੈਂ ਆਪ ਰੱਬ ਜੀ ਨੂੰ ਦੇਖ ਨਹੀਂ ਸਕਦਾ ਤਾਂ ਘੱਟੋ ਘੱਟ ਉਸ ਸ਼ਖ਼ਸ਼ ਨੂੰ ਮਿਲਿਆ ਜਾਏ ਜਿਸ ਨੇ ਰੱਬ ਨੂੰ ਸਰੀਰਕ ਤਲ਼ `ਤੇ ਦੇਖਿਆ ਹੋਵੇ ਤੇ ਮੈਨੂੰ ਦਿਖਾਲ ਸਕਦਾ ਹੋਵੇ। ਆਮ ਮਨੁੱਖ ਦੀ ਇਹ ਇੱਕ ਅਜੇਹੀ ਕਮਜ਼ੋਰੀ ਸੀ, ਜਿਸ ਦਾ ਨਾਮ ਧਰੀਕ ਚਲਾਕ ਬਿਰਤੀ ਵਾਲੇ ਪੁਜਾਰੀਆਂ ਤਥਾ ਸਾਧਾਂ ਸੰਤਾਂ ਨੇ ਭਰਪੂਰ ਫ਼ਾਇਦਾ ਉਠਾਇਆ। ਵਿਚਾਰੇ ਲੋਕਾਂ ਨੂੰ ਰੱਬ ਤਾਂ ਨਾ ਲੱਭਿਆ ਪਰ ਜੁਗਤੀਆਂ ਦੱਸਣ ਵਾਲੇ ਇਹ ਪਖੰਡੀ ਲੋਕ ਜ਼ਰੂਰ ਮਾਲਾ ਮਾਲ ਹੋ ਗਏ।
ਗੁਰੂ ਨਾਨਕ ਸਾਹਿਬ ਜੀ ਨੇ ਰੱਬ ਪ੍ਰਤੀ ਜੋ ਖ਼ਿਆਲ ਦਿੱਤੇ ਹਨ ਉਹ ਦੁਨੀਆਂ ਨਾਲੋਂ ਨਿਵੇਕਲੇ ਹਨ। ਰੱਬ ਸਾਡੇ ਨਾਲੋਂ ਵੱਖਰਾ ਨਹੀਂ ਹੈ। ਸਿਰਫ਼ ਉਸ ਦੇ ਨਾਮ ਦਾ ਅਭਿਆਸ ਕਰਨ ਦੀ ਜ਼ਰੂਰਤ ਹੈ। ਇਸ ਅਭਿਆਸ ਦਾ ਨਾਂ ਹੈ ਅਮਲੀ ਜੀਵਨ। ਅਸੀਂ ਅਮਲੀ ਜੀਵਨ ਦੀ ਥਾਂ `ਤੇ ਕਈ ਪਰਕਾਰ ਦੇ ਅਭਿਆਸਾਂ ਵਿੱਚ ਜੁੱਟ ਗਏ ਹਾਂ। ਜਿਸ ਦਾ ਅਸਰ ਇਹ ਹੋਇਆ ਹੈ, ਕਿ ਜੀਵਨ ਵਿਚੋਂ ਸਦਾਚਾਰਕ ਵਰਗੀਆਂ ਸਚਾਈਆਂ ਦੀ ਥਾਂ `ਤੇ ਨਿਤ ਨਵੇਂ ਕਰਮ ਕਾਂਡਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ। ਕੀ ਰਾਜਨੀਤਕ ਨੇਤਾ ਜਨ, ਕੀ ਧਾਰਮਕ ਪੁਜਾਰੀ, ਕੀ ਹਰੇਕ ਕਿਸਮ ਦਾ ਸਰਕਾਰੀ ਅਰਧ-ਸਰਕਾਰੀ ਮੁਲਾਜ਼ਮ ਤੇ ਆਮ ਜੰਤਾਂ ਵਿਚੋਂ ਸਬਰ ਤੇ ਸੰਤੋਖ ਵਰਗੇ ਕੁਦਰਤੀ ਗੁਣਾਂ ਦੀ ਘਾਟ ਹੀ ਨਜ਼ਰ ਆਉਂਦੀ ਹੈ।
