ਨਵੀਂ ਦਿੱਲੀ: ਨਿੱਤ ਦਿਨ ਮਰਦੀ ਜਾਂਦੀ ਇਨਸਾਨੀਅਤ ਦਾ ਇੱਕ ਉਦਾਹਰਨ ਸਾਹਮਣੇ ਆਇਆ ਹੈ। ਘਟਨਾ ਬੀਤੇ ਸ਼ਨੀਵਾਰ ਦੀ ਹੈ ਜਦੋਂ ਦਿੱਲੀ ਦੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ ‘ਤੇ ਸਿੱਖ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਾ ਲਈ। ਸਟੇਸ਼ਨ ‘ਤੇ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਸਮੇਤ ਹੋਰ ਵੀ ਅਨੇਕਾਂ ਲੋਕ ਹਾਜ਼ਰ ਸਨ ਪਰ ਕਿਸੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਇਸ ਦੁਰਘਟਨਾ ਨੂੰ ਆਪਣੇ ਮੋਬਾਈਲਾਂ ਵਿੱਚ ਕੈਦ ਕਰਨ ਵਿੱਚ ਰੁੱਝ ਗਏ।

ਬੀਤੇ ਸ਼ਨੀਵਾਰ ਨੂੰ ਸ਼ਾਮ ਤਕਰੀਬਨ 6 ਵਜੇ ਇੱਕ ਅਣਪਛਾਤਾ ਪਗੜੀਧਾਰੀ ਸਿੱਖ ਨੌਜਵਾਨ ਖ਼ੁਦ ਨੂੰ ਅੱਗ ਲਾਉਣ ਤੋਂ ਬਾਅਦ ਰੇਲਵੇ ਲਾਈਨ ਕੋਲ਼ ਪਿਆ 10 ਮਿੰਟ ਤਕ ਤੜਫਦਾ ਰਿਹਾ ਤੇ ਚੀਕਦਾ ਰਿਹਾ, ਪਰ ਕਿਸੇ ਨੇ ਉਸ ਨੂੰ ਰਾਹਤ ਦੇਣ ਲਈ ਕੁਝ ਨਾ ਕੀਤਾ। ਇਹ ਘਟਨਾ ਸ਼ਕੂਰ ਬਸਤੀ ਰੇਲਵੇ ਸਟੇਸ਼ਨ ਕੋਲ ਵਾਪਰੀ। ਇਸ ਤੋਂ ਬਾਅਦ ਦਿੱਲੀ ਪੁਲਿਸ ਤੇ ਰੇਲਵੇ ਪੁਲਿਸ ਵਿਚਕਾਰ ਵਿਵਾਦ ਛਿੜ ਗਿਆ ਕਿ ਕਿਸ ਦੇ ਅਧਿਕਾਰ ਖੇਤਰ ਹੇਠ ਇਹ ਮਾਮਲਾ ਆਉਂਦਾ ਹੈ।

ਉੱਤਰ-ਪੱਛਮੀ ਦਿੱਲੀ ਦੇ ਉਪ ਪੁਲਿਸ ਕਮਿਸ਼ਨਰ ਅਸਲਮ ਖ਼ਾਨ ਦਾ ਕਹਿਣਾ ਹੈ ਕਿ ਘਟਨਾ ਰੇਲਵੇ ਪਟੜੀਆਂ ‘ਤੇ ਵਾਪਰੀ ਹੈ ਤਾਂ ਇਸ ਕਰਕੇ ਮਾਮਲਾ ਜੀ.ਆਰ.ਪੀ. ਦਾ ਬਣਦਾ ਹੈ। ਉਨ੍ਹਾਂ ਦੇ ਉਲਟ ਡੀ.ਸੀ.ਪੀ. ਰੇਲਵੇ ਪਰਵੇਜ਼ ਅਹਿਮਦ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਨੂੰ ਰੇਲਵੇ ਲਾਈਨਾਂ ਤੋਂ ਬਰਾਮਦ ਨਹੀਂ ਕੀਤਾ ਗਿਆ ਤਾਂ ਕਰਕੇ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।

ਹਾਲਾਂਕਿ, ਸੜ ਚੁੱਕੇ ਨੌਜਵਾਨ ਨੂੰ ਜੀ.ਆਰ.ਪੀ. ਨੇ ਹੀ ਮੁਰਦਾਘਰ ਪਹੁੰਚਾਇਆ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਤਕ ਲਾਸ਼ ਦੀ ਸ਼ਨਾਖ਼ਤ ਨਹੀਂ ਕੀਤੀ ਗਈ ਹੈ ਤੇ ਨਾ ਹੀ ਨੌਜਵਾਨ ਦਾ ਕੋਈ ਵਾਰਿਸ ਸਾਹਮਣੇ ਆਇਆ ਹੈ।
Sikh Website Dedicated Website For Sikh In World
				