ਭਰੋਸਾ ਤੇ ਸਤੋਖ ਆਪਸ ਵਿੱਚ ਦੋ ਸਕੇ ਭਰਾ ਹਨ ਤੇ ਇਕੋ ਹੀ ਸਿੱਕੇ ਦੋ ਪਹਿਲੂ ਹਨ। ਜੇ ਡੂੰਘਾਈ ਨਾਲ ਦੇਖਿਆ ਜਾਏ ਤਾਂ ਇਹਨਾਂ ਦੋ ਥੰਮ੍ਹਾਂ `ਤੇ ਸਿੱਖ ਸਿਧਾਂਤ ਦੀ ਨੀਂਹ ਰੱਖੀ ਹੈ। ਸਿੱਖ ਦਾ ਇੱਕ ਤਾਂ ਗੁਰੂ ਤੇ ਭਰੋਸਾ ਹੈ ਦੂਸਰਾ ਸੰਤੋਖ ਨਾਲ ਜ਼ਿਉਂਦਾ ਹੈ। ਏਹੀ ਕਾਰਨ ਹੈ ਕਿ ਕੋਈ ਜ਼ੁਲਮ ਇਸ ਨੂੰ ਝੁਕਾਅ ਨਹੀਂ ਸਕਿਆ ਤੇ ਸਮੇਂ ਦੀਆਂ ਸਰਕਾਰਾਂ ਇਸ ਨੂੰ ਖਰੀਦ ਵੀ ਨਾ ਸਕੀਆਂ। ਕਈ ਲਿਖਾਰੀਆਂ ਨੇ ਅੱਖੀਂ ਦੇਖੀਆਂ ਘਟਨਾਵਾਂ ਨੂੰ ਕਲਮ ਬੰਦ ਵੀ ਕੀਤਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਅੱਖੀ ਦੇਖੀ ਘਟਨਾ ਨੂੰ ਖ਼ਾਫੀ ਖ਼ਾਂ ਨੇ ਲਿਖਿਆ ਹੈ ਕਿ ਇੱਕ ਉਹ ਨੌਜਵਾਨ ਜਿਸ ਦੇ ਵਿਆਹ ਹੋਏ ਨੂੰ ਅਜੇ ਕੁੱਝ ਹੀ ਦਿਨ ਹੋਏ ਸਨ। ਉਸ ਦੀ ਮਾਂ ਨੇ ਕਿਸੇ ਨਾ ਕਿਸੇ ਤਰੀਕੇ ਰਾਂਹੀ ਆਪਣੇ ਬੱਚੇ ਦੀ ਰਿਹਾਈ ਦੇ ਆਰਡਰ ਕਰਾ ਲਏ। ਜਦ ਬੱਚੇ ਨੂੰ ਪਤਾ ਲੱਗਿਆ ਕਿ ਮੇਰੀ ਰਿਹਾਈ ਦੇ ਆਰਡਰ ਹੋ ਗਏ ਹਨ ਤਾਂ ਉਸ ਬੱਚੇ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ, ਕਿ ਮੇਰਾ ਭੋਰਸਾ ਕੇਵਲ ਗੁਰੂ `ਤੇ ਹੈ। ਬਾਕੀ ਮੈਨੂੰ ਕੋਈ ਲਾਲਚ ਨਹੀਂ ਹੈ।
ਮੈਂ ਵੀ ਆਪਣੇ ਵੀਰਾਂ ਤੇ ਬਜ਼ਰੁਗਾਂ ਵਾਂਗ ਸ਼ਹਾਦਤ ਦਾ ਜਾਮ ਪੀਣਾ ਹੈ। ਭਰੋਸਾ ਤੇ ਸੰਤੋਖ ਬੱਚੇ ਦੇ ਜੀਵਨ ਵਿਚੋਂ ਡੁਲ੍ਹ ਡੁਲ੍ਹ ਪੈਂਦਾ ਸੀ। ਜੇ ਸੰਤੋਖ ਹੀ ਸੀ ਤਾਂ ਬੱਚੇ ਉੱਤੇ ਲਾਲਚ ਅਸਰ ਨਹੀਂ ਕਰ ਸਕਿਆ। ਸਰਕਾਰੀ ਸਹੂਲਤਾਂ ਬੱਚੇ ਨੂੰ ਖਰੀਦ ਨਾ ਸਕੀਆਂ।
ਹੁਣ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਲੋਕ ਨੂੰ ਦੇਖਦੇ ਹਾਂ ਜਿਸ ਵਿੱਚ ਉੇਹਨਾਂ ਨੇ ਭਰੋਸੇ ਤੇ ਸੰਤੋਖ ਦੀ ਗੱਲ ਕੀਤੀ ਹੈ—
ਸਿਦਕੁ ਸਬੂਰੀ ਸਾਦਿਕਾ, ਸਬਰੁ ਤੋਸਾ ਮਲਾਇਕਾਂ।।
ਦੀਦਾਰੁ ਪੂਰੇ ਪਾਇਸਾ, ਥਾਉ ਨਾਹੀ ਖਾਇਕਾ।। ੨।।
ਸਲੋਕ ਮ: ੧ ਪੰਨਾ ੮੩